ਜਹਾਜ਼ ਈਂਧਨ ਨੂੰ GST ਦੇ ਘੇਰੇ ''ਚ ਲਿਆਂਦਾ ਜਾਵੇ : ਪ੍ਰਭੂ
Sunday, Apr 07, 2019 - 06:28 PM (IST)
ਨਵੀਂ ਦਿੱਲੀ— ਸ਼ਹਿਰੀ ਹਵਾਬਾਜੀ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਹੈ ਕਿ ਜਹਾਜ਼ ਈਂਧਨ (ਏ. ਟੀ. ਐੱਫ.) ਨੂੰ ਗੁਡਸ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਦੇ ਘੇਰੇ 'ਚ ਲਿਆਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਘਰੇਲੂ ਹਵਾਬਾਜੀ ਉਦਯੋਗ ਨੂੰ ਕਾਰੋਬਾਰ ਦੇ ਬਰਾਬਰ ਮੌਕੇ ਮੁਹੱਈਆ ਹੋਣਗੇ।
ਪ੍ਰਭੂ ਨੇ ਕਿਹਾ ਕਿ ਕਿਸੇ ਵੀ ਖੇਤਰ ਲਈ ਇਨਪੁੱਟ ਲਾਗਤ ਮੁਕਾਬਲੇਬਾਜ ਹੋਣੀ ਚਾਹੀਦੀ ਹੈ। ਉਨ੍ਹਾਂ ਏ. ਟੀ. ਐੱਫ. ਨੂੰ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਸੂਬਿਆਂ 'ਚ ਟੈਕਸ ਦੀਆਂ ਵੱਖ-ਵੱਖ ਦਰਾਂ ਕਾਰਨ ਏ. ਟੀ. ਐੱਫ. ਦਾ ਮੁੱਲ ਜਿਆਦਾ ਹੋ ਜਾਂਦਾ ਹੈ। ਹਰ ਸੂਬੇ 'ਚ ਵੱਖ ਟੈਕਸ ਹੈ। ਇਸ ਕਾਰਨ ਹਵਾਈ ਕੰਪਨੀਆਂ ਲਈ ਈਂਧਨ ਦਾ ਖਰਚਾ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਜੀ. ਐੱਸ. ਟੀ. ਕੌਂਸਲ ਇਸ 'ਤੇ ਗੌਰ ਕਰੇਗੀ ਅਤੇ ਅਸੀਂ ਇਸ ਨੂੰ ਲਗਾਤਾਰ ਕੌਂਸਲ ਦੇ ਸਾਹਮਣੇ ਰੱਖ ਰਹੇ ਹਾਂ।
ਅਰਥਵਿਵਸਥਾ 'ਚ ਹੋਣ ਵਾਲੇ ਬਦਲਾਵਾਂ ਨੂੰ ਸਮਝਣ ਲਈ ਵਿਕਸਿਤ ਹੋਵੇ ਉਚਿਤ ਸਿਸਟਮ
ਪ੍ਰਭੂ ਨੇ ਭਾਰਤੀ ਅਰਥਵਿਵਸਥਾ 'ਚ ਤੇਜ਼ੀ ਨਾਲ ਹੋ ਰਹੇ ਬਦਲਾਵਾਂ ਅਤੇ ਰੋਜਗਾਰ ਸਿਰਜਣ ਨੂੰ ਸਮਝਣ ਲਈ ਉਚਿਤ ਸਿਸਟਮ ਵਿਕਸਿਤ ਕਰਨ ਦੀ ਜ਼ਰੂਰਤ 'ਤੇ ਜੋਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦੇ ਭਾਰਤੀ ਅਰਥਵਿਵਸਥਾ ਦੇ ਵਾਧੇ ਦੇ 7 ਫ਼ੀਸਦੀ ਤੋਂ ਉੱਤੇ ਰਹਿਣ ਨੂੰ ਲੈ ਕੇ ਕੁਝ ਸ਼ੱਕ ਜ਼ਾਹਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਇਹ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਵਰੂਪ ਬਦਲਨ 'ਤੇ ਰੋਜਗਾਰ ਸਿਰਜਣ ਅਤੇ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਿਚਾਲੇ ਸੰਬੰਧ 'ਚ ਬਦਲਾਅ ਜਰੂਰ ਦੇਖਣ ਨੂੰ ਮਿਲੇਗਾ। ਪ੍ਰਭੂ ਨੇ ਕਿਹਾ ਕਿ ਦੇਸ਼ ਦੀ ਜੀ. ਡੀ. ਪੀ. 'ਚ ਖੇਤੀਬਾੜੀ ਖੇਤਰ ਦੀ ਹਿੱਸੇਦਾਰੀ ਸਿਰਫ਼ 16 ਫ਼ੀਸਦੀ ਹੈ, ਇਸ ਦੇ ਬਾਵਜੂਦ ਦੇਸ਼ ਦੀ ਲਗਭਗ 60 ਫ਼ੀਸਦੀ ਆਬਾਦੀ ਖੇਤੀਬਾੜੀ ਨਾਲ ਜੁੜੀ ਹੈ।