APPLE ਦੇ ਸ਼ੌਕੀਨਾਂ ਲਈ ਬੁਰੀ ਖ਼ਬਰ, ਬੰਦ ਹੋ ਸਕਦੇ ਹਨ ਇਹ ਆਈਫੋਨਜ਼
Tuesday, Aug 25, 2020 - 10:17 PM (IST)

ਨਵੀਂ ਦਿੱਲੀ— ਐਪਲ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ ਹੈ, ਤੁਹਾਡੇ ਪਸੰਦੀਦਾ ਫੋਨ ਕੰਪਨੀ ਬੰਦ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਅਕਤੂਬਰ 'ਚ ਆਈਫੋਨ 12 ਸੀਰੀਜ਼ ਦੀ ਘੋਸ਼ਣਾ ਕਰ ਸਕਦੀ ਹੈ ਅਤੇ ਇਕ ਨਵੀਂ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਆਈਫੋਨ ਲਾਂਚ ਹੋਣ 'ਤੇ ਕੰਪਨੀ ਪੁਰਾਣੇ ਮਾਡਲਾਂ ਨੂੰ ਬੰਦ ਕਰ ਦੇਵੇਗੀ।
iPhone 12 ਦੀ ਲਾਂਚਿੰਗ ਤੋਂ ਬਾਅਦ ਆਈਫੋਨ XR ਨੂੰ ਬੰਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਨੂੰ ਵੀ ਬੰਦ ਕੀਤਾ ਜਾ ਸਕਦਾ ਹੈ।
iAppleTimes ਦੀ ਰਿਪੋਰਟ ਦਾ ਕਹਿਣਾ ਹੈ ਕਿ ਕੰਪਨੀ ਨਵੀਂ ਲਾਂਚਿੰਗ ਪਿੱਛੋਂ ਆਈਫੋਨ XR ਦੀ ਕੀਮਤ ਘੱਟ ਕਰਨ ਦੀ ਬਜਾਏ ਆਈਫੋਨ ਐੱਸ. ਈ. 2020 ਦੀ ਵਿਕਰੀ 'ਤੇ ਜ਼ਿਆਦਾ ਜ਼ੋਰ ਦੇ ਸਕਦੀ ਹੈ। ਕੰਪਨੀ ਆਈਫੋਨ ਐੱਸ. ਈ. 2020 ਨੂੰ ਆਈਫੋਨ XR ਦਾ ਬਿਹਤਰ ਬਦਲ ਬਣਾ ਸਕਦੀ ਹੈ।
ਗੌਰਤਲਬ ਹੈ ਕਿ ਆਈਫੋਨ XR ਵੀ ਆਈਫੋਨ 11 ਦੀ ਤਰ੍ਹਾਂ ਵਿਕਣ ਵਾਲਾ ਮਾਡਲ ਰਿਹਾ ਹੈ। ਹਾਲਾਂਕਿ, ਐਪਲ ਆਈਫੋਨ 11 ਨੂੰ ਬੰਦ ਨਹੀਂ ਕਰੇਗੀ ਕਿਉਂਕਿ ਇਸ ਫੋਨ ਨੇ ਹੁਣ ਤੱਕ ਕਈ ਰਿਕਾਰਡ ਤੋੜੇ ਹਨ ਅਤੇ ਇਸ ਦੀ ਕੀਮਤ ਘਟਾਈ ਜਾ ਸਕਦੀ ਹੈ। ਪਿਛਲੇ ਸਾਲ ਵੀ ਐਪਲ ਨੇ 11 ਸੀਰੀਜ਼ ਲਾਂਚ ਹੋਣ ਤੋਂ ਬਾਅਦ ਆਈਫੋਨ XS ਅਤੇ ਆਈਫੋਨ XS ਮੈਕਸ ਫੋਨ ਬੰਦ ਕਰ ਦਿੱਤੇ ਸਨ।