ਗੂਗਲ, ਫੇਸਬੁੱਕ ’ਤੇ ਟੈਕਸ ਦੇ ਬਦਲੇ 'ਚ USA ਭਾਰਤ ’ਤੇ ਲਾ ਸਕਦੈ ਟੈਰਿਫ

11/20/2020 10:24:52 PM

ਨਵੀਂ ਦਿੱਲੀ– ਸੰਯੁਕਤ ਰਾਜ ਅਮਰੀਕਾ ਜਲਦ ਹੀ ਆਸਟਰੀਆ, ਇਟਲੀ ਅਤੇ ਭਾਰਤ ਵੱਲੋਂ ਫੇਸਬੁੱਕ, ਗੂਗਲ ਵਰਗੀਆਂ ਇੰਟਰਨੈੱਟ ਕੰਪਨੀਆਂ ਦੇ ਸਥਾਨਕ ਮਾਲੀਆ 'ਤੇ ਟੈਕਸ ਲਾਉਣ ਦੇ ਫੈਸਲਿਆਂ ਦੀ ਪੜਤਾਲ ਦੇ ਨਤੀਜੇ ਜਾਰੀ ਕਰਨ ਜਾ ਰਿਹਾ ਹੈ, ਜਿਸ ਦੇ ਬਦਲੇ 'ਚ ਉਹ ਟੈਰਿਫ ਲਾਉਣ ਦਾ ਕਦਮ ਉਠਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਸਮੇਤ ਉਕਤ ਤਿੰਨੋਂ ਮੁਲਕ ਇਸ ਲਈ ਨਿਸ਼ਾਨੇ 'ਤੇ ਆ ਸਕਦੇ ਹਨ ਕਿਉਂਕਿ ਇਹ ਕਥਿਤ ਤੌਰ 'ਤੇ ਗੂਗਲ ਵਰਗੀਆਂ ਅਮਰੀਕੀ ਡਿਜੀਟਲ ਕੰਪਨੀਆਂ 'ਤੇ ਡਿਜੀਟਲ ਸਰਵਿਸ ਟੈਕਸ ਲਾ ਰਹੇ ਹਨ।

 

ਜੂਨ ’ਚ ਅਮਰੀਕਾ ਨੇ ਭਾਰਤ ਸਣੇ 10 ਦੇਸ਼ਾਂ ਦੇ ਡਿਜੀਟਲ ਸਰਵਿਸਿਜ਼ ਟੈਕਸ (ਡੀ. ਐੱਸ. ਟੀ.) ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਇਹ 10 ਦੇਸ਼ ਅਮਰੀਕਾ ਦੇ ਵਪਾਰਕ ਭਾਈਵਾਲ ਹਨ, ਜਿਨ੍ਹਾਂ 10 ਦੇਸ਼ਾਂ ਦੇ ਡਿਜੀਟਲ ਟੈਕਸ ਖਿਲਾਫ ਜਾਂਚ ਸ਼ੁਰੂ ਕੀਤੀ ਗਈ, ਉਨ੍ਹਾਂ ’ਚ ਆਸਟਰੀਆ, ਬ੍ਰਾਜ਼ੀਲ, ਚੈੱਕ ਰੀਪਬਲਿਕ, ਯੂਰਪੀ ਸੰਘ, ਇੰਡੋਨੇਸ਼ੀਆ, ਇਟਲੀ, ਸਪੇਨ, ਤੁਰਕੀ ਅਤੇ ਬ੍ਰਿਟੇਨ ਸ਼ਾਮਲ ਹਨ।

ਜਾਂਚ ਦੀ ਜਿੰਮੇਵਾਰੀ ਯੂਨਾਈਟੇਡ ਸਟੇਟਸ ਟਰੇਡ ਰਿਪ੍ਰੈਂਜੇਟਿਵ (ਯੂ. ਐੱਸ. ਟੀ. ਆਰ.) ਦਫ਼ਤਰ ਨੂੰ ਦਿੱਤੀ ਗਈ ਸੀ। ਸੰਯੁਕਤ ਰਾਜ ਦੇ ਵਪਾਰ ਐਕਟ ਦੀ ਧਾਰਾ 301 ਤਹਿਤ ਅਮਰੀਕਾ ਦੀ ਸਰਕਾਰੀ ਏਜੰਸੀ ਦੂਜੇ ਦੇਸ਼ਾਂ ਦੇ ਉਨ੍ਹਾਂ ਕਦਮਾਂ ਦੇ ਵਿਰੁੱਧ ਵਪਾਰਕ ਕਾਰਵਾਈ ਕਰ ਸਕਦੀ ਹੈ, ਜਿਨ੍ਹਾਂ ਨੂੰ ਅਣਉਚਿੱਤ ਅਤੇ ਭੇਦਭਾਵਪੂਰਣ ਮੰਨਿਆ ਗਿਆ ਹੋਵੇ ਜਾਂ ਜਿਸ ਨਾਲ ਅਮਰੀਕਾ ਦਾ ਵਪਾਰ ਪ੍ਰਭਾਵਿਤ ਹੋ ਸਕਦਾ ਹੋਵੇ।

ਦੱਸ ਦਈਏ ਕਿ ਭਾਰਤ ਨੇ ਜੂਨ 2016 'ਚ ਗੈਰ-ਪ੍ਰਵਾਸੀ ਡਿਜੀਟਲ ਫਰਮਾਂ ਦੀ ਵਿਗਿਆਪਨ ਤੋਂ ਹੋਣ ਵਾਲੀ ਕਮਾਈ 'ਤੇ 6 ਫ਼ੀਸਦੀ ਇਕੁਲਾਈਜੇਸ਼ਨ ਲੇਵੀ ਲਗਾਇਆ ਸੀ। ਸਰਕਾਰ ਨੂੰ 2018-19 'ਚ ਇਸ ਲੇਵੀ ਤੋਂ 1,000 ਕਰੋੜ ਰੁਪਏ ਤੋਂ ਜ਼ਿਆਦਾ ਮਿਲੇ ਸਨ। ਸਪੇਨ ਅਤੇ ਚੈੱਕ ਗਣਰਾਜ ਜਨਵਰੀ 'ਚ ਡਿਜੀਟਲ ਸੇਵਾਵਾਂ ਟੈਕਸ ਇਕੱਤਰ ਕਰਨਾ ਸ਼ੁਰੂ ਕਰਨਗੇ। ਪਿਛਲੇ ਸਾਲ, ਯੂ. ਐੱਸ. ਟੀ. ਆਰ.ਨੇ ਫਰਾਂਸ ਦੇ ਡਿਜੀਟਲ ਟੈਕਸ ਦੇ ਨਤੀਜੇ ਵਜੋਂ ਉਸ ਦੇ 2.4 ਬਿਲੀਅਨ ਡਾਲਰ ਦੇ ਫ੍ਰੈਂਚ ਉਤਪਾਦਾਂ ਜਿਨ੍ਹਾਂ 'ਚ ਸ਼ਰਾਬ, ਪਨੀਰ ਵੀ ਸ਼ਾਮਲ ਸਨ 'ਤੇ ਟੈਕਸ ਲਾਉਣ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ, ਸੰਯੁਕਤ ਰਾਜ ਅਤੇ ਫਰਾਂਸ 2020 ਦੇ ਅੰਤ ਤੱਕ ਟੈਰਿਫਾਂ ਅਤੇ ਟੈਕਸਾਂ ਦੀ ਉਗਰਾਹੀ ਦੋਵਾਂ 'ਚ ਦੇਰੀ ਕਰਨ ਲਈ ਸਹਿਮਤ ਹੋਏ ਪਰ ਅਗਲੇ ਸਾਲ ਲਈ ਸਮਝੌਤੇ ਦੀ ਗੈਰਹਾਜ਼ਰੀ 'ਚ ਇਹ ਲਾਗੂ ਹੋ ਸਕਦੇ ਹਨ।


Sanjeev

Content Editor

Related News