ਦੀਵਾਲੀ ਤੋਂ ਬਾਅਦ ਟਮਾਟਰ-ਪਿਆਜ਼ ਦੀਆਂ ਕੀਮਤਾਂ ''ਚ ਹੋ ਸਕਦੀ ਨਰਮੀ

10/14/2019 10:45:09 AM

ਨਵੀਂ ਦਿੱਲੀ — ਦੀਵਾਲੀ ਦੇ ਬਾਅਦ ਉਪਭੋਗਤਾਵਾਂ ਨੂੰ ਟਮਾਟਰ-ਪਿਆਜ਼ ਦੀ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ। ਨਵੀਂ ਫਸਲ ਦੀ ਆਮਦ ਦੇ ਦਬਾਅ ਇਨ੍ਹਾਂ ਦੇ ਭਾਅ ਤੇਜ਼ੀ ਨਾਲ ਡਿੱਗ ਸਕਦੇ ਹਨ। ਪਿਆਜ਼-ਟਮਾਟਰ ਦੀ ਫਸਲ ਦੇ ਉਤਪਾਦਕ ਖੇਤਰਾਂ 'ਚ ਭਾਰੀ ਬਾਰਿਸ਼ ਨਾਲ ਹੋਏ ਨੁਕਸਾਨ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਕੀਤੀਆਂ ਗਈਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਪਿਆਜ਼ ਦੇ ਭਾਅ ਉੱਚੇ ਬਣੇ ਹੋਏ ਹਨ। ਪ੍ਰਚੂਨ ਬਜ਼ਾਰ 'ਚ ਗੁਣਵੱਤਾ ਦੇ ਆਧਾਰ 'ਤੇ ਪਿਆਜ਼-ਟਮਾਟਰ 50 ਤੋਂ ਲੈ ਕੇ 80 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ, ਜਦੋਂਕਿ ਮੰਡੀਆਂ 'ਚ ਇਸ ਦਾ ਥੋਕ ਭਾਅ 25 ਤੋਂ 50 ਰੁਪਏ ਕਿਲੋ ਹੈ।
ਦਿੱਲੀ ਸਥਿਤ ਆਜ਼ਾਦਪੁਰ ਮੰਡੀ 'ਚ ਪਿਆਜ਼ 2,000 ਤੋਂ 4,000 ਰੁਪਏ ਅਤੇ ਮੁੱਖ ਉਤਪਾਦਕ ਸੂਬਾ ਮਹਾਰਾਸ਼ਟਰ ਦੀ ਲਾਸਲਗਾਂਵ ਮੰਡੀ 'ਚ 1,500 ਤੋਂ 3,350 ਰੁਪਏ ਪ੍ਰਤੀ ਕਵਿੰਟਲ ਵਿਕ ਰਿਹਾ ਹੈ। ਮਹੀਨਾ ਭਰ ਪਹਿਲਾਂ ਇਨ੍ਹਾਂ ਦੇ ਭਾਅ ਕ੍ਰਮਵਾਰ : 1,250 ਤੋਂ 3,125 ਅਤੇ 1,000 ਤੋਂ 2,500 ਰੁਪਏ ਕਵਿੰਟਲ ਸਨ। ਆਜ਼ਾਦਪੁਰ ਮੰਡੀ ਮਹੀਨਾਭਰ ਪਹਿਲਾਂ 600 ਤੋਂ 2,000 ਰੁਪਏ ਵਿਕਣ ਵਾਲਾ ਟਮਾਟਰ ਹੁਣ 1,500 ਤੋਂ 4,600 ਰੁਪਏ ਪ੍ਰਤੀ ਕਵਿੰਟਲ ਵਿਕ ਰਿਹਾ ਹੈ।

ਦੀਵਾਲੀ ਤੋਂ ਬਾਅਦ ਘਟ ਸਕਦੀ ਹੈ ਕੀਮਤ

ਦੀਵਾਲੀ ਦੇ ਬਾਅਦ ਬੈਂਗਲੁਰੂ ਤੋਂ ਵੀ ਟਮਾਟਰ ਦੀ ਨਵੀਂ ਫਸਲ ਦੀ ਆਮਦ ਤੇਜ਼ ਹੋ ਜਾਵੇਗੀ। ਦੀਵਾਲੀ ਦੇ ਬਾਅਦ ਮੰਡੀਆਂ 'ਚ ਪਹੁੰਚਣ ਵਾਲੇ ਟਮਾਟਰ ਦੀ ਆਮਦ 40 ਗੱਡੀਆਂ ਤੋਂ ਉੱਪਰ ਜਾ ਸਕਦੀ ਹੈ ਜਿਸ ਤੋਂ ਬਾਅਦ ਟਮਾਟਰ ਦੇ ਭਾਅ ਡਿੱਗਣ ਲੱਗਣਗੇ। ਦੀਵਾਲੀ ਬੀਤ ਜਾਣ ਦੇ ਬਾਅਦ ਟਮਾਟਰ ਦੇ ਭਾਅ 20-25 ਰੁਪਏ ਦੇ ਪੱਧਰ 'ਤੇ ਆ ਸਕਦੇ ਹਨ। ਇਸੇ ਤਰ੍ਹਾਂ ਦੱਖਣੀ ਭਾਰਤ ਦੇ ਸੂਬਿਆਂ ਤੋਂ ਨਵੇਂ ਪਿਆਜ਼ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਇਸ ਸਮੇਂ ਮੰਡੀ 'ਚ 65 ਟਰੱਕ ਪਿਆਜ਼ ਦੀ ਆਮਦ ਹੋ ਰਹੀ ਹੈ। ਦੀਵਾਲੀ ਦੇ ਬਾਅਦ ਇਨ੍ਹਾਂ ਸੂਬਿਆਂ ਦੇ ਨਾਲ-ਨਾਲ ਰਾਜਸਥਾਨ ਦੇ ਅਲਵਰ ਤੋਂ ਵੀ ਪਿਆਜ਼ ਦੀ ਸਪਲਾਈ ਜ਼ੋਰ ਫੜਣ ਲੱਗੇਗੀ ਜਿਸ ਨਾਲ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਦੀਵਾਲੀ ਦੇ ਬਾਅਦ ਪਿਆਜ਼ ਦੇ ਭਾਅ ਮੰਡੀਆਂ 'ਚ 2,000 ਰੁਪਏ ਕਵਿੰਟਲ ਤੱਕ ਆ ਸਕਦੇ ਹਨ। 

ਕੇਂਦਰ ਸਰਕਾਰ ਨੇ ਪਿਆਜ਼ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਇਸ ਦੇ ਨਿਰਯਾਤ 'ਤੇ ਰੋਕ ਲਗਾਉਣ ਅਤੇ ਇਸ ਨੂੰ ਸਟੋਰ ਕਰਕੇ ਰੱਖਣ ਦੀ ਹੱਦ ਲਾਗੂ ਕਰਨ ਦਾ ਫੈਸਲਾ ਲਿਆ ਸੀ। ਇਸ ਫੈਸਲੇ ਤੋਂ ਬਾਅਦ ਕੁਝ ਦਿਨਾਂ ਤੱਕ ਤਾਂ ਕੀਮਤਾਂ ਹੇਠਾਂ ਆ ਗਈਆਂ ਸਨ। ਪਰ ਹੁਣ ਫਿਰ ਤੋਂ ਇਸ ਭਾਅ ਚੜ੍ਹ ਗਏ ਹਨ। ਇਸੇ ਤਰ੍ਹਾਂ ਦਿੱਲੀ ਸਰਕਾਰ ਨੇ ਰਾਸ਼ਨ ਦੀਆਂ ਦੁਕਾਨਾਂ ਅਤੇ 70 ਮੋਬਾਇਲ ਵੈਨਾਂ ਦੇ ਜ਼ਰੀਏ 24 ਰੁਪਏ ਪ੍ਰਤੀ ਕਿਲੋ ਸਸਤਾ ਪਿਆਜ਼ ਵੇਚਣਾ ਸ਼ੁਰੂ ਕੀਤਾ ਹੈ।


Related News