ਇਨਕਮ ਟੈਕਸ ਰਿਟਰਨ ''ਚ ਨਹੀਂ ਕੀਤਾ ਜ਼ਿਕਰ ਤਾਂ ਨਿਵੇਸ਼ ਹੋ ਜਾਵੇਗਾ ਬੇਨਾਮੀ
Sunday, Dec 10, 2017 - 12:36 AM (IST)

ਨਵੀਂ ਦਿੱਲੀ— ਜੇਕਰ ਕਿਸੇ ਨੇ ਬੈਂਕਾਂ 'ਚ ਜਮ੍ਹਾ ਰਾਸ਼ੀ ਜਾਂ ਨਿਵੇਸ਼ ਰਾਸ਼ੀ ਦਾ ਆਪਣੀ ਇਨਕਮ ਟੈਕਸ ਰਿਟਰਨ 'ਚ ਜ਼ਿਕਰ ਨਹੀਂ ਕੀਤਾ ਹੈ ਤਾਂ ਹੁਣ ਇਹ ਜਾਇਦਾਦ ਬੇਨਾਮੀ ਮੰਨੀ ਜਾਵੇਗੀ। ਇਨਕਮ ਟੈਕਸ ਡਿਪਾਰਟਮੈਂਟ ਨੇ ਅਜਿਹੇ ਮਾਮਲਿਆਂ 'ਚ ਸਖਤੀ ਦਿਖਾਉਂਦਿਆਂ ਜਾਂਚ ਬੇਨਾਮੀ ਜਾਇਦਾਦ ਦੇ ਨਜ਼ਰੀਏ ਨਾਲ ਸ਼ੁਰੂ ਕਰ ਦਿੱਤੀ ਹੈ। ਜੇਕਰ ਇਹ ਬੇਨਾਮੀ ਜਾਇਦਾਦ ਸਾਬਿਤ ਹੋਈ ਤਾਂ ਕਾਰਵਾਈ ਬੇਨਾਮੀ ਕਾਨੂੰਨ ਤਹਿਤ ਹੀ ਕੀਤੀ ਜਾਵੇਗੀ। ਹੁਣ ਤੱਕ ਅਜਿਹੇ ਮਾਮਲਿਆਂ ਨੂੰ ਟੈਕਸ ਚੋਰੀ ਦੇ ਮਾਮਲਿਆਂ ਦੇ ਘੇਰੇ 'ਚ ਲਿਆ ਕੇ ਜਾਂਚ ਕੀਤੀ ਜਾਂਦੀ ਸੀ। ਨਵੇਂ ਕਾਨੂੰਨ ਤਹਿਤ ਬੇਨਾਮੀ ਜਾਇਦਾਦ ਰੱਖਣ ਵਾਲਿਆਂ ਨੂੰ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ ਜਾਇਦਾਦ ਦੇ 10 ਫ਼ੀਸਦੀ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ। ਜੇਕਰ ਕੋਈ ਵਿਅਕਤੀ ਗਲਤ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ 5 ਸਾਲ ਦੀ ਕੈਦ ਹੋ ਸਕਦੀ ਹੈ। ਸੂਤਰਾਂ ਮੁਤਾਬਕ ਨੋਟਬੰਦੀ ਦੌਰਾਨ ਕਈ ਲੋਕਾਂ ਨੇ ਆਪਣੇ ਤੇ ਦੂਸਰਿਆਂ ਦੇ ਬੈਂਕ ਖਾਤਿਆਂ 'ਚ ਮੋਟੀ ਰਕਮ ਜਮ੍ਹਾ ਕਰਵਾਈ ਅਤੇ ਬਾਅਦ 'ਚ ਕੱਢ ਲਈ। ਇਸੇ ਤਰ੍ਹਾਂ ਨਿਵੇਸ਼ ਵੀ ਭਾਰੀ ਮਾਤਰਾ 'ਚ ਕੀਤਾ ਪਰ ਇਨ੍ਹਾਂ ਲੋਕਾਂ ਨੇ ਇਸ ਦਾ ਜ਼ਿਕਰ ਆਈ. ਟੀ. ਰਿਟਰਨ 'ਚ ਨਹੀਂ ਕੀਤਾ।
ਕੀ ਹੋਵੇਗੀ ਪ੍ਰਕਿਰਿਆ
ਇਨਕਮ ਟੈਕਸ ਡਿਪਾਰਟਮੈਂਟ ਨੇ ਅਜਿਹੇ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਨੇ ਬੈਂਕਾਂ 'ਚ ਜਮ੍ਹਾ ਰਾਸ਼ੀ ਜਾਂ ਨਿਵੇਸ਼ ਨੂੰ ਇਨਕਮ ਟੈਕਸ ਰਿਟਰਨ 'ਚ ਨਹੀਂ ਵਿਖਾਇਆ ਹੈ। ਇਸ 'ਚ ਲੋਕ ਅਤੇ ਕੰਪਨੀਆਂ ਦੋਵੇਂ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਸਭ ਤੋਂ ਪਹਿਲਾਂ ਇਸ ਗੱਲ ਦਾ ਸਬੂਤ ਮੰਗਿਆ ਜਾਵੇਗਾ ਕਿ ਉਨ੍ਹਾਂ ਨੇ ਬੈਂਕਾਂ 'ਚ ਜੋ ਪੈਸਾ ਜਮ੍ਹਾ ਕਰਵਾਇਆ ਅਤੇ ਨਿਵੇਸ਼ ਕੀਤਾ, ਉਹ ਉਨ੍ਹਾਂ ਦਾ ਹੀ ਹੈ। ਅਜਿਹਾ ਸਾਬਿਤ ਨਾ ਹੋਣ 'ਤੇ ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ।
ਖਾਸ ਰਣਨੀਤੀ
ਡਿਪਾਰਟਮੈਂਟ ਨੇ ਬੇਨਾਮੀ ਜਾਇਦਾਦ 'ਤੇ ਕਾਰਵਾਈ ਲਈ ਵਿਸ਼ੇਸ਼ ਵਿੱਤੀ ਲੈਣ-ਦੇਣ (ਐੱਸ. ਐੱਫ. ਟੀ.) ਦਾ ਘੇਰਾ ਵਧਾ ਦਿੱਤਾ ਹੈ। ਬੇਨਾਮੀ ਜਾਇਦਾਦ ਦਾ ਪਤਾ ਲਾਉਣ ਲਈ 24 ਖਾਸ ਟੀਮਾਂ ਤਾਇਨਾਤ ਹਨ।