ਚੀਨੀ ਐਪ ਬੈਨ ਦਾ ਅਸਰ: ਅਲੀਬਾਬਾ ਕੰਪਨੀ ਨੇ ਭਾਰਤ ਵਿਚੋਂ ਆਪਣਾ ਪੂਰਾ ਕਾਰੋਬਾਰ ਕੀਤਾ ਬੰਦ
Friday, Jul 17, 2020 - 06:54 PM (IST)
ਨਵੀਂ ਦਿੱਲੀ — ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਨੇ ਭਾਰਤ ਸਰਕਾਰ ਵੱਲੋਂ 59 ਚੀਨੀ ਐਪਸ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਭਾਰਤ ਤੋਂ ਯੂ.ਸੀ. ਬ੍ਰਾਊਜ਼ਰ, ਵੀਮੈਟ ਅਤੇ ਯੂਜੀ ਨਿਊਜ਼ ਕਾਰੋਬਾਰ ਬੰਦ ਕਰ ਦਿੱਤਾ ਹੈ। ਯੂਸੀ ਬਰਾਊਸਰ ਦੇ ਕਰਮਚਾਰੀਆਂ ਨੂੰ ਰਸਮੀ ਤੌਰ 'ਤੇ ਦੱਸਿਆ ਗਿਆ ਹੈ ਕਿ ਕੰਪਨੀ ਭਾਰਤ ਵਿਚ ਆਪਣਾ ਕੰਮਕਾਜ ਬੰਦ ਕਰ ਰਹੀ ਹੈ। ਕੰਪਨੀ ਨੇ ਗੁਰੂਗਰਾਮ ਅਤੇ ਮੁੰਬਈ ਵਿਚ ਦਫਤਰ ਬੰਦ ਕੀਤੇ ਹਨ।
ਕਰਮਚਾਰੀਆਂ ਨੂੰ ਪੱਤਰ ਭੇਜਿਆ
ਰਾਇਟਰਜ਼ ਅਨੁਸਾਰ ਕੰਪਨੀ ਵੱਲੋਂ 15 ਜੁਲਾਈ ਨੂੰ ਕਰਮਚਾਰੀਆਂ ਨੂੰ ਇੱਕ ਪੱਤਰ ਭੇਜਿਆ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਕੰਪਨੀ ਦਾ ਇਹ ਫੈਸਲਾ ਭਾਰਤ ਸਰਕਾਰ ਵੱਲੋਂ ਯੂਸੀਵੈਬ ਅਤੇ ਵਾਮੈਟ 'ਤੇ ਲਗਾਈ ਗਈ ਪਾਬੰਦੀ ਕਾਰਨ ਲਿਆ ਗਿਆ ਹੈ।
ਪਾਬੰਦੀ ਦੇ ਬਾਅਦ ਸੇਵਾਵਾਂ ਜਾਰੀ ਰੱਖਣ ਕੰਪਨੀ ਲਈ ਮੁਸ਼ਕਲ ਪੈਦਾ ਹੋ ਰਹੀ ਹੈ। ਯੂਸੀਵੈਬ ਨੇ ਇੱਕ ਬਿਆਨ ਵਿਚ ਕਿਹਾ ਕਿ ਉਹ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੇਵਾਵਾਂ ਬੰਦ ਕਰ ਰਹੀ ਹੈ। ਹਾਲਾਂਕਿ ਚੀਨੀ ਈ-ਕਾਮਰਸ ਕੰਪਨੀ ਅਲੀਬਾਬਾ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਦੇਖੋ : ਪਾਕਿਸਤਾਨ ਨੂੰ ਮਿਲੇ ਤੇਲ ਅਤੇ ਗੈਸ ਦੇ ਭੰਡਾਰ, ਡਾਵਾਂਡੋਲ ਆਰਥਿਕਤਾ ਨੂੰ ਮਿਲੇਗਾ ਹੁਲਾਰਾ
ਯੂਸੀ ਬਰਾਊਜ਼ਰ ਅਲੀਬਾਬਾ ਦੀ ਹੀ ਕੰਪਨੀ
ਮੀਡੀਆ ਰਿਪੋਰਟਾਂ ਅਨੁਸਾਰ ਯੂਸੀ ਬਰਾਊਸਰ ਦੇ ਕਰਮਚਾਰੀਆਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਕੰਪਨੀ ਉਨ੍ਹਾਂ ਨੂੰ ਤਨਖਾਹ ਦੀ ਰਕਮ ਦਾ ਕੁਝ ਹਿੱਸਾ ਜਾਂ ਕੁਝ ਮਹੀਨਿਆਂ ਦੀ ਤਨਖਾਹ ਦੇਵੇਗੀ। ਯੂਸੀ ਬਰਾਊਜ਼ਰ ਅਲੀਬਾਬਾ ਦੀ ਕੰਪਨੀ ਹੈ ਅਤੇ ਭਾਰਤ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪ ਸੀ। ਭਾਰਤ-ਚੀਨ ਦੇ ਤਾਜ਼ਾ ਵਿਵਾਦ ਤੋਂ ਬਾਅਦ ਭਾਰਤ ਸਰਕਾਰ ਨੇ ਅੰਦਰੂਨੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਚੀਨ ਦੀਆਂ 59 ਐਪਸ ਉੱਤੇ ਪਾਬੰਦੀ ਲਗਾ ਦਿੱਤੀ। ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਸੀ। ਇਸ ਦੌਰਾਨ ਅਲੀਬਾਬਾ ਨੇ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਕਾਰੋਬਾਰ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਦੇਖੋ : ਵਿਜੇ ਮਾਲਿਆ ਬੰਦੋਬਸਤ ਤਹਿਤ 13960 ਕਰੋੜ ਰੁਪਏ ਬੈਂਕਾਂ ਨੂੰ ਵਾਪਸ ਕਰਨ ਲਈ ਤਿਆਰ