Apple ਚੁੱਕਣ ਜਾ ਰਿਹੈ ਇਹ ਕਦਮ, ਆਨਲਾਈਨ ਡਿਸਕਾਊਂਟ ਹੋ ਸਕਦੈ ਖਤਮ!
Sunday, Nov 11, 2018 - 03:04 PM (IST)
ਨਵੀਂ ਦਿੱਲੀ— ਭਾਰਤ 'ਚ ਐਪਲ ਜਲਦ ਹੀ ਐਮਾਜ਼ੋਨ ਦੀ ਵੈੱਬਸਾਈਟ 'ਤੇ ਆਈਫੋਨ, ਆਈਪੈਡ, ਐਪਲ ਵਾਚ ਸਿੱਧੇ ਵੇਚਣਾ ਸ਼ੁਰੂ ਕਰਨ ਜਾ ਰਿਹਾ ਹੈ। ਦੋਹਾਂ ਤਕਨਾਲੋਜੀ ਦਿੱਗਜਾਂ ਨੇ ਇਸ ਲਈ ਇਕ ਸਮਝੌਤਾ ਕੀਤਾ ਹੈ। ਇਸ ਦੇ ਨਾਲ ਹੀ ਐਮਾਜ਼ੋਨ ਥਰਡ ਪਾਰਟੀ ਯਾਨੀ ਅਣ-ਅਧਿਕਾਰਤ ਆਈਫੋਨ ਵਿਕਰੇਤਾਵਾਂ ਨੂੰ ਆਪਣੀ ਵੈੱਬਸਾਈਟ ਤੋਂ ਹਟਾ ਦੇਵੇਗਾ। ਮਾਹਰਾਂ ਦਾ ਮੰਨਣਾ ਹੈ ਕਿ ਐਮਾਜ਼ੋਨ ਵੱਲੋਂ ਆਈਫੋਨ ਦੇ ਥਰਡ ਪਾਰਟੀ ਵਿਕਰੇਤਾਵਾਂ ਨੂੰ ਹਟਾਉਣ ਨਾਲ ਇਨ੍ਹਾਂ ਪ੍ਰਾਡਕਟਸ ਦੀਆਂ ਕੀਮਤਾਂ ਆਨਲਾਈਨ ਅਤੇ ਆਫਲਾਈਨ ਲਗਭਗ ਇਕੋ-ਜਿਹੀਆਂ ਰਹਿ ਸਕਦੀਆਂ ਹਨ, ਯਾਨੀ ਕਿ ਆਨਲਾਈਨ ਡਿਸਕਾਊਂਟ ਖਤਮ ਹੋ ਸਕਦਾ ਹੈ। ਹਾਲਾਂਕਿ ਇਸ ਨਾਲ ਐਮਾਜ਼ੋਨ 'ਤੇ ਵੀ ਕੁਝ ਦਬਾਅ ਪੈ ਸਕਦਾ ਹੈ, ਜੋ ਕਿ ਗਾਹਕਾਂ ਨੂੰ ਘੱਟ ਕੀਮਤਾਂ 'ਤੇ ਪ੍ਰਾਡਕਟ ਪੇਸ਼ ਕਰਕੇ ਵਿਰੋਧੀਆਂ ਦੀ ਬਾਜ਼ਾਰ ਹਿੱਸੇਦਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਉੱਥੇ ਹੀ ਐਪਲ ਦਾ ਕਹਿਣਾ ਹੈ ਕਿ ਉਹ ਐਮਾਜ਼ਾਨ ਨਾਲ ਮਿਲ ਕੇ ਆਪਣੀ ਸਾਈਟ 'ਤੇ ਐਪਲ ਗਾਹਕਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ। ਇਸ ਨਾਲ ਗਾਹਕਾਂ ਨੂੰ ਆਈਫੋਨ, ਆਈਪੈਡ, ਐਪਲ ਵਾਚ, ਮੈਕ ਅਤੇ ਹੋਰ ਪ੍ਰਾਡਕਟਸ ਖਰੀਦਣ ਦਾ ਇਕ ਹੋਰ ਤਰੀਕਾ ਮਿਲੇਗਾ।
ਦੂਜੇ ਕੌਮਾਂਤਰੀ ਬਾਜ਼ਾਰਾਂ 'ਚ ਸ਼ਾਇਦ ਐਮਾਜ਼ੋਨ ਆਪਣੀ ਵੈੱਬਸਾਈਟ 'ਤੇ ਐਪਲ ਦੇ ਪ੍ਰਾਡਕਟਸ ਸਿੱਧੇ ਲਿਜਾ ਸਕਦਾ ਹੈ। ਹਾਲਾਂਕਿ ਭਾਰਤ 'ਚ ਨਿਯਮਾਂ ਮੁਤਾਬਕ ਉਹ ਅਜਿਹਾ ਨਹੀਂ ਕਰ ਸਕਦਾ। ਇਸ ਲਈ ਸਿਰਫ ਐਪਲ-ਅਧਿਕਾਰਤ ਵਿਕਰੇਤਾਵਾਂ ਨੂੰ ਹੀ ਐਮਾਜ਼ੋਨ 'ਤੇ ਆਈਪੈਡ, ਆਈਫੋਨ ਅਤੇ ਹੋਰ ਪ੍ਰਾਡਕਟਸ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਭਾਰਤ 'ਚ ਰਿਲਾਇੰਸ ਡਿਜੀਟਲ, ਕਰੋਮਾ ਅਤੇ ਸੰਗੀਥਾ ਐਪਲ ਦੇ ਪ੍ਰਮਾਣਿਤ ਵਿਕਰੇਤਾ ਹਨ, ਜੋ ਕਿ ਜ਼ਿਆਦਾਤਰ ਆਫਲਾਈਨ ਫੋਨ ਵੇਚਦੇ ਹਨ। ਇਨਫੀਬੀਮ ਭਾਰਤ 'ਚ ਹੁਣ ਤਕ ਉਸ ਦਾ ਇਕ ਮਾਤਰ ਆਨਲਾਈਨ ਰੀਸੇਲਰ ਹੈ।
