ਘਰ ’ਤੇ ਮਿਲੇਗੀ ਪਸ਼ੂ ਇਲਾਜ ਦੀ ਸਹੂਲਤ, 70 ਮੋਬਾਇਲ ਚਿਕਿਤਸਾ ਵੈਨਾਂ ਖਰੀਦੇਗੀ ਸਰਕਾਰ
Saturday, Jul 01, 2023 - 06:11 PM (IST)
ਚੰਡੀਗੜ੍ਹ (ਅਸ਼ਵਨੀ) – ਪੰਜਾਬ ਦੇ ਪਸ਼ੂ ਪਾਲਕਾਂ ਨੂੰ ਛੇਤੀ ਹੀ ਵੱਡੀ ਰਾਹਤ ਮਿਲੇਗੀ। ਪਸ਼ੂ ਪਾਲਕਾਂ ਨੂੰ ਹੁਣ ਬੇਵਕਤ ਕਿਸੇ ਪਸ਼ੂ ਨੂੰ ਹੋਣ ਵਾਲੀ ਤਕਲੀਫ ਦਾ ਇਲਾਜ ਕਰਵਾਉਣ ਲਈ ਭਟਕਣਾ ਨਹੀਂ ਪਵੇਗਾ।
ਸਿਰਫ਼ ਇਕ ਫ਼ੋਨ ਕਾਲ ਨਾਲ ਮੋਬਾਇਲ ਚਿਕਿਤਸਾ ਵੈਨ ਮੌਕੇ ’ਤੇ ਪਹੁੰਚ ਕੇ ਪਸ਼ੂਆਂ ਦਾ ਇਲਾਜ ਕਰੇਗੀ। ਇਹ ਸਭ ਸੰਭਵ ਹੋਵੇਗਾ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀ ਸਥਾਪਨਾ ਅਤੇ ਮਜ਼ਬੂਤੀਕਰਨ ਦੀ ਯੋਜਨਾ ਨਾਲ। ਕੇਂਦਰੀ ਪਸ਼ੂ ਪਾਲਣ ਮੰਤਰਾਲੇ ਦੀ ਇਸ ਯੋਜਨਾ ਦੇ ਤਹਿਤ ਉਪਲੱਬਧ ਧਨਰਾਸ਼ੀ ਨਾਲ ਪੰਜਾਬ ਸਰਕਾਰ ਛੇਤੀ ਹੀ 70 ਪਸ਼ੂ ਚਿਕਿਤਸਾ ਵੈਨਾਂ ਖਰੀਦਣ ਦੀ ਤਿਆਰੀ ਵਿਚ ਹੈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਭਾਰਤੀ ਵਸਤੂਆਂ ਦੀ ਵਧੀ ਮੰਗ, ਬਾਸਮਤੀ ਚੌਲਾਂ ਦੀ ਬਰਾਮਦ 'ਚ ਹੋਇਆ 56 ਫੀਸਦੀ ਵਾਧਾ
ਪਸ਼ੂਆਂ ਦੀ ਜਾਂਚ-ਪੜਤਾਲ ਤੋਂ ਲੈ ਕੇ ਦਵਾਈਆਂ ਤੱਕ ਦੀ ਸਹੂਲਤ ਨਾਲ ਲੈਸ ਇਹ ਵੈਨ ਸੂਬੇ ਭਰ ਦੇ ਵੱਖ-ਵੱਖ ਪਸ਼ੂ ਹਸਪਤਾਲਾਂ ਵਿਚ ਤਾਇਨਾਤ ਕੀਤੀ ਜਾਵੇਗੀ ਤਾਂ ਕਿ ਪਸ਼ੂਆਂ ਨੂੰ 24 ਘੰਟੇ ਇਲਾਜ ਦੀ ਸਹੂਲਤ ਮਿਲ ਸਕੇ। ਅਧਿਕਾਰੀਆਂ ਦੀ ਮੰਨੀਏ ਤਾਂ ਜੀ.ਪੀ.ਐੱਸ. ਨਾਲ ਲੈਸ ਇਨ੍ਹਾਂ ਵੈਨਾਂ ਦੀ ਖਰੀਦ ਦੇ ਨਾਲ ਹੀ ਇਕ ਕਾਲ ਸੈਂਟਰ ਬਣਾਇਆ ਜਾਵੇਗਾ, ਜਿਥੇ ਆਪ੍ਰੇਟਰ ਪਸ਼ੂ ਪਾਲਕਾਂ ਦੇ ਫ਼ੋਨ ਕਾਲ ਨੂੰ ਅਟੈਂਡ ਕਰਨਗੇ। ਕਾਲ ਸੈਂਟਰ ਦੇ ਮੁਲਾਜ਼ਮ ਹੀ ਅੱਗੇ ਨਜ਼ਦੀਕੀ ਮੋਬਾਇਲ ਵੈਨ ਨਾਲ ਸੰਪਰਕ ਸਾਧਣਗੇ ਅਤੇ ਉਨ੍ਹਾਂ ਨੂੰ ਲੋਕੇਸ਼ਨ ’ਤੇ ਪੁੱਜਣ ਦੇ ਨਿਰਦੇਸ਼ ਦੇਣਗੇ।
11 ਕਰੋੜ ਦੀ ਆਰਥਿਕ ਮਦਦ ਦੇਵੇਗਾ ਕੇਂਦਰੀ ਮੰਤਰਾਲਾ
ਇਨ੍ਹਾਂ ਮੋਬਾਇਲ ਵੈਨਾਂ ਦੀ ਖਰੀਦ ਲਈ ਕੇਂਦਰੀ ਪਸ਼ੂ ਪਾਲਣ ਮੰਤਰਾਲਾ ਕਰੀਬ 11 ਕਰੋੜ ਰੁਪਏ ਉਪਲੱਬਧ ਕਰਵਾਏਗਾ। ਅਧਿਕਾਰੀਆਂ ਦੀ ਮੰਨੀਏ ਤਾਂ ਬੇਸ਼ੱਕ ਵੈਨਾਂ ਦੀ ਖਰੀਦ ਦਾ ਪੈਸਾ ਭਾਰਤ ਸਰਕਾਰ ਦੇਵੇਗੀ ਪਰ ਵੈਨ ਦੀ ਆਪ੍ਰੇਸ਼ਨਲ ਕਾਸਟ ਵਿਚ ਕਰੀਬ 40 ਫੀਸਦੀ ਹਿੱਸਾ ਪੰਜਾਬ ਸਰਕਾਰ ਨੂੰ ਸਹਿਣ ਕਰਨਾ ਹੋਵੇਗਾ।
ਅਧਿਕਰੀਆਂ ਮੁਤਾਬਿਕ ਵੈਨ ਵਿਚ ਪਸ਼ੂ ਡਾਕਟਰ, ਸਹਿ-ਡਾਕਟਰ, ਡਰਾਇਵਰ ਦੀ ਨਿਯੁਕਤੀ ਤੋਂ ਇਲਾਵਾ ਮੈਡੀਸਿਨ, ਸਰਜੀਕਲ ਆਈਟਮਾਂ, ਵੈਨ ਦੀ ਦੇਖਭਾਲ, ਪਟਰੋਲ-ਡੀਜ਼ਲ ਜਿਹੇ ਕੁਲ ਖਰਚੇ ਮਿਲਾ ਕੇ ਪ੍ਰਤੀ ਵੈਨ ਕਰੀਬ 18-19 ਲੱਖ ਰੁਪਏ ਪ੍ਰਤੀ ਸਾਲ ਖਰਚ ਦਾ ਅਨੁਮਾਨ ਹੈ। ਇਹ ਸਾਰੀ ਧਨਰਾਸ਼ੀ 60:40 ਦੀ ਰੇਸ਼ੋ ਦੇ ਹਿਸਾਬ ਨਾਲ ਸਹਿਣ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਾਲ ਸੈਂਟਰ ਵਿਚ ਆਊਟਸੋਰਸ ਰਾਹੀਂ ਸਟਾਫ਼ ਦੀ ਭਰਤੀ ’ਤੇ ਕਰੀਬ 8 ਲੱਖ ਰੁਪਏ ਪ੍ਰਤੀ ਸਾਲ ਖਰਚ ਦਾ ਅਨੁਮਾਨ ਹੈ, ਜਿਸ ਦਾ ਖਰਚਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਸਹਿਯੋਗ ਨਾਲ ਸਹਿਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਵਧਦੀ ਲਾਗਤ ਤੇ ਘਟਦੇ ਮੁਨਾਫ਼ੇ ਕਾਰਨ ਪਰੇਸ਼ਾਨ ਹੋਏ ਮਧੂਮੱਖੀ ਪਾਲਕ, ਨਵੇਂ ਰੁਜ਼ਗਾਰ ਦੀ ਕਰ ਰਹੇ ਭਾਲ
ਮਾਈਕ੍ਰੋਸਕੋਪ, ਪੋਰਟੇਬਲ ਐਕਸ-ਰੇ, ਮਾਈਨਰ ਸਰਜਰੀ ਦੀ ਸਹੂਲਤ ਹੋਵੇਗੀ
ਮੋਬਾਇਲ ਵੈਟਰਨਰੀ ਯੂਨਿਟ ਭਾਵ ਮੋਬਾਇਲ ਵੈਨ ਵਿਚ ਮਾਈਕ੍ਰੋਸਕੋਪ, ਪੋਰਟੇਬਲ ਐਕਸ-ਰੇ ਤੋਂ ਲੈ ਕੇ ਮਾਈਨਰ ਸਰਜਰੀ ਤੱਕ ਦੀ ਸਹੂਲਤ ਹੋਵੇਗੀ। ਵੈਨ ਵਿਚ ਪਸ਼ੂਆਂ ਨੂੰ ਸੰਭਾਲਣ ਦੇ ਸਮੱਗਰੀ, ਸੈਂਪਲ ਲੈਣ, ਦਵਾਈਆਂ ਰੱਖਣ, ਇਲਾਜ ਦੀ ਸਮੱਗਰੀ ਰੱਖਣ ਦੀ ਜਗ੍ਹਾ ਤੋਂ ਇਲਾਵਾ 1 ਪਸ਼ੂ ਡਾਕਟਰ, 1 ਸਹਿਯੋਗੀ ਡਾਕਟਰ ਦੇ ਖੜ੍ਹੇ ਹੋਣ ਯੋਗ ਜਗ੍ਹਾ ਹੋਵੇਗੀ ਤਾਂ ਕਿ ਪਸ਼ੂਆਂ ਦਾ ਵੈਨ ਵਿਚ ਚੰਗੀ ਤਰ੍ਹਾਂ ਇਲਾਜ ਕੀਤਾ ਜਾ ਸਕੇ। ਅਧਿਕਾਰੀਆਂ ਦੀ ਮੰਨੀਏ ਤਾਂ ਵੈਨ ਵਿਚ ਆਡੀਓ-ਵੀਡੀਓ ਉਪਕਰਣ ਹੋਣਗੇ, ਜਿਸ ਵਿਚ ਨੋਟਿਸ ਬੋਰਡ, ਲਾਊਡ ਸਪੀਕਰ, ਛੋਟਾ ਪ੍ਰੋਜੈਕਟਰ ਅਤੇ ਪ੍ਰਚਾਰ ਸਮੱਗਰੀ ਹੋਵੇਗੀ ਤਾਂ ਕਿ ਕਾਲ ਸੈਂਟਰ ਨਾਲ ਸੰਪਰਕ ਸਾਧਣ ਤੋਂ ਇਲਾਵਾ ਪਸ਼ੂ ਪਾਲਕਾਂ ਨੂੰ ਬਿਹਤਰ ਤਰੀਕੇ ਨਾਲ ਸੰਦੇਸ਼ ਦਿੱਤਾ ਜਾ ਸਕੇ। ਅਧਿਕਾਰੀਆਂ ਮੁਤਾਬਿਕ ਹਰ ਇਕ ਵੈਨ ਵਿਚ 1 ਪਸ਼ੂ ਡਾਕਟਰ, ਸਹਿ ਡਾਕਟਰ ਤੋਂ ਇਲਾਵਾ ਡਰਾਇਵਰ ਦੀ ਡਿਊਟੀ ਰਹੇਗੀ। ਇਸ ਦੇ ਲਈ ਪਬਲਿਕ ਪ੍ਰਾਈਵੇਟ ਮੋਡ ਜਾਂ ਕਾਂਟ੍ਰੈਕਟ ’ਤੇ ਸਟਾਫ਼ ਦੀ ਭਰਤੀ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਫਿਲਹਾਲ ਸਰਕਾਰ ਦਾ ਟੀਚਾ 1 ਲੱਖ ਪਸ਼ੂਆਂ ’ਤੇ 1 ਵੈਨ ਤਾਇਨਾਤ ਕਰਨਾ ਹੈ। ਪੰਜਾਬ ਵਿਚ ਕਰੀਬ 70 ਲੱਖ ਪਸ਼ੂ ਹਨ, ਇਸ ਹਿਸਾਬ ਨਾਲ ਹੀ 70 ਮੋਬਾਇਲ ਵੈਨਾਂ ਕੰਮ ਕਰਨਗੀਆਂ।
ਕਰੀਬ 300 ਵੈਟਰਨਰੀ ਅਫ਼ਸਰਾਂ ਦੀ ਭਰਤੀ ਦਾ ਖਾਕਾ ਤਿਆਰ
ਅਧਿਕਾਰੀਆਂ ਦੀ ਮੰਨੀਏ ਤਾਂ ਪੰਜਾਬ ਪਸ਼ੂ ਪਾਲਣ ਵਿਭਾਗ ਦੀ ਕੋਸ਼ਿਸ਼ ਲਗਭਗ ਹਰ ਇਕ ਪਿੰਡ ਪੱਧਰ ’ਤੇ ਡਿਸਪੈਂਸਰੀ ਵਿਚ ਵੈਟਰਨਰੀ ਅਫ਼ਸਰ ਦੀ ਨਿਯੁਕਤੀ ਨੂੰ ਯਕੀਨੀ ਕਰਨਾ ਹੈ। ਕੋਸ਼ਿਸ਼ ਹੈ ਕਿ ਸ਼ਾਮ ਦੀ ਸ਼ਿਫਟ ਵਿਚ ਵੀ ਵੈਟਰਨਰੀ ਅਫ਼ਸਰ ਉਪਲੱਬਧ ਰਹਿਣ। ਇਸ ਕੋਸ਼ਿਸ਼ ਦੇ ਤਹਿਤ ਛੇਤੀ ਹੀ ਕਰੀਬ 300 ਵੈਟਰਨਰੀ ਅਫ਼ਸਰਾਂ ਦੀ ਭਰਤੀ ਦਾ ਖਾਕਾ ਤਿਆਰ ਕੀਤਾ ਗਿਆ ਹੈ। ਸਭ ਕੁੱਝ ਠੀਕ ਰਿਹਾ ਹੈ ਤਾਂ ਅਗਲੇ ਕੁੱਝ ਮਹੀਨਿਆਂ ਵਿਚ ਇਨ੍ਹਾਂ ਅਫ਼ਸਰਾਂ ਦੀ ਭਰਤੀ ਪ੍ਰੀਕਿਰਿਆ ਪੂਰੀ ਕਰ ਲਈ ਜਾਵੇਗੀ, ਜਿਸ ਦੇ ਨਾਲ ਪੰਜਾਬ ਦੇ ਸਾਰੇ ਪਿੰਡ ਪੱਧਰ ’ਤੇ ਵੀ ਵੈਟਰਨਰੀ ਅਫ਼ਸਰ ਉਪਲੱਬਧ ਰਹਿਣਗੇ।
ਇਹ ਵੀ ਪੜ੍ਹੋ : ਰਸਾਇਣ ਨਿਗਲ ਰਹੇ ਪੰਜਾਬ ਦੀ ਧਰਤੀ ਦਾ ਅੰਮ੍ਰਿਤ, ਘਟ ਰਹੀ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਕਣਕ ਦਾ ਝਾੜ
ਵੈਟਰਨਰੀ ਹਸਪਤਾਲਾਂ, ਡਿਸਪੈਂਸਰੀਆਂ ਦਾ ਵੀ ਹੋਵੇਗਾ ਕਾਇਆ-ਕਲਪ
ਪੰਜਾਬ ਵਿਚ ਕਰੀਬ 1367 ਵੈਟਰਨਰੀ ਹਸਤਪਾਲ ਹਨ, ਜਦੋਂ ਕਿ ਕਰੀਬ 1489 ਡਿਸਪੈਂਸਰੀਆਂ ਹਨ। ਉਥੇ ਹੀ, 22 ਜ਼ਿਲਿਆਂ ਵਿਚ ਪਾਲੀਕਲੀਨਿਕ ਹਨ, ਜਿੱਥੇ 1 ਸਰਜਨ, 1 ਗਾਇਨੀ ਅਤੇ ਪੈਥਾਲਾਜਿਸਟ ਸਮੇਤ ਸਹਿ ਸਟਾਫ਼ ਤਾਇਨਾਤ ਰਹਿੰਦਾ ਹੈ। ਪੰਜਾਬ ਵਿਚ ਪਿਛਲੇ ਸਾਲਾਂ ਦੌਰਾਨ ਇਨ੍ਹਾਂ ਹਸਤਾਲਾਂ ਅਤੇ ਡਿਸਪੈਂਸਰੀਆਂ ਵਿਚ ਸਟਾਫ਼ ਦੀ ਕਾਫ਼ੀ ਕਮੀ ਸੀ ਪਰ ਨਵੀਂ ਸਰਕਾਰ ਨੇ ਸੱਤਾ ਸੰਭਾਲਣ ਦੀ ਬਾਅਦ ਇਸ ਦਿਸ਼ਾ ਵਿਚ ਠੋਸ ਕਦਮ ਚੁੱਕੇ ਹਨ। ਅਧਿਕਾਰੀਆਂ ਦੀ ਮੰਨੀਏ ਤਾਂ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਕਰੀਬ 316 ਵੈਟਰਨਰੀ ਅਫ਼ਸਰਾਂ ਦੀ ਭਰਤੀ ਕੀਤੀ ਹੈ। ਇਨ੍ਹਾਂ ਅਫਸਰਾਂ ਦੀ ਨਿਯੁਕਤੀ ਨਾਲ ਡਿਸਪੈਂਸਰੀਆਂ ਅਤੇ ਹਸਪਤਾਲਾਂ ਵਿਚ ਵੈਟਰਨਰੀ ਅਫ਼ਸਰਾਂ ਦੀ ਗਿਣਤੀ ਸੁਧਰੀ ਹੈ ਅਤੇ ਪਸ਼ੂਪਾਲਕਾਂ ਨੂੰ ਬਿਹਤਰ ਇਲਾਜ ਦੀ ਸਹੂਲਤ ਮਿਲੀ ਹੈ।
ਗੰਭੀਰ ਪਸ਼ੂ ਰੋਗਾਂ ਦਾ ਡਾਟਾ ਬੈਂਕ ਵੀ ਹੋਵੇਗਾ ਤਿਆਰ
ਪਸ਼ੂਆਂ ਦੇ ਇਲਾਜ ਦੀ ਸਹੂਲਤ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਰਾਜ ਪਸ਼ੂ ਪਾਲਣ ਵਿਭਾਗ ਵੱਖ-ਵੱਖ ਤਰ੍ਹਾਂ ਦੇ ਰੋਗ ਤੇ ਗੰਭੀਰ ਰੋਗਾਂ ਦਾ ਇਕ ਡਾਟਾ ਬੈਂਕ ਤਿਆਰ ਕਰਨ ਦੀ ਰਾਹ ’ਤੇ ਵੀ ਹੈ। ਇਸ ਵਿਚ ਮੋਬਾਇਲ ਵੈਟਰਨਰੀ ਯੂਨਿਟ ਵੀ ਅਹਿਮ ਭੂਮਿਕਾ ਨਿਭਾਏਗੀ। ਅਧਿਕਾਰੀਆਂ ਦੀ ਮੰਨੀਏ ਤਾਂ ਇਹ ਯੂਨਿਟ ਇਲਾਜ ਦੀ ਸਹੂਲਤ ਦੇ ਨਾਲ ਹੀ ਪਸ਼ੂਆਂ ਨੂੰ ਹੋਣ ਵਾਲੇ ਰੋਗ ਦਾ ਪੂਰਾ ਡਾਟਾ ਵੀ ਰੱਖੇਗੀ, ਜਿਸ ਨਾਲ ਭਵਿੱਖ ਵਿਚ ਵੱਖ ਵੱਖ ਖੇਤਰ ਦੇ ਪੱਧਰ ’ਤੇ ਹੋਣ ਵਾਲੇ ਪਸ਼ੂਆਂ ਦੇ ਰੋਗ ਦੀ ਜ਼ਿਆਦਾ ਸਟੀਕ ਜਾਣਕਾਰੀ ਮਿਲ ਸਕੇਗੀ। ਸੈਂਪਲ ਲੈਣ ਦੀ ਸਹੂਲਤ ਦੇ ਕਾਰਣ ਮੋਬਾਇਲ ਵੈਨ ਰਾਹੀਂ ਤੇਜ਼ੀ ਨਾਲ ਫੈਲਣ ਵਾਲੇ ਰੋਗ ਨੂੰ ਰੋਕਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਅਣਮਿੱਥੀਆਂ ਬਰਸਾਤਾਂ ਨੇ ਝੰਬੇ ਕਿਸਾਨ, ਝੋਨੇ ਦੀ ਸਿੱਧੀ ਬਿਜਾਈ ਹੇਠ ਲਗਾਤਾਰ ਘੱਟ ਹੋ ਰਿਹਾ ਰਕਬਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।