ਐਪਲ ਦੇ CEO ਪਹਿਲੀ ਵਾਰ ਬਣੇ ਅਰਬਪਤੀ

Wednesday, Aug 12, 2020 - 01:48 AM (IST)

ਐਪਲ ਦੇ CEO ਪਹਿਲੀ ਵਾਰ ਬਣੇ ਅਰਬਪਤੀ

ਨਵੀਂ ਦਿੱਲੀ (ਅਨਸ)–ਐਪਲ ਦੇ ਸੀ. ਈ. ਓ. ਟਿਮ ਕੁਕ ਨੇ ਅਰਬਪਤੀਆਂ ਦੀ ਸੂਚੀ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਕੂਪਟੀਰਨੋ ਸਥਿਤ ਇਹ ਆਈਫੋਨ ਨਿਰਮਾਣ ਕੰਪਨੀ ਪਿਛਲੇ ਸਾਰੇ ਰਿਕਾਰਡ ਨੂੰ ਤੋੜਦੇ ਹੋਏ 1,84,000 ਕਰੋੜ ਡਾਲਰ ਦੀ ਪੂੰਜੀ ਨਾਲ ਹੁਣ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ। ਕੁਕ ਦੀ ਕੁਲ ਜਾਇਦਾਦ ਹੁਣ 100 ਕਰੋੜ ਡਾਲਰ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ, ਜਿਸ ਨਾਲ ਹੁਣ ਉਹ ਵੀ ਅਧਿਕਾਰਿਕ ਰੂਪ ਨਾਲ ਅਰਬਪਤੀਆਂ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ।

ਹਾਲਾਂਕਿ ਐਮਾਜ਼ੋਨ ਦੇ ਸੀ. ਈ. ਓ. ਜੇਫ ਬੇਜੋਸ (18,700 ਕਰੋੜ ਡਾਲਰ), ਮਾਈਕ੍ਰੋਸਾਫਟ ਦੇ ਸਾਬਕਾ ਸੀ. ਈ. ਓ. ਬਿਲ ਗੇਟਸ (12,100 ਕਰੋੜ ਡਾਲਰ) ਅਤੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ੁਕਰਬਰਗ (10,200 ਕਰੋੜ ਡਾਲਰ) ਵਰਗੇ ਬਲੂਮਬਰਗ ਅਰਬਪਤੀ ਦੀ ਦੌੜ 'ਚ ਸ਼ਾਮਲ ਹੋਣ ਲਈ ਕੁਕ ਨੂੰ ਹਾਲੇ ਲੰਮਾ ਸਫਰ ਤੈਅ ਕਰਨਾ ਹੈ।

ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ ਕੁਕ ਸਿੱਧੇ 8,47,969 ਸ਼ੇਅਰਾਂ ਦੇ ਮਾਲਕ ਹਨ ਅਤੇ ਪਿਛਲੇ ਸਾਲ ਆਪਣੀ ਤਨਖਾਹ ਦੇ ਹਿੱਸੇ ਦੇ ਰੂਪ 'ਚ ਉਹ 12.5 ਕਰੋੜ ਡਾਲਰ ਦੀ ਰਾਸ਼ੀ ਆਪਣੇ ਨਾਲ ਘਰ ਲੈ ਗਏ ਹਨ। ਐਪਲ ਹੁਣ 2,00,000 ਕਰੋੜ ਡਾਲਰ ਦੀ ਕੀਮਤ ਨਾਲ ਪਹਿਲੀ ਕੰਪਨੀ ਬਣਨ ਦੇ ਮੀਲ ਦੇ ਪੱਥਰ ਦੇ ਕਾਫੀ ਕਰੀਬ ਹਨ। ਪਿਛਲੇ ਹਫਤੇ ਐਪਲ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ।


author

Karan Kumar

Content Editor

Related News