ਪੰਜਾਬ: ਟੋਲ ਫ਼੍ਰੀ ਹੋਇਆ ਇਹ ਟੋਲ ਪਲਾਜ਼ਾ! ਬਿਨਾਂ ਟੈਕਸ ਦਿੱਤੇ ਲੰਘੀਆਂ ਗੱਡੀਆਂ
Friday, Aug 29, 2025 - 02:36 PM (IST)

ਮੁੱਲਾਂਪੁਰ ਦਾਖਾ (ਕਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਗੁੜੇ ਟੋਲ ਪਲਾਜ਼ਾ ’ਤੇ 2 ਘੰਟੇ ਧਰਨਾ ਦੇ ਕੇ ਟੋਲ ਫ੍ਰੀ ਕੀਤਾ, ਕਿਉਂਕਿ ਬੀਤੇ ਦਿਨੀਂ ਭਾਰੀ ਬਾਰਿਸ਼ ਕਾਰਨ ਮੁੱਲਾਂਪੁਰ ਸਰਵਿਸ ਰੋਡ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹਗੀਰਾਂ ਨੂੰ 2-2 ਫੁੱਟ ਪਾਣੀ ’ਚੋਂ ਲੰਘਣਾ ਪੈ ਰਿਹਾ ਸੀ ਅਤੇ ਲੋਕ ਡਾਹਢੇ ਪ੍ਰੇਸ਼ਾਨ ਸਨ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪੰਜਾਬ ਦੀ Champion ਦੀ ਗੋਲ਼ੀ ਲੱਗਣ ਨਾਲ ਮੌਤ
ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਪਾਣੀ ਤੇ ਚਿੱਕੜ ਨਾਲ ਭਰੀ ਸੜਕ ਦੇ ਡੂੰਘੇ ਖੱਡਿਆਂ ’ਚ ਡਿਗਦੇ-ਢਹਿੰਦੇ ਲੋਕ ਬਹੁਤ ਮੁਸ਼ਕਲ ਨਾਲ ਸੜਕ ਕ੍ਰਾਸ ਕਰ ਰਹੇ ਸਨ। ਵਾਹਨ ਫਸ ਰਹੇ ਸਨ, ਸਕੂਲ਼ੀ ਬੱਚੇ ਡਿਗ ਰਹੇ ਸਨ। ਉਨ੍ਹਾਂ ਵਲੋਂ ਲੁਧਿਆਣਾ ਮੁੱਲਾਂਪੁਰ ਬਲਾਕ ਕਮੇਟੀਆਂ ਦੇ ਧਿਆਨ ’ਚ ਮਾਮਲਾ ਲਿਆਉਣ ਅਤੇ ਪੜਤਾਲ ਕਰਨ ’ਤੇ ਪਾਇਆ ਗਿਆ ਕਿ ਸਰਵਿਸ ਰੋਡ ਦੇ ਨਾਲ-ਨਾਲ ਪਾਣੀ ਦੇ ਨਿਕਾਸ ਲਈ ਬਣਾਏ ਨਾਲੇ ਬੁਰੀ ਤਰ੍ਹਾਂ ਕੂੜੇ ਕਰਕਟ ਨਾਲ ਭਰੇ ਹੋਏ ਹਨ ਤੇ ਬੰਦ ਹਨ, ਸਿਟੇ ਵਜੋਂ ਬਾਰਿਸ਼ ਦਾ ਪਾਣੀ ਖੜ੍ਹਨ ਨਾਲ ਸੜਕ ਦੀ ਹਾਲਤ ਅਤਿਅੰਤ ਖਸਤਾ ਬਣ ਗਈ ਹੈ।
ਇਸ ਸਬੰਧੀ ਸੜਕ ਦੀ ਮੁਰੰਮਤ ਦੇ ਜ਼ਿੰਮੇਵਾਰ ਗੁੜੇ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਤੇ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਦੇ ਰੋਸ ਵਜੋਂ ਕਿਸਾਨ ਜਥੇਬੰਦੀ ਨੇ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਨੂੰ ਹਲੂਣਾ ਦੇਣ ਲਈ ਅਮਨਦੀਪ ਸਿੰਘ ਲਲਤੋਂ ਸੂਬਾ ਮੀਤ ਪ੍ਰਧਾਨ ਦੀ ਅਗਵਾਈ ’ਚ ਇਕੱਤਰ ਹੋਏ ਕਿਸਾਨਾਂ ਨੇ 28 ਅਗਸਤ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਗੁੜੇ ਟੋਲ ਪਲਾਜ਼ਾ ਫ੍ਰੀ ਕਰ ਕੇ ਰੋਸ ਦਾ ਪ੍ਰਗਟਾਵਾ ਕੀਤਾ।
ਇਸ ਸਮੇਂ ਵਿਸ਼ੇਸ਼ ਤੌਰ ’ਤੇ ਪੰਹੁਚੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਮੰਗ ਕੀਤੀ ਕਿ ਗਲੋਬਲ ਮੈਡੀਕਲ ਸੈਂਟਰ ਲੁਧਿਆਣਾ ਤੋਂ ਲੈ ਕੇ ਤਲਵੰਡੀ ਭਾਈ ਤੱਕ ਫਿਰੋਜ਼ਪੁਰ ਰੋਡ ਤੇ 84 ਕਿਲੋਮੀਟਰ ਲੰਮੀ ਟੋਲ ਸੜਕ ਦਾ 2 ਥਾਵਾਂ ਤੋਂ ਲੱਖਾਂ ਰੁਪਏ ਟੋਲ ਉਗਰਾਈ ਸੁਭਾਸ਼ ਚੰਦਰਾ ਕੰਪਨੀ ਵਲੋਂ ਕੀਤੀ ਜਾ ਰਹੀ ਹੈ ਪਰ ਸੜਕ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸੜਕ ਦੇ ਦੋਨੋ ਪਾਸੇ ਬਾਰਿਸ਼ ਦੇ ਪਾਣੀ ਦੇ ਨਿਕਾਸ ਲਈ ਬਣਾਏ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਬਾਰਿਸ਼ ਦਾ ਪਾਣੀ ਸੜਕ ਨੂੰ ਉਖਾੜ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਰੱਦ! ਸ਼ਨੀ-ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਇਹ ਅਦਾਰੇ
ਮੌਕੇ ’ਤੇ ਪੰਹੁਚੇ ਟੋਲ ਪਲਾਜ਼ਾ ਮੈਨੇਜਰ, ਐੱਸ. ਐੱਚ. ਓ. ਹਮਰਾਜ ਸਿੰਘ , ਨਗਰ ਕੌਂਸਲ ਮੁੱਲਾਂਪੁਰ ਦੇ ਪ੍ਰਧਾਨ ਜਸਵਿੰਦਰ ਸਿੰਘ ਹੈਪੀ ਤੇ ਕੌਂਸਲਰ ਅਮਨ ਮੁੱਲਾਂਪੁਰ ਨੇ ਸਫਾਈ, ਮੁਰਮੰਤ ਕਰਵਾਉਣ ਅਤੇ ਟੋਲ ਪਲਾਜ਼ੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦਾ ਭਰੋਸਾ ਦਿਵਾਉਂਦਿਆਂ ਸਾਰੇ ਮਸਲਿਆਂ ਦਾ ਹੱਲ ਜਲਦੀ ਕਰਾਉਣ ਦਾ ਵਿਸ਼ਵਾਸ ਦਿਵਾਇਆ ਤਾਂ ਧਰਨਾ ਹਟਾਇਆ ਗਿਆ। ਇਸ ਸਮੇਂ ਰਜਿੰਦਰ ਸਿੰਘ ਭਨੋਹੜ, ਪ੍ਰਧਾਨ ਰਣਵੀਰ ਸਿੰਘ ਰੁੜਕਾ, ਪ੍ਰਧਾਨ ਗੁਰਪ੍ਰੀਤ ਸਿੰਘ ਲਲਤੋਂ, ਪ੍ਰਧਾਨ ਅਜੀਤ ਸਿੰਘ ਧਾਂਦਰਾ, ਪ੍ਰਧਾਨ ਹਾਕਮ ਸਿੰਘ ਭੱਟੀਆਂ, ਸੁਖਦੀਪ ਸਿੰਘ, ਜਗਰਾਜ ਸਿੰਘ, ਸਤਨਾਮ ਸਿੰਘ ਆਦਿ ਆਗੂ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8