ਵਿਸ਼ਵ ਭਰ ਦੇ ਲੱਖਾਂ ਮਰੀਜ਼ਾਂ ਲਈ 20 ਸਾਲਾਂ ਪਿੱਛੋਂ ਇਸ ਦਵਾ ਨੂੰ ਮਿਲੀ ਮਨਜ਼ੂਰੀ

Tuesday, Jun 08, 2021 - 09:34 AM (IST)

ਵਾਸ਼ਿੰਗਟਨ- ਵਿਸ਼ਵ ਭਰ ਦੇ ਅਲਜ਼ਾਈਮਰ ਦੇ ਲੱਖਾਂ ਮਰੀਜ਼ਾਂ ਲਈ ਖ਼ੁਸ਼ਖ਼ਬਰੀ ਹੈ। ਯੂ. ਐੱਸ. ਖੁਰਾਕ ਤੇ ਦਵਾ ਪ੍ਰਸ਼ਾਸਨ ਨੇ ਅਲਜ਼ਾਈਮਰ ਦੇ ਮਰੀਜ਼ਾਂ ਦੇ ਇਲਾਜ ਲਈ ਇਕ ਨਵੀਂ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਲਜ਼ਾਈਮਰਜ਼ ਦੀ ਇਸ ਦਵਾਈ ਦਾ ਨਾਮ ਅਡੁਹੈਲਮ (ਅਡੁਕਨੁਮੈਬ) ਹੈ। ਪਿਛਲੇ 20 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਅਲਜ਼ਾਈਮਰ ਦੇ ਇਲਾਜ ਲਈ ਕਿਸੇ ਦਵਾਈ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਪਹਿਲੀ ਦਵਾਈ ਹੈ ਜੋ ਬਿਮਾਰੀ ਨੂੰ ਵਧਣ ਤੋਂ ਰੋਕਦੀ ਹੈ। ਇਹ ਬਿਮਾਰੀ ਅਮਰੀਕਾ ਵਿਚ ਹੁਣ ਤੱਕ ਮੌਤ ਦਾ 6ਵਾਂ ਪ੍ਰਮੁੱਖ ਕਾਰਨ ਰਹੀ ਹੈ।

ਇਹ ਦਵਾਈ ਬਾਇਓਟੈਕਨਾਲੌਜੀ ਕੰਪਨੀ ਬਾਇਓਜਨ ਵੱਲੋਂ ਬਣਾਈ ਗਈ ਹੈ। ਮਾਓ ਕਲੀਨਿਕ ਦੇ ਅਲਜ਼ਾਈਮਰ ਰੋਗ ਮਾਹਰ ਡਾਕਟਰ ਰੋਨਾਲਡ ਪੀਟਰਸਨ ਨੇ ਕਿਹਾ, "ਅਲਜ਼ਾਈਮਰ ਬਿਮਾਰੀ ਵਾਲੇ ਮਰੀਜ਼ਾਂ ਲਈ ਇਹ ਚੰਗੀ ਖ਼ਬਰ ਹੈ।" ਹਾਲਾਂਕਿ, ਉਨ੍ਹਾਂ ਇਹ ਵੀ ਸਾਵਧਾਨ ਕੀਤਾ ਕਿ ਇਹ ਇਸ ਦਾ ਪੱਕਾ ਇਲਾਜ ਨਹੀਂ ਹੈ ਪਰ ਉਮੀਦ ਹੈ ਕਿ ਇਸ ਨਾਲ ਬਿਮਾਰੀ ਦੀ ਰੋਕਥਾਮ ਹੋ ਜਾਵੇਗੀ।

ਇਹ ਵੀ ਪੜ੍ਹੋ- 14 ਜੂਨ ਨੂੰ ਖੁੱਲ੍ਹੇਗਾ ਸ਼ਯਾਮ ਮੈਟਲਿਕਸ ਦਾ ਆਈ. ਪੀ. ਓ., ਪ੍ਰਾਈਸ ਬੈਂਡ ਜਾਰੀ

ਇਹ ਬਿਮਾਰੀ ਜਦੋਂ ਮਰੀਜ਼ ਵਿਚ ਗੰਭੀਰ ਸਥਿਤੀ ਵਿਚ ਪਹੁੰਚ ਜਾਂਦੀ ਹੈ ਤਾਂ ਰੋਗੀ ਪਰਿਵਾਰ ਨੂੰ ਵੀ ਭੁੱਲਣ ਲੱਗ ਜਾਂਦਾ ਹੈ। ਇਸ ਸਥਿਤੀ ਵਿਚ ਰੋਗੀ ਨੂੰ ਹਰ ਸਮੇਂ ਇਕ ਸਾਂਭ-ਸੰਭਾਲ ਵਾਲੇ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਹ ਬਿਨਾਂ ਕੁਝ ਸੋਚੇ-ਸਮਝੇ ਕਿਤੇ ਵੀ ਚਲੇ ਜਾਂਦੇ ਹਨ ਅਤੇ ਭੁੱਲ ਜਾਂਦੇ ਹਨ ਕਿ ਆਖ਼ਰ ਕੌਣ ਹਨ ਅਤੇ ਕਿੱਥੇ ਜਾ ਰਹੇ ਹਨ। ਯੂ. ਐੱਸ. ਖੁਰਾਕ ਤੇ ਦਵਾ ਪ੍ਰਸ਼ਾਸਨ ਨੇ ਆਪਣੀ ਵੈਬਸਾਈਟ 'ਤੇ ਕਿਹਾ ਕਿ ਅਡੂਹੇਲਮ ਦੇ ਕਲੀਨਿਕਲ ਟ੍ਰਾਇਲਾਂ ਦੇ ਨਤੀਜੇ ਮਿਲੇ-ਜੁਲੇ ਸਨ ਪਰ ਇਹ ਦਵਾਈ ਦਿਮਾਗ ਵਿਚ ਐਮੀਲੋਇਡ ਬੀਟਾ ਪਲੇਕਸ ਘਟਾਉਣ ਵਿਚ ਮਦਦਗਾਰ ਦਿਸੀ ਹੈ, ਜਿਸ ਨਾਲ ਮਰੀਜ਼ਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ। ਬਾਇਓਜੇਨ ਨੂੰ ਹੋਰ ਕਲੀਨਿਕਲ ਟ੍ਰਾਇਲ ਵੀ ਕਰਨੇ ਹੋਣਗੇ। ਇਸ ਵਿਚਕਾਰ ਬਿਨਾਂ ਦੇਰੀ ਮਰੀਜ਼ਾਂ ਨੂੰ ਇਹ ਉਪਲਬਧ ਹੋਵੇਗੀ। ਭਾਰਤ ਵਿਚ ਹੀ ਅਲਜ਼ਾਈਮਰ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 15 ਲੱਖ ਤੋਂ ਵੱਧ ਹੈ।

ਇਹ ਵੀ ਪੜ੍ਹੋ- ਸਨੈਕਸ, ਡ੍ਰਿੰਕਸ 'ਤੇ ਭਾਰੀ ਡਿਸਕਾਊਂਟ ਦੀ ਝੜੀ, ਫਿਰ ਨਹੀਂ ਮਿਲੇਗਾ ਇਹ ਮੌਕਾ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News