AIR INDIA 'ਚ ਸਫ਼ਰ ਕਰਨ ਵਾਲੇ ਇਨ੍ਹਾਂ ਮੁਸਾਫ਼ਰਾਂ ਲਈ ਰਾਹਤ ਭਰੀ ਖ਼ਬਰ

Sunday, Sep 06, 2020 - 06:55 PM (IST)

AIR INDIA 'ਚ ਸਫ਼ਰ ਕਰਨ ਵਾਲੇ ਇਨ੍ਹਾਂ ਮੁਸਾਫ਼ਰਾਂ ਲਈ ਰਾਹਤ ਭਰੀ ਖ਼ਬਰ

ਨਵੀਂ ਦਿੱਲੀ— ਰਾਸ਼ਟਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ 'ਚ ਸਫ਼ਰ ਕਰਨ ਵਾਲੇ ਬਜ਼ੁਰਗਾਂ ਨੂੰ ਤਕੜਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਕਨੋਮੀ ਕਲਾਸ 'ਚ ਟਿਕਟ ਲੈਣ 'ਤੇ ਮੂਲ ਕਿਰਾਏ 'ਚ ਤਕਰੀਬਨ 50 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।

ਇਹ ਵਿਸ਼ੇਸ਼ ਲਾਭ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਲਾਗੂ ਹੈ। ਕਿਰਾਏ 'ਚ ਇਹ ਛੋਟ ਦੇਸ਼ 'ਚ ਕਿਸੇ ਵੀ ਜਗ੍ਹਾ ਯਾਤਰਾ ਕਰਨ ਲਈ ਹੈ। ਇਸ ਦੀ ਟਿਕਟ ਤੁਸੀਂ ਯਾਤਰਾ ਦੀ ਤਾਰੀਖ਼ ਤੋਂ ਘੱਟੋ-ਘੱਟ 7 ਦਿਨ ਪਹਿਲਾਂ ਲੈ ਸਕਦੇ ਹੋ, ਜੋ 1 ਸਾਲ ਤੱਕ ਚੱਲਣਯੋਗ ਰਹੇਗੀ।

ਇਹ ਸੁਵਿਧਾ ਸਿਰਫ ਉਨ੍ਹਾਂ ਬਜ਼ੁਰਗਾਂ ਲਈ ਹੈ ਜੋ ਭਾਰਤ ਦੇ ਨਾਗਰਿਕ ਹਨ ਅਤੇ ਭਾਰਤ 'ਚ ਹੀ ਰਹਿੰਦੇ ਹਨ। ਟਿਕਟ ਬੁਕਿੰਗ ਕਰਦੇ ਸਮੇਂ ਕਿਰਾਏ 'ਚ ਇਹ ਛੋਟ ਪਾਉਣ ਲਈ ਫੋਟੋ ਆਈ. ਡੀ. ਦੀ ਜ਼ਰੂਰਤ ਹੋਵੇਗੀ, ਜਿਸ 'ਚ ਜਨਮ ਤਾਰੀਖ਼ ਲਿਖੀ ਹੋਵੇ ਜਿਵੇਂ ਕਿ ਵੋਟਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ ਅਤੇ ਏਅਰ ਇੰਡੀਆ ਵੱਲੋਂ ਜਾਰੀ ਸੀਨੀਅਰ ਸਿਟੀਜ਼ਨ ਕਾਰਡ। ਇਸ ਤੋਂ ਇਲਾਵਾ ਦੱਸ ਦੇਈਏ ਕਿ ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਕੰਪਨੀ ਅਲਾਇੰਸ ਏਅਰ 7 ਸਤੰਬਰ ਤੋਂ ਦਿੱਲੀ ਅਤੇ ਚੰਡੀਗੜ੍ਹ ਤੋਂ ਹੋਰ ਘਰੇਲੂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਸਰਕਾਰ ਵੱਲੋਂ ਹਾਲ ਹੀ 'ਚ ਏਅਰਲਾਈਨਾਂ ਨੂੰ ਘਰੇਲੂ ਉਡਾਣਾਂ ਦੀ ਗਿਣਤੀ ਵਧਾਉਣ ਦੀ ਹਰੀ ਝੰਡੀ ਦਿੱਤੀ ਗਈ ਸੀ।

ਚੰਡੀਗੜ੍ਹ ਤੋਂ ਕੁੱਲੂ ਦੀ ਫਲਾਈਟ ਸਵੇਰੇ 10 ਵਜੇ ਉਡਾਣ ਭਰੇਗੀ ਅਤੇ 11 ਵਜੇ ਕੁੱਲੂ ਪਹੁੰਚੇਗੀ। ਵਾਪਸੀ 'ਚ 11.30 ਵਜੇ ਰਵਾਨਾ ਹੋ ਕੇ ਇਹ 12.30 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਉਡਾਣ ਸੇਵਾ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲਬਧ ਹੋਵੇਗੀ।


author

Sanjeev

Content Editor

Related News