ਅਡਾਨੀ ਸਮੂਹ ਨੇ 34,900 ਕਰੋੜ ਰੁਪਏ ਦੇ ਪੈਟ੍ਰੋਰਸਾਇਣ ਪ੍ਰਾਜੈਕਟ ਦਾ ਕੰਮ ਰੋਕਿਆ
Monday, Mar 20, 2023 - 04:40 PM (IST)
ਨਵੀਂ ਦਿੱਲੀ (ਭਾਸ਼ਾ) - ਅਡਾਨੀ ਸਮੂਹ ਨੇ ਗੁਜਰਾਤ ਦੇ ਮੁੰਦਰਾ ਵਿਚ 34,900 ਕਰੋੜ ਰੁਪਏ ਦੇ ਪੈਟ੍ਰੋਰਸਾਇਣ ਪ੍ਰਾਜੈਕਟ ਦਾ ਕੰਮ ਰੋਕ ਦਿੱਤਾ ਹੈ। ਸਮੂਹ ਅਮਰੀਕੀ ਨਿਵੇਸ਼ ਕੰਪਨੀ ਹਿੰਡਨਬਰਗ ਦੀ ਰਿਪੋਰਟ ਨਾਲ ਹੋਏ ਨੁਕਸਾਨ ਤੋਂ ਬਾਅਦ ਆਪਣੇ ਸੰਚਾਲਨ ਨੂੰ ਮਜ਼ਬੂਤ ਕਰਨ ਅਤੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਸੰਸਾਧਨਾਂ ਉੱਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਸਮੂਹ ਦੀ ਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ (ਏ. ਈ. ਐੱਲ) ਨੇ 2021 ਵਿਚ ਇਕ ਨਵਾਂ ਕੋਲੇ ਤੋਂ ਪੀ. ਵੀ. ਸੀ. ਬਣਾਉਣ ਦਾ ਪਲਾਂਟ ਸਥਾਪਤ ਕਰਨ ਲਈ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ ਮੁੰਦਰਾ ਪੈਟ੍ਰੋਕੇਮ ਲਿਮਟਿਡ ਦਾ ਗਠਨ ਕੀਤਾ ਸੀ। ਇਹ ਪਲਾਂਟ ਗੁਜਰਾਤ ਦੇ ਕੱਛ ਜ਼ਿਲੇ ਵਿਚ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ (ਏ. ਪੀ. ਐੱਸ. ਈ. ਜ਼ੈੱਡ.) ਦੀ ਜ਼ਮੀਨ ਉੱਤੇ ਲਾਇਆ ਜਾਣਾ ਸੀ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17 ਫ਼ੀਸਦੀ ਰਿਟਰਨ
ਹਿੰਡਨਬਰਗ ਰਿਸਰਚ ਦੀ 24 ਜਨਵਰੀ ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੇ ਮੁਲਾਂਕਣ ਵਿਚ ਲੱਗਭੱਗ 140 ਅਰਬ ਅਮਰੀਕੀ ਡਾਲਰ ਦੀ ਕਮੀ ਹੋਈ ਹੈ। ਅਜਿਹੇ ਵਿਚ ਸਮੂਹ ਫਿਲਹਾਲ ਕੁੱਝ ਕਰਜ਼ਾ ਚੁਕਾਉਣ, ਸੰਚਾਲਨ ਨੂੰ ਮਜ਼ਬੂਤ ਕਰਨ ਅਤੇ ਨਿਵੇਸ਼ਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਉੱਤੇ ਧਿਆਨ ਦੇ ਰਿਹਾ ਹੈ। ਸਮੂਹ ਨੇ ਹਿੰਡਨਬਰਗ ਦੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 2 ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਪ੍ਰਾਜੈਕਟਾਂ ਉੱਤੇ ਸਮੂਹ ਨੇ ਕੁੱਝ ਸਮੇਂ ਲਈ ਅੱਗੇ ਨਾ ਵਧਣ ਦਾ ਫੈਸਲਾ ਕੀਤਾ ਹੈ, ਉਸ ਵਿਚ 10 ਲੱਖ ਟਨ ਪ੍ਰਤੀ ਸਾਲ ਸਮਰੱਥਾ ਵਾਲੇ ਗਰੀਨ ਪੀ. ਵੀ. ਸੀ. ਪ੍ਰਾਜੈਕਟ ਸ਼ਾਮਿਲ ਹਨ। ਸਮੂਹ ਨੇ ਵਿਕ੍ਰੇਤਾਵਾਂ ਅਤੇ ਸਪਲਾਈਕਰਤਾਵਾਂ ਨੂੰ ਈ-ਮੇਲ ਭੇਜ ਕੇ ਤੁਰੰਤ ਸਾਰੀਆਂ ਗਤੀਵਿਧੀਆਂ ਨੂੰ ਰੋਕਣ ਨੂੰ ਕਿਹਾ ਹੈ। ਇਸ ਵਿਚ ਸਮੂਹ ਨੇ ਵਿਕ੍ਰੇਤਾਵਾਂ ਅਤੇ ਸਪਲਾਈਕਰਤਾਵਾਂ ਨੂੰ ਮੁੰਦਰਾ ਪੈਟ੍ਰੋਕੇਮ ਲਿਮਟਿਡ ਦੇ ਗਰੀਨ ਪੀ. ਵੀ. ਸੀ. ਪ੍ਰਾਜੈਕਟ ਲਈ ਅਗਲੇ ਨੋਟਿਸ ਤੱਕ ਸਾਰੀਆਂ ਗਤੀਵਿਧੀਆਂ ਅਤੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਮੁਅੱਤਲ ਕਰਨ ਲਈ ਕਿਹਾ ਹੈ। ਸਮੂਹ ਨੇ ਕਿਹਾ,‘‘ਵੱਖ-ਵੱਖ ਕਾਰੋਬਾਰੀ ਕਾਰਜ ਖੇਤਰਾਂ ਵਿਚ ਸਮੂਹ ਪੱਧਰ ਉੱਤੇ ਲਾਗੂ ਕੀਤੇ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਦਾ ਪੁਨਰ ਮੁਲਾਂਕਣ ਕੀਤਾ ਜਾ ਰਿਹਾ ਹੈ। ਭਵਿੱਖ ਦੇ ਨਕਦੀ ਪ੍ਰਵਾਹ ਅਤੇ ਵਿੱਤ ਦੇ ਆਧਾਰ ਉੱਤੇ, ਕੁੱਝ ਪ੍ਰਾਜੈਕਟਾਂ ਦੀ ਲਗਾਤਾਰਤਾ ਅਤੇ ਸਮਾਂਰੇਖਾ ਵਿਚ ਸੋਧ ਲਈ ਪੁਨਰ ਮੁਲਾਂਕਣ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਟੈਕਸ ਚੋਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ GST ਵਿਭਾਗ ਕਰੇਗਾ ਇਨਕਮ ਟੈਕਸ ਡਾਟਾ ਦੀ ਜਾਂਚ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।