ਭਾਰਤੀ ਯਾਤਰੀਆਂ ਨੂੰ ਲੁਭਾਉਣ 'ਚ ਲੱਗੀਆਂ ਏਅਰਲਾਈਨਜ਼ ਕੰਪਨੀਆਂ

01/19/2018 10:49:35 PM

ਨਵੀਂ ਦਿੱਲੀ-ਵੱਡੀਆਂ ਏਅਰਲਾਈਨਜ਼ ਕੰਪਨੀਆਂ ਨੇ ਦੁਨੀਆਭਰ 'ਚ ਘੁੰਮਣ-ਫਿਰਨ ਵਾਲੇ ਭਾਰਤੀ ਯਾਤਰੀਆਂ ਨੂੰ ਲੁਭਾਉਣ ਲਈ ਟਿਕਟਾਂ ਦੀਆਂ ਦਰਾਂ 'ਚ ਛੋਟ ਦਾ ਐਲਾਨ ਕੀਤਾ ਹੈ। ਆਫਰਸ ਦੇ ਤਹਿਤ ਖਾੜੀ ਦੇਸ਼ਾਂ ਤੋਂ 10,000 ਰੁਪਏ, ਯੂਰਪੀ ਦੇਸ਼ਾਂ ਤੋਂ 33,000 ਰੁਪਏ ਅਤੇ ਉੱਤਰੀ ਅਮਰੀਕੀ ਦੇਸ਼ਾਂ ਤੋਂ ਵਾਪਸੀ ਦੀਆਂ ਟਿਕਟਾਂ 55,000 ਰੁਪਏ ਤੋਂ ਸ਼ੁਰੂ ਹੋ ਰਹੀਆਂ ਹਨ। ਅਜੇ ਕੁਝ ਭਾਰਤੀ ਅਤੇ ਵਿਦੇਸ਼ੀ ਏਅਰਲਾਈਨਜ਼ ਕੰਪਨੀਆਂ ਇਨ੍ਹਾਂ ਮਸ਼ਹੂਰ ਰਸਤਿਆਂ ਲਈ ਸਾਧਾਰਨ ਕੀਮਤਾਂ ਨਾਲੋਂ 30 ਫ਼ੀਸਦੀ ਸਸਤੀਆਂ ਟਿਕਟਾਂ ਦੇ ਰਹੀਆਂ ਹਨ। 
ਕੰਪਨੀਆਂ ਵੱਖ-ਵੱਖ ਮਿਆਦ 'ਚ ਸੇਲ ਆਫਰ ਕਰ ਰਹੀਆਂ ਹਨ ਅਤੇ ਇਹ ਵੀ ਦੱਸ ਰਹੀਆਂ ਹਨ ਕਿ ਕਿਸ ਖਾਸ ਸਮੇਂ 'ਚ ਯਾਤਰਾ ਦੇ ਟਿਕਟ ਲੈਣ 'ਤੇ ਆਫਰਸ ਮਿਲਣਗੇ। ਦਰਅਸਲ ਵਿਦੇਸ਼ੀ ਏਅਰਲਾਈਨਜ਼ ਕੰਪਨੀਆਂ ਭਾਰਤੀ ਕੰਪਨੀਆਂ ਦੀ ਨਕਲ ਕਰਦਿਆਂ ਆਫਰਸ ਲਾਂਚ ਕਰ ਰਹੀਆਂ ਹਨ। ਭਾਰਤੀ ਕੰਪਨੀਆਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਲਈ ਲਗਾਤਾਰ ਡਿਸਕਾਊਂਟ ਆਫਰਸ ਦਾ ਐਲਾਨ ਕਰ ਰਹੀਆਂ ਹਨ।  
ਜੈੱਟ ਏਅਰਵੇਜ਼ ਪੈਰਿਸ, ਐਂਸਟ੍ਰਡਮ ਅਤੇ ਵਿਆਨਾ ਦੀਆਂ ਟਿਕਟਾਂ 'ਤੇ 20 ਫ਼ੀਸਦੀ ਦੀ ਛੋਟ ਦੇ ਰਹੀ ਹੈ। ਤੁਰਕੀ ਏਅਰਲਾਈਨਜ਼ ਤਾਂ ਆਪਣੇ ਮੋਬਾਇਲ ਐਪ ਦੇ ਲੇਟੈਸਟ ਵਰਜ਼ਨ ਰਾਹੀਂ ਟਿਕਟ ਬੁੱਕ ਕਰਨ ਵਾਲੇ ਸਾਰੇ ਯਾਤਰੀਆਂ ਨੂੰ 15 ਫ਼ੀਸਦੀ ਡਿਸਕਾਊਂਟ ਆਫਰ ਕਰ ਰਹੀ ਹੈ। ਇਸੇ ਤਰ੍ਹਾਂ ਗਲਫ ਕਰੀਅਰਸ ਨੇ ਵੀ ਕੁਝ ਸਮੇਂ ਲਈ ਕਿਰਾਏ 'ਚ ਕਟੌਤੀ ਕੀਤੀ ਹੈ। ਉਥੇ ਹੀ ਅਮੀਰਾਤ, ਇਤਿਹਾਦ ਅਤੇ ਕਤਰ ਏਅਰਵੇਜ਼ ਭਾਰਤੀ ਹਵਾਈ ਯਾਤਰੀਆਂ ਨੂੰ ਆਕਰਸ਼ਿਤ ਕਰਨ ਦੀ ਦੌੜ 'ਚ ਸਭ ਤੋਂ ਅੱਗੇ ਹਨ। ਅਮੀਰਾਤ ਨੇ ਕਿਹਾ ਕਿ ਇਕਾਨਮੀ ਕਲਾਸ ਲਈ ਦਿੱਲੀ ਤੋਂ ਮੱਧ ਪੂਰਬੀ (ਪੱਛਮ ਏਸ਼ੀਆ) ਦੇ ਦੇਸ਼ਾਂ ਲਈ 13,600 ਰੁਪਏ, ਯੂਰਪ ਲਈ 34,800 ਰੁਪਏ ਅਤੇ ਅਮਰੀਕਾ ਲਈ 57,400 ਰੁਪਏ ਦੀਆਂ ਆਲ-ਇਨਕਲੂਸਿਵ ਟਿਕਟਾਂ ਮਿਲ ਰਹੀਆਂ ਹਨ।


Related News