ਤਿਓਹਾਰੀ ਸੀਜ਼ਨ ’ਚ ਹਵਾਈ ਯਾਤਰਾ ਦੇ ਕਿਰਾਏ ’ਚ ਭਾਰੀ ਵਾਧਾ, ਮੁਸਾਫਰਾਂ ਦੀ ਗਿਣਤੀ ’ਚ ਵੀ ਵਾਧਾ

10/27/2021 10:40:13 AM

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਤਿਓਹਾਰੀ ਸੀਜ਼ਨ ਦੌਰਾਨ ਜਿੱਥੇ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ ਉੱਥੇ ਹੀ ਯਾਤਰਾ ਦੇ ਟਿਕਟ ਦੇ ਰੇਟ ਵੀ ਅਸਮਾਨ ਛੂੰਹ ਰਹੇ ਹਨ। ਆਨਲਾਈਨ ਟ੍ਰੈਵਲ ਐਗਰੀਗੇਟਰਜ਼ ਮੁਤਾਬਕ ਆਉਂਦੇ ਦੀਵਾਲੀ ਹਫਤੇ ਲਈ ਟੈਰਿਫ 2019 ’ਚ ਮਹਾਮਾਰੀ ਤੋਂ ਪਹਿਲਾਂ ਦੀ ਮਿਆਦ ਦੀ ਤੁਲਨਾ ’ਚ 100 ਫੀਸਦੀ ਵੱਧ ਹੈ। ਥਾਮਸ ਕੁਕ (ਇੰਡੀਆ) ਅਤੇ ਐੱਸ. ਓ. ਟੀ. ਸੀ. ਦੇ ਗਲੋਬਲ ਬਿਜ਼ਨੈੱਸ ਟ੍ਰੈਵਲ ਦੇ ਪ੍ਰਧਾਨ ਅਤੇ ਸਮੂਹ ਮੁਖੀ ਇੰਡੀਵਰ ਰਸਤੋਗੀ ਨੇ ਕਿਹਾ ਕਿ ਮਜ਼ਬੂਤ ਮੰਗ ’ਚ ਵਾਧਾ, ਟੀਕਾਕਰਨ ’ਚ ਵਾਧਾ, ਪਾਬੰਦੀਆਂ ’ਚ ਢਿੱਲ ਅਤੇ ਤਿਓਹਾਰੀ ਸੀਜ਼ਨ ਕਾਰਨ ਘਰੇਲੂ ਹਵਾਈ ਕਿਰਾਏ ’ਚ ਸ਼ਾਨਦਾਰ ਵਾਧਾ ਦੇਖਿਆ ਜਾ ਰਿਹਾ ਹੈ।

ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਦਾ ਕਿਰਾਇਆ

ਇਕਸਿਗੋ ਅਤੇ ਇਜ਼ਮਾਈਟ੍ਰਿਪ ਦੇ ਮੀਡੀਆ ਨਾਲ ਸਾਂਝਾ ਕੀਤੇ ਗਏ ਡਾਟਾ ਤੋਂ ਪਤਾ ਲਗਦਾ ਹੈ ਕਿ 2019 ’ਚ ਇਕਪਾਸੜ ਕੋਲਕਾਤਾ-ਮੁੰਬਈ ਉਡਾਣ ਦੀ ਟਿਕਟ 3,558 ਰੁਪਏ ਸੀ, ਜਿਸ ਦੀ ਕੀਮਤ ਹੁਣ ਦੀਵਾਲੀ ਹਫਤੇ ਦੌਰਾਨ 8,118 ਰੁਪਏ ਹੈ। ਇਸ ਤਰ੍ਹਾਂ ਨਵੀਂ ਦਿੱਲੀ-ਮੁੰਬਈ ਉਡਾਣ, ਜਿਸ ਦੀ ਕੀਮਤ 2019 ’ਚ 3,206 ਰੁਪਏ ਸੀ, ਹੁਣ ਉਸ ਦੀ ਕੀਮਤ 6,045 ਰੁਪਏ ਹੈ। 2019 ਦੀ ਦੀਵਾਲੀ ਮਿਆਦ ’ਚ ਕੋਲਕਾਤਾ-ਨਵੀਂ ਦਿੱਲੀ ਦਾ ਹਵਾਈ ਕਿਰਾਇਆ ਇਸ ਸਾਲ 6,446 ਰੁਪਏ ਦੀ ਤੁਲਨਾ ’ਚ 3,568 ਰੁਪਏ ਸੀ। ਇਸ ਤਰ੍ਹਾਂ ਦਾ ਟ੍ਰੈਂਡ ਹੋਰ ਪ੍ਰਮੁੱਖ ਮਾਰਗਾਂ ਜਿਵੇਂ ਨਵੀਂ ਦਿੱਲੀ-ਬੇਂਗਲੁਰੂ ’ਤੇ ਦੇਖਿਆ ਜਾ ਸਕਦਾ ਹੈ।

ਕੌਮਾਂਤਰੀ ਹਵਾਈ ਕਿਰਾਏ ’ਚ ਤਿੰਨ ਗੁਣਾ ਵਾਧਾ

ਇਜ਼ਮਾਈਟ੍ਰਿਪ ਦੇ ਸੰਸਥਾਪਕ ਨਿਸ਼ਾਂਤ ਪਿੱਟੀ ਨੇ ਕਿਹਾ ਕਿ ਕਿਰਾਇਆਂ ਦਾ ਸਮੁੱਚੀ ਮੰਗ ਨਾਲ ਸਿੱਧਾ ਤਾਲਮੇਲ ਹੈ। ਘਰੇਲੂ ਅਤੇ ਕੌਮਾਂਤਰੀ ਯਾਤਰਾ ਦੀ ਮੰਗ ਸਪਲਾਈ ਤੋਂ ਵੱਧ ਸੀ ਕਿਉਂਕਿ ਉਡਾਣਾਂ ਸੀਮਤ ਸਮਰੱਥਾ ਨਾਲ ਚੱਲ ਰਹੀਆਂ ਸਨ। ਅਸੀਂ ਦੇਖਿਆ ਕਿ ਘਰੇਲੂ ਕਿਰਾਏ ’ਚ 100 ਫੀਸਦੀ ਅਤੇ ਕੌਮਾਂਤਰੀ ਹਵਾਈ ਕਿਰਾਏ ’ਚ ਤਿੰਨ ਗੁਣਾ ਵਾਧਾ ਹੋਇਆ ਹੈ।

ਯਾਤਰਾ ਅਤੇ ਜਹਾਜ਼ੀ ਮਾਹਰਾਂ ਮੁਤਾਬਕ ਕੋਵਿਡ-19 ਮਾਮਲਿਆਂ ’ਚ ਗਿਰਾਵਟ ਅਤੇ ਵੈਕਸੀਨ ਦਰਾਂ ’ਚ ਵਾਧੇ ਨਾਲ ਗਾਹਕਾਂ ਦਾ ਵਿਸ਼ਵਾਸ ਪਰਤਿਆ ਹੈ। ਇਸ ਦੇ ਕਾਰਨ ਵਧੇਰੇ ਗਿਣਤੀ ’ਚ ਲੋਕ ਯਾਤਰਾ ਕਰਨਾ ਚਾਹੁੰਦੇ ਹਨ। ਉਦਾਹਰਣ ਲਈ 17 ਅਕਤੂਬਰ ਨੂੰ ਘਰੇਲੂ ਰੋਜ਼ਾਨਾ ਹਵਾਈ ਆਵਾਜਾਈ 2,372 ਉਡਾਣਾਂ ’ਚ 3.27 ਲੱਖ ਮੁਸਾਫਰਾਂ ਨਾਲ ਮਹਾਮਾਰੀ ਤੋਂ ਬਾਅਦ ਸਿਖਰ ’ਤੇ ਪਹੁੰਚ ਗਈ।


Harinder Kaur

Content Editor

Related News