DHFL ਲਈ ਬੋਲੀ ਲਾਉਣ ਦੀ ਦੌੜ 'ਚ ਅਡਾਣੀ ਸਮੂਹ ਤੇ ਪੀਰਾਮਲ ਵੀ ਸ਼ਾਮਲ

10/18/2020 10:20:22 PM

ਨਵੀਂ ਦਿੱਲੀ— ਵਿੱਤੀ ਕੰਪਨੀ ਡੀ. ਐੱਚ. ਐੱਫ. ਐੱਲ. ਲਈ ਬੋਲੀ ਲਾਉਣ ਵਾਲੀਆਂ ਚਾਰ ਸੰਸਥਾਵਾਂ 'ਚ ਅਡਾਣੀ ਸਮੂਹ ਅਤੇ ਪੀਰਾਮਲ ਇੰਟਰਪ੍ਰਾਈਜਜ਼ ਵੀ ਸ਼ਾਮਲ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਡੀ. ਐੱਚ. ਐੱਫ. ਐੱਲ. ਦਿਵਾਲੀਆ ਪ੍ਰੀਕਰਿਆ 'ਚ ਰੱਖੀ ਗਈ ਪਹਿਲੀ ਵਿੱਤੀ ਸੇਵਾ ਕੰਪਨੀ ਹੈ। ਸੂਤਰਾਂ ਨੇ ਕਿਹਾ ਕਿ ਅਮਰੀਕਾ ਦੀ ਓਕਟ੍ਰੀ ਅਤੇ ਹਾਂਗਕਾਂਗ ਦੀ ਐੱਸ. ਸੀ. ਲਾਵੀ ਨੇ ਅੰਤਿਮ ਬੋਲੀ ਦਾਖ਼ਲ ਕਰਨ ਦੇ ਆਖਰੀ ਦਿਨ 17 ਅਕਤੂਬਰ ਨੂੰ ਡੀ. ਐੱਚ. ਐੱਫ. ਐੱਲ. ਲਈ ਬੋਲੀ ਲਾਈ।

ਭਾਰਤੀ ਰਿਜ਼ਰਵ ਬੈਂਕ ਨੇ ਨਵੰਬਰ 'ਚ ਡੀ. ਐੱਚ. ਐੱਫ. ਐੱਲ. ਨੂੰ ਦਿਵਾਲੀਆ ਪ੍ਰਕਿਰਿਆ ਲਈ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਹਵਾਲੇ ਕੀਤਾ ਸੀ। ਡੀ. ਐੱਚ. ਐੱਫ. ਐੱਲ. ਪਹਿਲੀ ਵਿੱਤੀ ਕੰਪਨੀ ਹੈ, ਜਿਸ ਨੂੰ ਆਰ. ਬੀ. ਆਈ. ਨੇ ਧਾਰਾ 227 ਤਹਿਤ ਵਿਸ਼ੇਸ਼ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਐੱਨ. ਸੀ. ਐੱਲ. ਟੀ. 'ਚ ਭੇਜਿਆ। ਇਸ ਤੋਂ ਪਹਿਲਾਂ ਕੰਪਨੀ ਦੇ ਬੋਰਡ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ ਅਤੇ ਆਰ. ਸੁਬਰਾਮਣਿਆਕੁਮਾਰ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਸੀ। ਉਹ ਆਈ. ਬੀ. ਸੀ. ਤਹਿਤ ਦਿਵਾਲੀਆ ਪੇਸ਼ਾਵਰ ਵੀ ਹਨ।

ਸੂਤਰਾਂ ਮੁਤਾਬਕ, ਓਕਟ੍ਰੀ ਨੇ ਪੂਰੀ ਕੰਪਨੀ ਲਈ ਬੋਲੀ ਲਾਈ ਹੈ ਅਤੇ ਬੋਲੀ 20,000 ਕਰੋੜ ਰੁਪਏ ਦੀ ਹੈ, ਜਦੋਂ ਕਿ ਕੰਪਨੀ ਦੀ ਦੇਣਦਾਰੀ 95,000 ਕਰੋੜ ਰੁਪਏ ਤੇ ਨਕਦੀ 10,000 ਕਰੋੜ ਰੁਪਏ ਹੈ। ਅਡਾਣੀ ਸਮੂਹ ਨੇ ਡੀ. ਐੱਚ. ਐੱਫ. ਐੱਲ. ਦੇ 40,000 ਕਰੋੜ ਰੁਪਏ ਦੇ ਥੋਕ ਅਤੇ ਝੁੱਗੀ ਪੁਨਰਵਾਸ ਅਥਾਰਟੀ ਪੋਰਟਫੋਲੀਓ ਲਈ ਬੋਲੀ ਲਾਈ ਹੈ, ਜਿਸ ਦਾ ਮੁਲਾਂਕਣ ਤਕਰੀਬਨ 3,000 ਕਰੋੜ ਕੀਤਾ ਗਿਆ ਹੈ। ਪੀਰਾਮਲ ਨੇ ਡੀ. ਐੱਚ. ਐੱਫ. ਐੱਲ. ਦੇ ਰਿਟੇਲ ਪੋਰਟਫੋਲੀਓ ਲਈ ਬੋਲੀ ਲਾਈ ਹੈ। ਕੰਪਨੀ ਨੇ ਇਸ ਕਾਰੋਬਾਰ ਲਈ 12,000 ਕਰੋੜ ਰੁਪਏ ਦੀ ਬੋਲੀ ਲਾਈ ਹੈ। ਬੈਂਕਰਾਂ ਮੁਤਾਬਕ, ਚੌਥੀ ਬੋਲੀ ਲਾਉਣ ਵਾਲੀ ਕੰਪਨੀ ਐੱਸ. ਸੀ. ਲਾਵੀ ਦੀ ਬੋਲੀ ਕਈ ਸ਼ਰਤਾਂ ਦੇ ਨਾਲ ਹੈ, ਜਿਸ 'ਤੇ ਵਿਚਾਰ ਕਰਨਾ ਸੰਭਵ ਨਹੀਂ।


Sanjeev

Content Editor

Related News