PNB ਨਾਲ ਇਕ ਹੋਰ ਧੋਖਾ, ਹੁਣ ਜਗਦੀਸ਼ ਖੱਟਰ 'ਤੇ ਲੱਗਾ ਧੋਖਾਧੜੀ ਦਾ ਦੋਸ਼
Thursday, Dec 26, 2019 - 05:26 PM (IST)

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ (PNB) ਲਗਾਤਾਰ ਧੋਖਾਧੜੀ ਦਾ ਸ਼ਿਕਾਰ ਹੋ ਰਿਹਾ ਹੈ। ਸਾਲ 2018 ਤੋਂ ਲੈ ਕੇ ਹੁਣ ਤਕ ਬੈਂਕ 'ਚ ਤਿੰਨ ਵੱਡੀਆਂ ਧੋਖੇਧੜੀਆਂ ਦੇ ਕੇਸ ਸਾਹਮਣੇ ਆ ਚੁੱਕੇ ਹਨ। ਸਭ ਤੋਂ ਪਹਿਲਾਂ ਨੀਰਵ ਮੋਦੀ ਦਾ ਕੇਸ ਬੇਨਕਾਬ ਹੋਇਆ ਜਿਸ ਨੇ ਬੈਂਕ ਨੂੰ ਕਰੀਬ 14 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਇਆ। ਹੁਣ ਬਲੂਮਬਰਗ ਦੀ ਇਕ ਰਿਪੋਰਟ ਅਨੁਸਾਰ ਪੀ.ਐਨ.ਬੀ. ਨੇ ਅਕਤੂਬਰ ਮਹੀਨੇ ਵਿਚ ਜਗਦੀਸ਼ ਖੱਟਰ ਖਿਲਾਫ 110 ਕਰੋੜ ਰੁਪਏ ਦੀ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਜਗਦੀਸ਼ ਖੱਟਰ ਕਾਰਨੇਸ਼ਨ ਆਟੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਹਨ। ਇਹ ਇਕ ਵਾਹਨਾਂ ਦੀ ਮੁਰੰਮਤ ਕਰਨ ਵਾਲੀ ਕੰਪਨੀ ਹੈ।
PNB 'ਤੇ ਕਰਜ਼ੇ ਦਾ ਭਾਰੀ ਬੋਝ
ਪੰਜਾਬ ਨੈਸ਼ਨਲ ਬੈਂਕ 'ਤੇ ਕਰਜ਼ੇ ਦਾ ਭਾਰੀ ਬੋਝ ਹੈ ਅਤੇ ਇਹ ਆਪਣੇ ਹੁਣੇ ਤੱਕ ਦੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਿਹਾ ਹੈ। ਬੈਂਕ ਨੇ ਜੁਲਾਈ ਮਹੀਨੇ 'ਚ ਵੀ ਸ਼ਿਕਾਇਤ ਦਰਜ ਕਰਵਾਈ ਸੀ। ਤਾਜ਼ਾ ਸ਼ਿਕਾਇਤਾਂ 'ਚ ਕਿਹਾ ਗਿਆ ਹੈ ਕਿ ਮਾਰੂਤੀ ਸੁਜ਼ੂਕੀ ਦੇ ਸਾਬਕਾ ਡਾਇਰੈਕਟਰ ਜਗਦੀਸ਼ ਖੱਟਰ ਨੇ ਬੈਂਕ ਦੇ ਕੁਝ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਬੈਂਕ ਨੂੰ ਤਕੜਾ ਝਟਕਾ ਦਿੱਤਾ ਹੈ। ਖੱਟਰ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਬਾਰੇ ਦੱਸਿਆ ਕਿ ਕਾਰਨੇਸ਼ਨ ਇਕ ਬਿਜ਼ਨੈੱਸ ਫੇਲੀਅਰ ਸੀ। ਉਨ੍ਹਾਂ ਨੇ ਜਾਣਬੂਝ ਕੇ ਬੈਂਕ ਨੂੰ ਠੱਗਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਅਸੀਂ ਆਪਣੀ ਆਡਿਟ ਕਰ ਚੁੱਕੇ ਹਾਂ ਅਤੇ ਜਾਂਚ ਦੌਰਾਨ ਕੁਝ ਵੀ ਗਲਤ ਨਹੀਂ ਮਿਲਿਆ ਹੈ।
2012 ਤੋਂ ਖਾਤਾ ਬੈਡ ਲੋਨ ਕੈਟੇਗਰੀ 'ਚ
ਬੈਂਕ ਨੇ ਸ਼ਿਕਾਇਤ 'ਚ ਕਿਹਾ ਕਿ ਕਾਰਨੇਸ਼ਨ ਖਾਤਾ 30 ਜੂਨ 2012 ਤੋਂ ਬੈਡ ਲੋਨ ਕੈਟੇਗਰੀ 'ਚ ਹੈ। ਸਤੰਬਰ 'ਚ PNB ਦਾ ਬੈਡ ਲੋਨ ਰੇਸ਼ੋ ਵਧ ਕੇ 16.80 ਫੀਸਦੀ 'ਤੇ ਪਹੁੰਚ ਗਿਆ ਜਿਹੜਾ ਕਿ ਜੂਨ ਮਹੀਨੇ 'ਚ 16.50 ਫੀਸਦੀ ਸੀ। ਜਾਣਕਾਰੀ ਲਈ ਦੱਸ ਦਈਏ ਕਿ 2018 'ਚ ਮਹਿੰਦਰਾ ਐਂਡ ਮਹਿੰਦਰਾ ਨੇ ਕਾਰਨੇਸ਼ਨ ਦੇ ਐਸੇਟਸ ਨੂੰ ਖਰੀਦਿਆ ਸੀ।
ਜੁਲਾਈ 'ਚ 3800 ਕਰੋੜ ਫਰਾਡ ਦੀ ਸ਼ਿਕਾਇਤ
ਪੰਜਾਬ ਨੈਸ਼ਨਲ ਬੈਂਕ ਨੇ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ ਦੇ ਖਿਲਾਫ ਜੁਲਾਈ ਮਹੀਨੇ 'ਚ 3800 ਕਰੋੜ ਰੁਪਏ ਦੇ ਫਰਾਡ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਤੋਂ ਪਹਿਲਾਂ ਨੀਰਵ ਮੋਦੀ ਨੇ ਬੈਂਕ ਨਾਲ ਕਰੀਬ 14000 ਕਰੋੜ ਰੁਪਏ ਦਾ ਫਰਾਡ ਕੀਤਾ ਸੀ।