ਰੂਚੀ ਸੋਇਆ: ਅਡਾਣੀ ਗਰੁੱਪ ਨੇ ਲਗਾਈ ਪਤੰਜਲੀ ਤੋਂ ਵੱਡੀ ਬੋਲੀ
Wednesday, Jun 13, 2018 - 08:30 AM (IST)

ਨਵੀਂ ਦਿੱਲੀ—ਅਰਬਪਤੀ ਕਾਰੋਬਾਰੀ ਗੌਤਮ ਅਡਾਣੀ ਦੇ ਅਡਾਣੀ ਗਰੁੱਪ ਨੇ ਦਿਵਾਲਿਆ ਪ੍ਰਕਿਰਿਆ ਤੋਂ ਲੰਘ ਰਹੀ ਰੂਚੀ ਸੋਇਆ ਦੀ ਪ੍ਰਾਪਤੀ ਲਈ 6,000 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਕੰਪਨੀ ਨੇ ਪ੍ਰਾਪਤੀ ਲਈ ਸਭ ਤੋਂ ਵੱਡੀ ਬੋਲੀ ਲਗਾਈ ਹੈ। ਉਨ੍ਹਾਂ ਕਿਹਾ ਕਿ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੈਦ ਨੇ ਕਰੀਬ 5,700 ਕਰੋੜ ਰੁਪਏ ਦੀ ਬੋਲੀ ਲਗਾਈ ਹੈ। ਹਾਲਾਂਕਿ ਸਵਿਸ ਚੈਲੇਂਜ ਵਿਧੀ ਦੇ ਤਹਿਤ ਚੱਲ ਰਹੀ ਨਿਲਾਮੀ ਪ੍ਰਕਿਰਿਆ ਦੇ ਅਧੀਨ ਪਤੰਜਲੀ ਦੇ ਕੋਲ ਪੇਸ਼ਕਸ਼ ਦਾ ਮਿਲਾਨ ਕਰਨ ਦਾ ਅਧਿਕਾਰ ਹੋਵੇਗਾ।
ਰੂਚੀ ਸੋਇਆ ਦੇ ਕਰਜ਼ਦਾਰ ਦੀ ਕਮੇਟੀ (ਸੀ.ਓ.ਸੀ.) ਨੇ ਅੱਜ ਆਯੋਜਿਤ ਮੀਟਿੰਗ 'ਚ ਪਤੰਜਲੀ ਅਤੇ ਅਡਾਣੀ ਵਿਲਮਰ ਵਲੋਂ ਦਾਖਲ ਬੋਲੀ ਨੂੰ ਖੋਲ੍ਹਿਆ। ਸੀ.ਓ.ਸੀ. ਨੇ ਰੂਚੀ ਸੋਇਆ ਦੀ ਪਰਿਸੰਪਤੀ ਦੇ ਮੁੱਲ ਨੂੰ ਜ਼ਿਆਦਾ ਕਰਨ ਲਈ ਸਵਿਸ ਚੈਲੇਂਜ ਵਿਧੀ ਲਾਗੂ ਕਰਨ ਦਾ ਫੈਸਲਾ ਲਿਆ ਹੈ। ਬੋਲੀ ਦੇ ਮੁੱਲ ਨੂੰ ਲੈ ਕੇ ਪਤੰਜਲੀ ਦੇ ਬੁਲਾਰੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਸਿਰਿਲ ਅਮਰਚੰਦ ਮੰਗਲਦਾਸ ਦੇ ਅਸਤੀਫੇ ਦੇ ਮੁੱਦੇ 'ਤੇ ਸਵਾਲ ਚੁੱਕੇ। ਪਤੰਜਲੀ ਦੇ ਬੁਲਾਰੇ ਐੱਸ ਕੇ ਤਿਜਾਰਾਵਾਲਾ ਨੇ ਕਿਹਾ ਕਿ ਅਸੀਂ ਹੈਰਾਨ ਹੈ ਅਤੇ ਸੀ.ਓ.ਸੀ. ਤੋਂ ਜਾਣਕਾਰੀ ਮੰਗਣਗੇ। ਅਸੀਂ ਸਿਰਿਲ ਅਮਰਚੰਦ ਮੰਗਲਦਾਸ ਦੇ ਅਸਤੀਫੇ ਦੇ ਮੁੱਦੇ 'ਤੇ ਚਿੱਠੀ ਲਿਖੀ ਹੈ।
ਸੂਤਰਾਂ ਨੇ ਕਿਹਾ ਕਿ ਕਰਜ਼ਦਾਤਾ ਰੂਚੀ ਸੋਇਆ ਦੀ ਪ੍ਰਾਪਤੀ ਲਈ ਲਗਾਈ ਗਈ ਸ਼ੁਰੂਆਤੀ ਬੋਲੀ ਤੋਂ ਖੁਸ਼ ਨਹੀਂ ਹੈ। ਇਸ ਦੌਰਾਨ ਪਤੰਜਲੀ 4,300 ਕਰੋੜ ਰੁਪਏ ਦੀ ਪੇਸ਼ਕਸ਼ ਦੇ ਨਾਲ ਸਭ ਤੋਂ ਵੱਡੀ ਬੋਲੀ ਵਾਲੀ ਕੰਪਨੀ ਦੇ ਰੂਪ 'ਚ ਉਭਰੀ ਸੀ। ਅਡਾਣੀ ਨੇ 3,300 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਰੂਚੀ ਸੋਇਆ 'ਤੇ ਬੈਂਕਾਂ ਦਾ ਕਰੀਬ 12,000 ਕਰੋੜ ਰੁਪਏ ਦਾ ਬਕਾਇਆ ਕਰਜ਼ ਹੈ। ਸਵਿਸ ਚੈਲੇਂਜ ਵਿਧੀ ਦੇ ਅਧੀਨ, ਅਡਾਣੀ ਨੂੰ ਪੇਸ਼ਕਸ਼ ਦਾ ਇਕ ਹੋਰ ਮੌਕਾ ਮਿਲੇਗਾ ਜੇਕਰ ਪਤੰਜਲੀ ਉਸ ਦੀ 6,000 ਕਰੋੜ ਰੁਪਏ ਦੀ ਪੇਸ਼ਕਸ਼ ਦੇ ਬਰਾਬਰ ਜਾਂ ਉਸ ਤੋਂ ਚੰਗੀ ਬੋਲੀ ਲਗਾਉਂਦੀ ਹੈ। ਪਤੰਜਲੀ ਅਤੇ ਅਡਾਣੀ ਤੋਂ ਇਲਾਵਾ ਇਮਾਮੀ ਐਗਰੋਟੇਕ ਅਤੇ ਗੋਦਰੇਜ ਐਗਰੋਵੇਟ ਨੇ ਵੀ ਰੂਚੀ ਸੋਇਆ ਦੀ ਪ੍ਰਾਪਤੀ ਦੀ ਇੱਛਾ ਜਤਾਈ ਸੀ।