ਸਾਲ 2025 ਤੱਕ ਤੇਲ-ਗੈਸ ਖੋਜ ਖੇਤਰ ਨੂੰ ਦੁੱਗਣਾ ਕਰਨ ਦਾ ਟੀਚਾ : ਪੁਰੀ

Friday, Feb 04, 2022 - 06:32 PM (IST)

ਸਾਲ 2025 ਤੱਕ ਤੇਲ-ਗੈਸ ਖੋਜ ਖੇਤਰ ਨੂੰ ਦੁੱਗਣਾ ਕਰਨ ਦਾ ਟੀਚਾ : ਪੁਰੀ

ਨਵੀਂ ਦਿੱਲੀ (ਭਾਸ਼ਾ) – ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਉਮੀਦ ਪ੍ਰਗਟਾਈ ਕਿ ਭਾਰਤ ਸਾਲ 2025 ਤੱਕ ਤੇਲ ਅਤੇ ਗੈਸ ਖੋਜ ਖੇਤਰਫਲ ਨੂੰ ਦੁੱਗਣਾ ਕਰ ਕੇ ਇਸ ਨੂੰ ਪੰਜ ਲੱਖ ਵਰਗ ਕਿਲੋਮੀਟਰ ਕਰ ਕੇ ਤੇਲ ਦਰਾਮਦ ’ਤੇ ਆਪਣੀ ਨਿਰਭਰਤਾ ਘੱਟ ਕਰਨ ’ਚ ਸਫਲ ਰਹੇਗਾ। ਪੁਰੀ ਨੇ ਵਿਸ਼ਵ ਊਰਜਾ ਨੀਤੀ ਸੰਮੇਲਨ 2022 ’ਚ ਸ਼ਿਰਕਤ ਕਰਦੇ ਹੋਏ ਕਿਹਾ ਕਿ ਘਰੇਲੂ ਪੱਧਰ ’ਤੇ ਤੇਲ ਅਤੇ ਗੈਸ ਖੋਜ ਦਾ ਖੇਤਰਫਲ ਸਾਲ 2030 ਤੱਕ 10 ਲੱਖ ਵਰਗ ਕਿਲੋਮੀਟਰ ਪਹੁੰਚਾਉਣ ਦਾ ਟੀਚਾ ਵੀ ਰੱਖਿਆ ਗਿਆ ਹੈ। ਇਸ ਨਾਲ ਘਰੇਲੂ ਪੱਧਰ ’ਤੇ ਤੇਲ ਅਤੇ ਗੈਸ ਉਤਪਾਦਨ ਵਧਣ ਦੇ ਨਾਲ ਹੀ ਤੇਲ ਦਰਾਮਦ ’ਤੇ ਨਿਰਭਰਤਾ ਵੀ ਘੱਟ ਹੋਵੇਗੀ। ਦੁਨੀਆ ਦਾ ਤੀਜਾ ਵੱਡਾ ਤੇਲ ਅਤੇ ਗੈਸ ਖਪਤਕਾਰ ਦੇਸ਼ ਭਾਰਤ ਇਨ੍ਹਾਂ ਊਰਜਾ ਸ੍ਰੋਤਾਂ ਲਈ ਦਰਾਮਦ ’ਤੇ ਕਾਫੀ ਹੱਦ ਤੱਕ ਨਿਰਭਰ ਹੈ। ਉਹ ਆਪਣੀ 80 ਫੀਸਦੀ ਤੇਲ ਲੋੜ ਦਰਾਮਦ ਰਾਹੀਂ ਪੂਰੀ ਕਰਦਾ ਹੈ ਜਦ ਕਿ ਗੈਸ ਦੇ ਮਾਮਲੇ ’ਚ ਇਹ ਿਨਰਭਰਤਾ 50 ਫੀਸਦੀ ਦੀ ਹੈ।

ਪੁਰੀ ਨੇ ਕਿਹਾ ਕਿ ਤੇਲ ਅਤੇ ਗੈਸ ਦਾ ਘਰੇਲੂ ਉਤਪਾਦਨ ਵਧਾਉਣ ਦੇ ਮਕਸਦ ਨਾਲ ਖੋਜ ਖੇਤਰ ਦਾ ਘੇਰਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਾਲ 2025 ਤੱਕ ਇਸ ਨੂੰ ਪੰਜ ਲੱਖ ਵਰਗ ਕਿਲੋਮੀਟਰ ਅਤੇ ਉਸ ਦੇ ਅਗਲੇ 5 ਸਾਲਾਂ ’ਚ 10 ਲੱਖ ਵਰਗ ਕਿਲੋਮੀਟਰ ਤੱਕ ਲਿਜਾਣ ਦਾ ਟੀਚਾ ਹੈ। ਪਿਛਲੇ ਪੰਜ ਸਾਲਾਂ ’ਚ ਨਵੀਂ ਮੁਕਤ ਖੇਤਰ ਲਾਈਸੈਂਸਿੰਗ ਨੀਤੀ ਦੇ ਤਹਿਤ ਸੱਤ ਦੌਰ ’ਚ ਤੇਲ ਅਤੇ ਗੈਸ ਮਾਈਨਿੰਗ ਖੇਤਰਾਂ ਦੀ ਨੀਲਾਮੀ ਕੀਤੀ ਗਈ ਹੈ, ਜਿਸ ਤੋਂ ਬਾਅਦ ਤੇਲ ਅਤੇ ਗੈਸ ਖੋਜ ਦਾ ਖੇਤਰਫਲ ਵਧ ਕੇ ਦੋ ਲੱਖ ਵਰਗ ਕਿਲੋਮੀਟਰ ਹੋ ਗਿਆ ਹੈ।

ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਸਾਲ 2025 ਤੱਕ ਭਾਰਤੀ ਅਰਥਵਿਵਸਥਾ ਦਾ ਅਾਕਾਰ ਪੰਜ ਲੱਖ ਕਰੋੜ ਡਾਲਰ ਅਤੇ 2030 ਤੱਕ 10 ਲੱਖ ਕਰੋੜ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਲਿਹਾਜਾ ਊਰਜਾ ਲੋੜਾਂ ਵੀ ਉਸੇ ਅਨੁਪਾਤ ’ਚ ਵਧਣਗੀਆਂ। ਇਸ ਨੂੰ ਪੂਰਾ ਕਰਨ ਲਈ ਘਰੇਲੂ ਉਤਪਾਦਨ ਨੂੰ ਵਧਾਉਣਾ ਜ਼ਰੂਰੀ ਹੈ। ਪੁਰੀ ਨੇ ਕਿਹਾ ਕਿ ਬੀ. ਪੀ. ਐਨਰਜੀ ਦ੍ਰਿਸ਼ ਮੁਤਾਬਕ ਸਾਲ 2050 ਤੱਕ ਕੌਮਾਂਤਰੀ ਊਰਜਾ ਮੰਗ ’ਚ ਭਾਰਤ ਦੀ ਹਿੱਸੇਦਾਰੀ ਛੇ ਫੀਸਦੀ ਦੇ ਮੌਜੂਦਾ ਪੱਧਰ ਤੋਂ ਦੁੱਗਣੀ ਹੋ ਕੇ 12 ਫੀਸਦੀ ਹੋਣ ਦੀ ਸੰਭਾਵਨਾ ਹੈ। ਭਾਰਤ ਦੀ ਊਰਜਾ ਮੰਗ ਵਧਣ ਦਾ ਟਿਕਾਊ ਵਿਕਾਸ ਟੀਚਿਆਂ ਦੀ ਪ੍ਰਾਪਤੀ ’ਤੇ ਉਲਟ ਪ੍ਰਭਾਵ ਪਵੇਗਾ।


author

Harinder Kaur

Content Editor

Related News