ਟਰੰਪ ਦੇ ਟੈਰਿਫ ਦਾ ਸ਼ਿਕਾਰ ਬਣਿਆ ਅਮਰੀਕਾ, ਬੰਦਰਗਾਹਾਂ 'ਤੇ ਟ੍ਰੈਫਿਕ ਜਾਮ
Saturday, Apr 05, 2025 - 10:31 AM (IST)

ਨਵੀਂ ਦਿੱਲੀ (ਇੰਟ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਦੇ 60 ਦੇਸ਼ਾਂ ’ਤੇ ਟੈਰਿਫ ਲਗਾਉਣ ਤੋਂ ਬਾਅਦ ਭਾਵੇਂ ਆਪਣੀ ਪਿੱਠ ਥਪਥਪਾ ਰਹੇ ਹੋਣ, ਪਰ ਇਸ ਦਾ ਪਹਿਲਾ ਸ਼ਿਕਾਰ ਖੁਦ ਅਮਰੀਕਾ ਹੀ ਬਣਿਆ ਹੈ।
ਟੈਰਿਫ ਵਾਰ ਸ਼ੁਰੂ ਹੋਣ ਤੋਂ ਬਾਅਦ, ਅਮਰੀਕਾ ਆਪਣੀ ਪਹਿਲੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਦੇ ਸਮੁੰਦਰ ’ਚ ਗੰਭੀਰ ਟ੍ਰੈਫਿਕ ਜਾਮ ਹੋਣਾ ਸ਼ੁਰੂ ਹੋ ਗਿਆ ਹੈ। ਭਾਵੇਂ ਅਮਰੀਕਾ ਕੋਲ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਤੇ ਆਧੁਨਿਕ ਬੰਦਰਗਾਹਾਂ ਦੀ ਇਕ ਲੰਬੀ ਸੂਚੀ ਹੈ, ਪਰ ਮੌਜੂਦਾ ਸਮੱਸਿਆ ਨਾਲ ਨਜਿੱਠਣਾ ਉਸਨੂੰ ਮੁਸ਼ਕਲ ਹੋ ਰਿਹਾ ਹੈ।
ਅਮਰੀਕਾ ਨੇ ਭਾਰਤ ਅਤੇ ਚੀਨ ਸਮੇਤ ਕਈ ਦੇਸ਼ਾਂ ’ਤੇ ਟੈਰਿਫ ਲਗਾਇਆ ਹੈ, ਜੋ ਕਿ 9 ਤੇ 10 ਅਪ੍ਰੈਲ ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਅਮਰੀਕਾ ਪਹੁੰਚਣ ਵਾਲੇ ਸਾਮਾਨ ਨੂੰ ਟੈਰਿਫ ਤੋਂ ਛੋਟ ਮਿਲੇਗੀ। ਜ਼ਾਹਿਰ ਹੈ ਕਿ ਇਸ ਛੋਟ ਦਾ ਲਾਭ ਲੈਣ ਲਈ ਮਾਰਾ-ਮਾਰੀ ਹੋਣੀ ਲਾਜ਼ਮੀ ਹੈ ਅਤੇ ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।
ਅਮਰੀਕਾ ਦੀਆਂ ਕਈ ਵੱਡੀਆਂ ਬੰਦਰਗਾਹਾਂ ’ਤੇ ਸ਼ਿਪਮੈਂਟ ਦੀ ਲਾਈਨਾਂ ਬਣ ਗਈਆਂ ਹਨ ਤੇ ਪ੍ਰਸ਼ਾਸਨ ਇਸ ਨੂੰ ਖਾਲੀ ਕਰਵਾਉਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਜ਼ਾਹਿਰ ਹੈ ਕਿ ਟਰੰਪ ਦੇ ਇਸ ਫੈਸਲੇ ਨਾਲ ਅਮਰੀਕੀ ਸਮੁੰਦਰ ’ਚ ਭਾਰੀ ਟ੍ਰੈਫਿਕ ਜਾਮ ਪੈਦਾ ਹੋਣ ਦੀ ਸੰਭਾਵਨਾ ਹੈ।
ਸੀਏਟਲ ਪੋਰਟ ’ਤੇ 30 ਫੀਸਦੀ ਵਧਿਆ ਟ੍ਰੈਫਿਕ
ਭਾਵੇਂ ਅਮਰੀਕਾ ’ਚ ਲੱਗਭਗ 60 ਸ਼ਿਪਿੰਗ ਬੰਦਰਗਾਹ ਹਨ, ਪਰ ਉਨ੍ਹਾਂ ’ਚੋਂ ਚੌਥਾ ਸਭ ਤੋਂ ਵਿਅਸਤ ਬੰਦਰਗਾਹ ਸੀਏਟਲ ਬੰਦਰਗਾਹ ਹੈ। ਬੰਦਰਗਾਹ ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਟੈਰਿਫ ਦੇ ਐਲਾਨ ਤੋਂ ਪਹਿਲਾਂ ਹੀ ਇੱਥੇ ਟ੍ਰੈਫਿਕ 30 ਫੀਸਦੀ ਵਧ ਗਿਆ ਸੀ।
ਅਮਰੀਕਾ ਦੇ ਨਾਰਥਵੈਸਟ ਪੋਰਟਸ ਆਰਗੇਨਾਈਜੇਸ਼ਨ ਦੇ ਸੀ. ਈ. ਓ. ਜਾਨ ਵੁਲਫ ਦਾ ਕਹਿਣਾ ਹੈ ਕਿ ਇਸ ਟ੍ਰੈਫਿਕ ਜਾਮ ਨਾਲ ਅਮਰੀਕਾ ਆਉਣ ਵਾਲੇ ਸ਼ਿਪਮੈਂਟ ਦੀ ਰਫਤਾਰ ਘੱਟ ਸਕਦੀ ਹੈ ਤੇ ਕੁਝ ਸਮੇਂ ਲਈ ਉਤਪਾਦਾਂ ਦੀ ਕਮੀ ਤੇ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰ ਦੌਰਾਨ ਵੀ ਸਪਲਾਈ ਚੇਨ ’ਤੇ ਵੱਡਾ ਅਸਰ ਪਿਆ ਹੈ ਤੇ ਇਕ ਵਾਰ ਫਿਰ ਤੋਂ ਅਨਿਸ਼ਚਿਤਤਾ ਦਾ ਮਾਹੌਲ ਹੈ, ਜਿਸ ਦਾ ਅਸਰ ਅਮਰੀਕਾ ਦੀ ਸਪਲਾਈ ਚੇਨ ’ਤੇ ਦੇਖਿਆ ਜਾ ਸਕਦਾ ਹੈ।
ਆਕਲੈਂਡ 'ਤੇ ਵੀ ਵਧਿਆ ਬੋਝ
ਅਮਰੀਕਾ ਦਾ 9ਵਾਂ ਸਭ ਤੋਂ ਵਿਅਸਤ ਬੰਦਰਗਾਹ ਆਕਲੈਂਡ ਹੈ, ਜਿੱਥੇ ਕੁੱਲ ਆਉਣ ਵਾਲੇ ਸਮੁੰਦਰੀ ਜਹਾਜ਼ਾਂ ਦਾ 74 ਫੀਸਦੀ ਹਿੱਸਾ ਏਸ਼ੀਆਈ ਜਹਾਜ਼ਾਂ ਦਾ ਹੈ। ਇਸ ਬੰਦਰਗਾਹ ’ਤੇ ਜ਼ਿਆਦਾਤਰ ਇਲੈਕਟ੍ਰਾਨਿਕਸ, ਆਈ.ਟੀ. ਤੇ ਚਿੱਪ ਨਾਲ ਸਬੰਧਤ ਉਤਪਾਦ ਆਉਂਦੇ ਹਨ।
ਬੰਦਰਗਾਹ ਦੇ ਮੁਤਾਬਕ, ਜਦੋਂ ਤੋਂ ਟੈਰਿਫ ਦੀਆਂ ਅਫਵਾਹਾਂ ਦਾ ਐਲਾਨ ਹੋਇਆ ਸੀ, ਉਦੋਂ ਤੋਂ ਹੀ ਇਸ ਬੰਦਰਗਾਹ ’ਤੇ ਜਹਾਜ਼ਾਂ ਦੀਆਂ ਲਾਈਨਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਪਿਛਲੇ ਮਹੀਨੇ ਦੇ ਮੁਕਾਬਲੇ ਇੱਥੇ 20 ਫੀਸਦੀ ਜ਼ਿਆਦਾ ਆਵਾਜਾਈ ਦੇਖੀ ਜਾ ਰਹੀ ਹੈ, ਜਿਸ ਦੇ ਆਉਣ ਵਾਲੇ ਦਿਨਾਂ ’ਚ ਹੋਰ ਵਧਣ ਦੀ ਉਮੀਦ ਹੈ।
ਹੋਰ ਬੰਦਰਗਾਹਾਂ ’ਤੇ ਵੀ ਵਧੇਗਾ ਟ੍ਰੈਫਿਕ
ਅਮਰੀਕਾ ਦੀਆਂ ਹੋਰ ਬੰਦਰਗਾਹਾਂ 'ਤੇ ਵੀ ਟ੍ਰੈਫਿਕ ਵਧਣ ਦੀ ਉਮੀਦ ਹੈ, ਜਿਨ੍ਹਾਂ ’ਚ ਦਸੰਬਰ ਦੇ ਬਾਅਦ ਤੋਂ ਵਾਧਾ ਦੇਖਣ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਦੀ ਸਭ ਤੋਂ ਵੱਡੀ ਬੰਦਰਗਾਹ, ਪੋਰਟ ਆਫ ਲਾਸ ਏਂਜਲਸ ’ਚ ਇਸ ਸਾਲ 10.3 ਲੱਖ ਟਵੰਟੀ-ਫੁਟ ਇਕੁਇਵਲੈਂਟ ਯੂਨਿਟ (ਟੀ. ਈ. ਯੂ.) ਦਾ ਵਾਧਾ ਹੋਇਆ ਹੈ, ਜਦ ਕਿ ਪੋਰਟ ਆਫ ਲੋਂਗ ਬੀਚ ਨੇ 96 ਲੱਖ ਟੀ. ਈ. ਯੂ. ਸਮਰੱਥਾ ਸੰਭਾਲਣੀ ਹੈ।
ਨਿਊ-ਜਰਸੀ ਤੇ ਨਿਊਯਾਰਕ ਬੰਦਰਗਾਹਾਂ ਨੇ ਪਿਛਲੇ ਸਾਲ 8.7 ਲੱਖ ਟੀ. ਈ. ਯੂ. ਨੂੰ ਸੰਭਾਲਿਆ। ਸਵਾਨਾ ਬੰਦਰਗਾਹ ਨੇ 5.6 ਲੱਖ ਟੀ. ਈ. ਯੂ. ਨੂੰ ਸੰਭਾਲਿਆ। ਜਦ ਕਿ ਹਿਊਸਟਨ ਬੰਦਰਗਾਹ ਨੇ 41.4 ਲੱਖ ਟੀ. ਈ. ਯੂ. ਨੂੰ ਸੰਭਾਲਿਆ ਹੈ।