ਵਿਕਾਸਸ਼ੀਲ ਏਸ਼ੀਆ ''ਚ 60 ਸਾਲਾਂ ''ਚ ਪਹਿਲੀ ਵਾਰ ਛਾਏਗੀ ਮੰਦੀ : ADB

Tuesday, Sep 15, 2020 - 02:43 PM (IST)

ਵਿਕਾਸਸ਼ੀਲ ਏਸ਼ੀਆ ''ਚ 60 ਸਾਲਾਂ ''ਚ ਪਹਿਲੀ ਵਾਰ ਛਾਏਗੀ ਮੰਦੀ : ADB

ਮਨੀਲਾ— ਸਾਲ 2020 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਅਰਥਵਿਵਸਥਾਵਾਂ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਦੀ ਰਿਪੋਰਟ ਮੁਤਾਬਕ, 2020 'ਚ ਏਸ਼ੀਆ ਦੀਆਂ ਵਿਕਾਸਸ਼ੀਲ ਅਰਥਵਿਵਸਥਾਵਾਂ ਮੰਦੀ ਦੇ ਲਪੇਟੇ 'ਚ ਆਉਣਗੀਆਂ।

ਮੰਗਲਵਾਰ ਨੂੰ ਜਾਰੀ ਆਪਣੇ ਅਨੁਮਾਨਾਂ 'ਚ ਏ. ਡੀ. ਬੀ. ਨੇ ਕਿਹਾ ਕਿ 60 ਸਾਲਾਂ 'ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵਿਕਾਸਸ਼ੀਲ ਏਸ਼ੀਆ ਦੀਆਂ ਅਰਥਵਿਵਸਥਾਵਾਂ 'ਚ ਗਿਰਾਵਟ ਆਵੇਗੀ। ਇਸ ਸਾਲ ਯਾਨੀ 2020 'ਚ ਖੇਤਰੀ ਅਰਥਵਿਵਸਥਾ 'ਚ 0.7 ਫੀਸਦੀ ਦੀ ਗਿਰਾਵਟ ਆਵੇਗੀ। ਹਾਲਾਂਕਿ, 2021 'ਚ ਇਹ ਖੇਤਰ 6.8 ਫੀਸਦੀ ਦਾ ਵਾਧਾ ਦਰਜ ਕਰੇਗਾ। ਏ. ਡੀ. ਬੀ. ਨੇ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦੀ ਸਥਿਤੀ ਹੋਰ ਖ਼ਰਾਬ ਹੁੰਦੀ ਹੈ ਤਾਂ ਖੇਤਰ ਦੀ ਅਰਥਵਿਵਸਥਾ ਦੀ ਗਿਰਾਵਟ ਵੀ ਵੱਡੀ ਰਹਿ ਸਕਦੀ ਹੈ। ਏ. ਡੀ. ਬੀ. ਨੇ ਫਿਲਪਿਨ ਅਤੇ ਇੰਡੋਨੇਸ਼ੀਆ ਵਰਗੇ ਖੇਤਰਾਂ ਦੀ ਵਿਕਾਸ ਦਰ ਦਾ ਅੰਦਾਜ਼ਾ ਘਟਾ ਦਿੱਤਾ ਹੈ। ਇਨ੍ਹਾਂ ਦੇਸ਼ਾਂ 'ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਵਧੇ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਤੋਂ ਇਸ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ ਪਰ ਉਹ ਇਸ ਤੋਂ ਉਭਰ ਚੁੱਕਾ ਹੈ। ਏ. ਡੀ. ਬੀ. ਦਾ ਅਨੁਮਾਨ ਹੈ ਕਿ ਇਸ ਸਾਲ ਚੀਨ ਦੀ ਅਰਥਵਿਵਸਥਾ 1.8 ਫੀਸਦੀ ਦਾ ਵਾਧਾ ਦਰਜ ਕਰੇਗੀ। ਉੱਥੇ ਹੀ 2021 'ਚ ਚੀਨ ਦੀ ਵਿਕਾਸ ਦਰ 7.7 ਫੀਸਦੀ ਰਹੇਗੀ। 2019 'ਚ ਚੀਨ ਦੀ ਵਿਕਾਸ ਦਰ 6.1 ਫੀਸਦੀ ਰਹੀ ਸੀ। ਰਿਪੋਰਟ ਦਾ ਕਹਿਣਾ ਹੈ ਕਿ ਏਸ਼ੀਆਈ ਖੇਤਰ 'ਚ ਕੁੱਲ ਮਿਲਾ ਕੇ 1960 ਦੇ ਦਹਾਕੇ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੋਵੇਗੀ। ਏ. ਡੀ. ਬੀ. ਦੇ ਮੁੱਖ ਅਰਥਸ਼ਾਸਤਰੀ ਯਾਸੁਯੁਕੀ ਸਵਾਦਾ ਨੇ ਕਿਹਾ, ''ਇਹ ਸਾਡੇ ਖੇਤਰ ਦੇ ਲੱਖਾਂ ਲੋਕਾਂ ਨੂੰ ਗਰੀਬੀ 'ਚੋਂ ਕੱਢਣ ਦੀਆਂ ਕੋਸ਼ਿਸ਼ਾਂ ਲਈ ਇਕ ਵੱਡਾ ਝਟਕਾ ਹੈ।''


author

Sanjeev

Content Editor

Related News