ਸਾਊਦੀ ਅਰਬ ਦੇ ਉੱਪਰੋਂ ਲੰਘ ਸਕਣਗੀਆਂ ਏਅਰ ਇੰਡੀਆ ਦੀਆਂ ਫਲਾਈਟਾਂ : ਨੇਤਨਯਾਹੂ

Wednesday, Mar 07, 2018 - 12:43 AM (IST)

ਸਾਊਦੀ ਅਰਬ ਦੇ ਉੱਪਰੋਂ ਲੰਘ ਸਕਣਗੀਆਂ ਏਅਰ ਇੰਡੀਆ ਦੀਆਂ ਫਲਾਈਟਾਂ : ਨੇਤਨਯਾਹੂ

ਵਾਸ਼ਿੰਗਟਨ/ ਜਲੰਧਰ (ਭਾਸ਼ਾ, ਅਨਿਲ ਸਲਵਾਨ)-ਸਾਊਦੀ ਅਰਬ ਨੇ ਏਅਰ ਇੰਡੀਆ ਨੂੰ ਇਸਰਾਈਲ ਦੀ ਉਡਾਣ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ਦੀ ਆਗਿਆ ਦੇ ਦਿੱਤੀ ਹੈ। ਏਅਰ ਇੰਡੀਆ ਦੀ ਇਹ ਉਡਾਣ ਨਵੀਂ ਦਿੱਲੀ ਤੋਂ ਤੇਲ ਅਵੀਵ ਲਈ ਹੈ। ਇਸਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇਹ ਜਾਣਕਾਰੀ ਦਿੱਤੀ।

ਨੇਤਨਯਾਹੂ ਨੇ ਕਿਹਾ ਕਿ ਇਸ ਕਦਮ ਨਾਲ ਦੋਵਾਂ ਸ਼ਹਿਰਾਂ ਵਿਚਾਲੇ ਯਾਤਰਾ ਦਾ ਸਮਾਂ ਢਾਈ ਘੰਟੇ ਘਟੇਗਾ। ਭਾਰਤ ਦੀ ਰਾਸ਼ਟਰੀ ਹਵਾਈ ਕੰਪਨੀ ਏਅਰ ਇੰਡੀਆ ਹੁਣ ਤੋਂ ਕੁਝ ਹਫ਼ਤਿਆਂ 'ਚ ਨਵੀਂ ਦਿੱਲੀ ਤੋਂ ਤੇਲ ਅਵੀਵ ਦੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਦੇ ਨਾਲ ਬੈਠਕ ਤੋਂ ਬਾਅਦ ਨੇਤਨਯਾਹੂ ਨੇ ਕਿਹਾ ਕਿ ਇਸ ਮਾਮਲੇ 'ਚ ਏਅਰ ਇੰਡੀਆ ਨੇ ਸਾਊਦੀ ਅਰਬ ਦੇ ਨਾਲ ਕਰਾਰ ਕੀਤਾ ਹੈ। ਹੁਣ ਤੱਕ ਸਾਊਦੀ ਅਰਬ ਨੇ ਆਪਣੇ ਹਵਾਈ ਖੇਤਰ ਤੋਂ ਕਿਸੇ ਜਹਾਜ਼ ਨੂੰ ਇਸਰਾਈਲ ਜਾਣ ਦੀ ਆਗਿਆ ਨਹੀਂ ਦਿੱਤੀ ਸੀ।

ਓਧਰ ਨਵੀਂ ਦਿੱਲੀ 'ਚ ਏਅਰ ਇੰਡੀਆ ਦੇ ਬੁਰਾਲੇ ਨੇ ਨੇਤਨਯਾਹੂ ਦੇ ਬਿਆਨ 'ਤੇ ਕਿਹਾ ਕਿ ਅਜੇ ਉਸ ਨੂੰ ਇਸ ਬਾਰੇ ਭਾਰਤੀ ਰੈਗੂਲੇਟਰੀ ਵੱਲੋਂ ਕੋਈ ਸੂਚਨਾ ਨਹੀਂ ਮਿਲੀ ਹੈ। ਏਅਰ ਇੰਡੀਆ ਨੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਵੱਲੋਂ ਦਿੱਲੀ ਤੋਂ ਤੇਲ ਅਵੀਵ ਲਈ ਹਫ਼ਤੇ 'ਚ 3 ਉਡਾਣਾਂ ਦੀ ਆਗਿਆ ਮੰਗੀ ਹੈ।


Related News