ਦੀਵਾਲੀ ਤੋਂ ਪਹਿਲਾਂ ਰੋਜ਼ਗਾਰ ਵਧਾਉਣ ਲਈ ਐਲਾਨ ਹੋਵੇਗਾ ਰਾਹਤ ਪੈਕੇਜ!

Wednesday, Nov 11, 2020 - 06:35 PM (IST)

ਦੀਵਾਲੀ ਤੋਂ ਪਹਿਲਾਂ ਰੋਜ਼ਗਾਰ ਵਧਾਉਣ ਲਈ ਐਲਾਨ ਹੋਵੇਗਾ ਰਾਹਤ ਪੈਕੇਜ!

ਨਵੀਂ ਦਿੱਲੀ— ਸਰਕਾਰ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫ਼ਾ ਦੇ ਸਕਦੀ ਹੈ। ਇਕ ਹੋਰ ਰਾਹਤ ਪੈਕੇਜ ਦਾ ਇਕ-ਦੋ ਦਿਨ 'ਚ ਐਲਾਨ ਹੋ ਸਕਦਾ ਹੈ।

ਖ਼ਬਰਾਂ ਹਨ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਹੀ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਮੁਤਾਬਕ, ਇਸ ਵਾਰ ਰਾਹਤ ਪੈਕੇਜ 'ਚ ਦੋ ਮੁੱਦਿਆਂ 'ਤੇ ਖ਼ਾਸ ਜ਼ੋਰ ਰਹਿਣ ਵਾਲਾ ਹੈ।

ਪਹਿਲਾ ਮੁੱਦਾ ਰੋਜ਼ਗਾਰ ਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਕਿਵੇਂ ਦਿੱਤਾ ਜਾ ਸਕਦਾ ਹੈ। ਇਸ ਲਈ ਸਰਕਾਰ ਪੀ. ਐੱਫ. (ਪ੍ਰੋਵੀਡੈਂਟ ਫੰਡ) ਜ਼ਰੀਏ 10 ਫੀਸਦੀ ਸਬਸਿਡੀ ਦੇਣ ਦਾ ਐਲਾਨ ਕਰ ਸਕਦੀ ਹੈ, ਯਾਨੀ ਜੋ ਨਵੇਂ ਕਰਮਚਾਰੀ ਭਰਤੀ ਕੀਤੇ ਜਾਣਗੇ ਉਨ੍ਹਾਂ ਦੇ ਪੀ. ਐੱਫ. ਦਾ 10 ਫ਼ੀਸਦੀ ਸਰਕਾਰ ਦੇ ਸਕਦੀ ਹੈ ਅਤੇ ਕਰਮਚਾਰੀ ਲਈ ਜੋ ਨੌਕਰੀਦਾਤਾ ਦਾ ਯੋਗਦਾਨ ਹੁੰਦਾ ਹੈ ਉਸ 'ਚ ਵੀ 10 ਫੀਸਦੀ ਹਿੱਸਾ ਦਿੱਤਾ ਜਾ ਸਕਦਾ ਹੈ। ਇਸ ਨੂੰ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ ਤਹਿਤ ਨਵੇਂ ਰੂਪ 'ਚ ਪੇਸ਼ ਕੀਤਾ ਜਾ ਸਕਦਾ ਹੈ।

ਦੂਜੇ ਕਦਮ ਤਹਿਤ ਸਰਕਾਰ ਕੇ. ਵੀ. ਕਾਮਥ ਕਮੇਟੀ ਵੱਲੋਂ ਪਛਾਣੇ ਗਏ ਸਾਰੇ 26 ਦਬਾਅ ਅਤੇ ਪ੍ਰੇਸ਼ਾਨੀ ਤੋਂ ਲੰਘ ਰਹੇ ਖੇਤਰਾਂ ਲਈ ਐਮਰਜੈਂਸੀ ਕ੍ਰੈਡਿਟ ਦੀ ਵਿਵਸਥਾ ਕਰ ਸਕਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਲਈ ਵੱਖ-ਵੱਖ ਰਾਹਤਾਂ ਦੀ ਵੀ ਵਿਵਸਥਾ ਕੀਤੀ ਜਾ ਸਕਦੀ ਹੈ। ਗੌਰਤਲਬ ਹੈ ਕਿ ਬੁੱਧਵਾਰ ਨੂੰ ਮੰਤਰੀ ਮੰਡਲ ਨੇ 10 ਸੈਕਟਰਾਂ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵਸ (ਪੀ. ਐੱਲ. ਆਈ.) ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ 'ਚ ਫਾਰਮਾ, ਬੈਟਰੀ, ਫੂਡ ਪ੍ਰੋਡਕਟਸ ਅਤੇ ਵ੍ਹਾਈਟ ਗੁੱਡਜ਼ ਸ਼ਾਮਲ ਹਨ।


author

Sanjeev

Content Editor

Related News