AGR ਦੇ 44,000 ਕਰੋੜ ਰੁ: ''ਚ ਪੇਚ, DoT ਖ਼ਿਲਾਫ SC ਪੁੱਜਾ AIRTEL
Wednesday, Jan 06, 2021 - 02:23 PM (IST)
ਮੁੰਬਈ- ਭਾਰਤੀ ਏਅਰਟੈੱਲ ਨੇ ਦੂਰਸੰਚਾਰ ਵਿਭਾਗ 'ਤੇ ਏ. ਜੀ. ਆਰ. ਬਕਾਏ ਦੀ ਗਣਨਾ ਗਲਤ ਕਰਨ ਦਾ ਦੋਸ਼ ਲਾਉਂਦੇ ਹੋਏ ਸੁਪਰੀਮ ਕੋਰਟ ਦਾ ਰੁਖ਼ ਹੈ। ਦੂਰਸੰਚਾਰ ਵਿਭਾਗ (ਡੀ. ਓ. ਟੀ.) ਮੁਤਾਬਕ, ਏਅਰਟੈੱਲ 'ਤੇ 44,000 ਕਰੋੜ ਰੁਪਏ ਦਾ ਏ. ਜੀ. ਆਰ. ਬਕਾਇਆ ਹੈ, ਜਦੋਂ ਕਿ ਏਅਰਟੈੱਲ ਮੁਤਾਬਕ ਇਹ ਸਿਰਫ਼ 13,004 ਕਰੋੜ ਰੁਪਏ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਵੋਡਾਫੋਨ ਆਈਡੀਆ ਵੀ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਖ਼ ਕਰ ਸਕਦੀ ਹੈ ਕਿਉਂਕਿ ਡੀ. ਓ. ਟੀ. ਨਾਲ ਏ. ਜੀ. ਆਰ. ਵਿਚ ਫਰਕ ਦਾ ਮਾਮਲਾ ਇਸ ਨਾਲ ਵੀ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਡੀ. ਓ. ਟੀ. ਕੋਲ ਇਹ ਮਾਮਲਾ ਚੁੱਕਿਆ ਸੀ ਪਰ ਕੋਈ ਹੁੰਗਾਰਾ ਨਹੀਂ ਮਿਲਿਆ।
ਇਹ ਮਾਮਲਾ ਪਹਿਲਾਂ ਵਿਚ ਖਿੱਚ ਚੁੱਕਾ ਹੈ। ਸੁਪਰੀਮ ਕੋਰਟ ਨੇ 1 ਸਤੰਬਰ, 2020 ਨੂੰ ਆਪਣੇ ਫ਼ੈਸਲੇ ਵਿਚ ਦੂਰਸੰਚਾਰ ਸੰਚਾਲਕਾਂ ਨੂੰ ਡੀ. ਓ. ਟੀ. ਦੀ ਗਣਨਾ ਮੁਤਾਬਕ ਬਣੇ ਏ. ਜੀ. ਆਰ. ਬਕਾਏ ਦਾ 10 ਫ਼ੀਸਦੀ ਭੁਗਤਾਨ 31 ਮਾਰਚ, 2021 ਤੱਕ ਕਰਨ ਦਾ ਹੁਕਮ ਦਿੱਤਾ ਸੀ, ਜਦੋਂ ਕਿ ਬਾਕੀ ਬਚੇ ਨੂੰ 31 ਮਾਰਚ, 2031 ਤੱਕ ਹਰ ਵਿੱਤੀ ਸਾਲ ਵਿਚ ਬਰਾਬਰ ਕਿਸ਼ਤਾਂ ਵਿਚ ਜਮ੍ਹਾ ਕਰਾਉਣ ਲਈ ਕਿਹਾ ਸੀ। ਏਅਰਟੈੱਲ ਹੁਣ ਤੱਕ 18,004 ਕਰੋੜ ਰੁਪਏ ਅਤੇ ਵੋਡਾਫੋਨ-ਆਈਡੀਆ 7,854 ਰੁਪਏ ਦਾ ਭੁਗਤਾਨ ਕਰ ਚੁੱਕੀ ਹੈ।
ਹਾਲਾਂਕਿ, ਦੋਵੇਂ ਕੰਪਨੀਆਂ ਏ. ਜੀ. ਆਰ. ਦੀ ਗਣਨਾ ਨੂੰ ਲੈ ਕੇ ਡੀ. ਓ. ਟੀ. ਕੋਲ ਸਵਾਲ ਚੁੱਕਦੀਆਂ ਰਹੀਆਂ ਹਨ। ਹੁਣ ਥੱਕ-ਹਾਰ ਏਅਰਟੈੱਲ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਏਅਰਟੈੱਲ ਦਾ ਕਹਿਣਾ ਹੈ ਕਿ ਡੀ. ਓ. ਟੀ. ਨੇ ਏ. ਜੀ. ਆਰ. ਦੀ ਗਣਨਾ ਗਲਤ ਕੀਤੀ ਹੈ। ਏਅਰਟੈੱਲ ਨੇ ਕਿਹਾ ਕਿ 43,989 ਕਰੋੜ ਰੁਪਏ ਦੀ ਗਣਨਾ ਵਿਚ ਲਾਇਸੈਂਸ ਫ਼ੀਸ ਅਤੇ ਸਪੈਕਟ੍ਰਮ ਯੂਜ਼ਜ਼ ਚਾਰਜ ਦੋਵੇਂ ਸ਼ਾਮਲ ਹਨ ਪਰ ਸੁਪਰੀਮ ਕੋਰਟ ਕੋਲ ਜੋ ਮਾਮਲਾ ਗਿਆ ਸੀ ਉਹ ਸਿਰਫ ਲਾਇਸੈਂਸ ਫ਼ੀਸ ਦਾ ਮਾਮਲਾ ਸੀ, ਉਸ ਵਿਚ ਸਪੈਕਟ੍ਰਮ ਯੂਜ਼ਜ਼ ਚਾਰਜ ਦਾ ਮਾਮਲਾ ਸ਼ਾਮਲ ਨਹੀਂ ਸੀ। ਇਸ ਲਈ ਦੋਹਾਂ ਨੂੰ ਮਿਲਾ ਕੇ ਡੀ. ਓ. ਟੀ. ਨੇ ਗਲਤ ਏ. ਜੀ. ਆਰ. ਬਕਾਏ ਦੀ ਗਣਨਾ ਕੀਤੀ।