Amazon ਦਾ ਨਵਾਂ ਦਾਅ, ਫਿਊਚਰ ਡੀਲ ਨੂੰ ਸਸਪੈਂਡ ਕੀਤੇ ਜਾਣ ਖਿਲਾਫ ਪਹੁੰਚੀ NCLAT

Monday, Jan 10, 2022 - 10:32 AM (IST)

ਨਵੀਂ ਦਿੱਲੀ (ਭਾਸ਼ਾ) - ਐਮਾਜ਼ੋਨ ਡਾਟ ਕਾਮ ਨੇ ਫਿਊਚਰ ਗਰੁੱਪ ਨਾਲ 2019 ਦੀ ਡੀਲ ਨੂੰ ਸਸਪੈਂਡ ਕਰਨ ਦੇ ਸੀ. ਸੀ. ਆਈ. ਦੇ ਫੈਸਲੇ ਖਿਲਾਫ ਨੈਸ਼ਨਲ ਕੰਪਨੀ ਲਾਅ ਅਪੀਲੀਏ ਟ੍ਰਿਬਿਊਨਲ ਦਾ ਰੁਖ ਕੀਤਾ ਹੈ। ਇਸ ਨਵੇਂ ਡਿਵੈੱਲਪਮੈਂਟ ਤੋਂ ਜਾਣੂ 2 ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੀ. ਸੀ. ਆਈ. ਨੇ ਪਿਛਲੇ ਮਹੀਨੇ ਫਿਊਚਰ ਗਰੁੱਪ ਦੇ ਨਾਲ ਐਮਾਜ਼ੋਨ ਡਾਟ ਕਾਮ ਦੇ ਸਾਲ 2019 ਦੀ ਡੀਲ ਨੂੰ ਲੈ ਕੇ ਆਪਣੀ ਮਨਜ਼ੂਰੀ ਨੂੰ ਸਸਪੈਂਡ ਕਰ ਦਿੱਤਾ। ਸੀ. ਸੀ. ਆਈ. ਦੇ ਇਸ ਫੈਸਲੇ ਨਾਲ ਐਮਾਜ਼ੋਨ ਨੂੰ ਵੱਡਾ ਝੱਟਕਾ ਲੱਗਾ ਸੀ, ਜੋ ਫਿਊਚਰ ਗਰੁੱਪ ਨੂੰ ਉਸ ਦੇ ਰਿਟੇਲ ਬਿਜ਼ਨੈੱਸ ਨੂੰ ਰਿਲਾਇੰਸ ਇੰਡਸਟਰੀ ਨੂੰ ਵੇਚਣ ਤੋਂ ਰੋਕਣ ਦੇ ਹੰਭਲਿਆਂ ਵਿਚ ਲੱਗੀ ਹੈ।

ਲੰਮੇ ਸਮੇਂ ਤੋਂ ਚੱਲ ਰਹੀ ਹੈ ਇਹ ਲੜਾਈ

ਇਹ ਕਮਰਸ਼ੀਅਲ ਵਿਵਾਦ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਸੀ. ਸੀ. ਆਈ. ਦੇ ਫੈਸਲੇ ਨਾਲ ਇਸ ਵਿਚ ਨਵਾਂ ਮੋੜ ਆ ਗਿਆ। ਐਮਾਜ਼ੋਨ ਲੰਮੇ ਸਮੇਂ ਤੋਂ ਇਹ ਦਲੀਲ ਦਿੰਦੀ ਰਹੀ ਹੈ ਕਿ ਫਿਊਚਰ ਗਰੁੱਪ ਨੇ ਰਿਲਾਇੰਸ ਇੰਡਸਟਰੀ ਨੂੰ ਆਪਣੇ ਰਿਟੇਲ ਐਸੇਟਸ ਦੀ ਵਿਕਰੀ ਨਾਲ ਜੁਡ਼ੀ ਡੀਲ ਵਿਚ 2019 ਦੀ ਡੀਲ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਜ਼ਿਕਰਯੋਗ ਹੈ ਕਿ ਐਮਾਜ਼ੋਨ ਨੇ 2019 ਵਿਚ ਫਿਊਚਰ ਗਰੁੱਪ ਵਿਚ ਨਿਵੇਸ਼ ਕੀਤਾ ਸੀ।

ਸੀ. ਸੀ. ਆਈ. ਦੇ ਫੈਸਲੇ ਨਾਲ ਆਇਆ ਨਵਾਂ ਮੋੜ

ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਪਿਛਲੇ ਮਹੀਨੇ ਇਹ ਕਹਿੰਦੇ ਹੋਏ ਡੀਲ ਸਸਪੈਂਡ ਕਰ ਦਿੱਤੀ ਕਿ ਐਮਾਜ਼ੋਨ ਨੇ ਪਹਿਲਾਂ ਫਿਊਚਰ ਗਰੁੱਪ ਨਾਲ ਡੀਲ ਨੂੰ ਲੈ ਕੇ ਆਗਿਆ ਮੰਗਣ ਦੇ ਸਮੇਂ ਜਾਣਕਾਰੀਆਂ ਨੂੰ ਲੁਕਾਇਆ ਸੀ।

ਸੀ. ਸੀ. ਆਈ. ਦੇ ਫੈਸਲੇ ਤੋਂ ਪਹਿਲਾਂ ਮਜ਼ਬੂਤ ਸੀ ਐਮਾਜ਼ੋਨ ਦੀ ਸਥਿਤੀ

ਸਿੰਗਾਪੁਰ ਆਰਬਿਟ੍ਰੇਸ਼ਨ ਅਤੇ ਭਾਰਤੀ ਕੋਰਟ ਇਸ ਮਾਮਲੇ ਵਿਚ ਹੁਣ ਤੱਕ ਐਮਾਜ਼ੋਨ ਦੀ ਸਥਿਤੀ ਦੇ ਸਮਰਥਨ ਵਿਚ ਰਹੇ ਹੈ। ਦੂਜੇ ਪਾਸੇ ਫਿਊਚਰ ਗਰੁੱਪ ਲਗਾਤਾਰ ਇਸ ਗੱਲ ਨੂੰ ਨਕਾਰਦੀ ਰਹੀ ਹੈ ਕਿ ਉਸ ਨੇ 2019 ਦੀ ਡੀਲ ਦੀਆਂ ਸ਼ਰਤਾਂ ਦੀ ਕਿਸੇ ਤਰ੍ਹਾਂ ਉਲੰਘਣਾ ਕੀਤੀ ਹੈ।

ਐੱਨ. ਸੀ. ਐੱਲ. ਏ. ਟੀ. ਵਿਚ ਪੁੱਜਾ ਮਾਮਲਾ

2 ਸੂਤਰਾਂ ਨੇ ਦੱਸਿਆ ਕਿ ਐਮਾਜ਼ੋਨ ਨੇ ਸੀ. ਸੀ. ਆਈ. ਦੇ ਫੈਸਲੇ ਖਿਲਾਫ ਸ਼ਨੀਵਾਰ ਦੀ ਰਾਤ ਨੂੰ ਨੈਸ਼ਨਲ ਕੰਪਨੀ ਲਾਅ ਅਪੀਲੀਏ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਵਿਚ ਅਪੀਲ ਕੀਤੀ। ਹੁਣ ਵੇਖਣਾ ਹੋਵੇਗਾ ਕਿ ਐੱਨ. ਸੀ. ਐੱਲ. ਏ. ਟੀ. ਇਸ ਮਾਮਲੇ ਵਿਚ ਕਿਸ ਪੱਖ ਵਿਚ ਫੈਸਲਾ ਸੁਣਾਉਂਦੀ ਹੈ।


Harinder Kaur

Content Editor

Related News