ਭਾਰਤ ’ਤੇ ਅਹਿਸਾਨ ਨਹੀਂ ਐਮਾਜ਼ੋਨ ਦਾ ਨਿਵੇਸ਼ : ਗੋਇਲ

01/16/2020 9:57:09 PM

ਨਵੀਂ ਦਿੱਲੀ(ਭਾਸ਼ਾ)-ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੀ. ਈ. ਓ. ਜੈੱਫ ਬੇਜ਼ੋਸ ਵੱਲੋਂ ਭਾਰਤ ’ਚ 1 ਅਰਬ ਡਾਲਰ (7100 ਕਰੋਡ਼ ਰੁਪਏ) ਦੇ ਨਿਵੇਸ਼ ਦੇ ਐਲਾਨ ’ਤੇ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਇਹ ਐਲਾਨ ਕਰ ਕੇ ਐਮਾਜ਼ੋਨ ਨੇ ਭਾਰਤ ’ਤੇ ਕੋਈ ਵੱਡਾ ਅਹਿਸਾਨ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਈ-ਕਾਮਰਸ ਦੇ ਨਿਵੇਸ਼ਕਾਂ ਨੂੰ ਦੇਸ਼ ’ਚ ਕਾਰੋਬਾਰ ਨੂੰ ਕੰਟਰੋਲ ਕਰਨ ਵਾਲੇ ਮੌਜੂਦਾ ਕਾਨੂੰਨ ਦੀਆਂ ਖਾਮੀਆਂ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਐਮਾਜ਼ੋਨ ਖਿਲਾਫ ਈ-ਕਾਮਰਸ ਦੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਗੋਇਲ ਨੇ ਟਵੀਟ ਕਰ ਕੇ ਕਿਹਾ ਕਿ ਕਈ ਮੌਕਿਆਂ ’ਤੇ ਮੈਂ ਭਾਰਤ ਦੀ ਜਨਤਾ ਅਤੇ ਸਮੁੱਚੇ ਨਿਵੇਸ਼ਕਾਂ ਨੂੰ ਇਹ ਗੱਲ ਕਹਿ ਚੁੱਕਾ ਹਾਂ ਕਿ ਉਹ ਕਾਨੂੰਨ ਅਤੇ ਉਸ ਦੇ ਉਦੇਸ਼ਾਂ ਦੀ ਪਾਲਣਾ ਕਰਨ।

ਮਲੇਸ਼ੀਆ, ਤੁਰਕੀ ਤੋਂ ਦਰਾਮਦ ’ਤੇ ਲਗਾਮ ਦਾ ਵਿਚਾਰ ਨਹੀਂ
ਸਰਕਾਰ ਮਲੇਸ਼ੀਆ ਅਤੇ ਤੁਰਕੀ ਤੋਂ ਦਰਾਮਦ ’ਤੇ ਲਗਾਮ ਲਾਉਣ ’ਤੇ ਵਿਚਾਰ ਨਹੀਂ ਕਰ ਰਹੀ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇਹ ਗੱਲ ਕਹੀ। ਗੋਇਲ ਨੇ ਕਿਹਾ ਕਿ ਭਾਰਤ ਸਾਰੇ ਦੇਸ਼ਾਂ ਨੂੰ ਉਚਿਤ ਮੌਕੇ ਦੇਣ ਅਤੇ ਉਨ੍ਹਾਂ ਨਾਲ ਬਰਾਬਰ ਦੇ ਵਿਹਾਰ ’ਤੇ ਵਿਸ਼ਵਾਸ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਜੋ ਵੀ ਦਰਾਮਦ ’ਤੇ ਲਗਾਮ ਲਾਈ ਜਾਂਦੀ ਹੈ, ਉਹ ਦੇਸ਼ ਦੇ ਹਿੱਤ ਦੇ ਹਿਫਾਜ਼ਤ ਲਈ ਹੁੰਦੀ ਹੈ ਅਤੇ ਇਹ ਸਮਾਨਤਾ ਦੇ ਆਧਾਰ ’ਤੇ ਹੁੰਦਾ ਹੈ। ਉਨ੍ਹਾਂ ਕਿਹਾ, ‘‘ਜੇਕਰ ਕੁਝ ਸਖਤੀਆਂ ਨਾਲ ਮਲੇਸ਼ੀਆ ਪ੍ਰਭਾਵਿਤ ਹੋ ਰਿਹਾ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਪ੍ਰਭਾਵਿਤ ਹੋਣ ਵਾਲਾ ਉਹ ਇਕੋ-ਇਕ ਦੇਸ਼ ਹੈ। ਭਾਰਤ ਨੂੰ ਬਰਾਮਦ ਕਰਨ ਵਾਲੇ ਹੋਰ ਬਰਾਮਦਕਾਰ ਵੀ ਇਸ ਤੋਂ ਪ੍ਰਭਾਵਿਤ ਹੋਣਗੇ।’’ ਸਰਕਾਰ ਨੇ 8 ਜਨਵਰੀ ਨੂੰ ਰਿਫਾਈਂਡ ਪਾਮ ਤੇਲ ਦੀ ਦਰਾਮਦ ’ਤੇ ਪਾਬੰਦੀ ਲਾਈ ਹੈ। ਇਸ ਨਾਲ ਮਲੇਸ਼ੀਆ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਇੰਡੋਨੇਸ਼ੀਆ ਅਤੇ ਮਲੇਸ਼ੀਆ ਪਾਮ ਤੇਲ ਦੀ ਬਰਾਮਦ ਕਰਨ ਵਾਲੇ 2 ਪ੍ਰਮੁੱਖ ਦੇਸ਼ ਹਨ। ਮਲੇਸ਼ੀਆ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਅਤੇ ਕਸ਼ਮੀਰ ਮੁੱਦੇ ’ਤੇ ਬਿਆਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।


Karan Kumar

Content Editor

Related News