ਮਾਹਰਾਂ ਦੀ ਰਾਏ, ਰੈਪੋ ਦਰ ''ਚ 0.25 ਤੋਂ 0.35 ਫੀਸਦੀ ਦਾ ਵਾਧਾ ਕਰੇਗਾ ਰਿਜ਼ਰਵ ਬੈਂਕ
Sunday, Dec 04, 2022 - 04:16 PM (IST)
ਨਵੀਂ ਦਿੱਲੀ- ਪ੍ਰਚੂਨ ਮਹਿੰਗਾਈ 'ਚ ਨਰਮੀ ਦੇ ਸੰਕੇਤਾਂ ਅਤੇ ਵਿਕਾਸ ਨੂੰ ਵਾਧਾ ਦੇਣ ਦੀ ਲੋੜ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ) ਬੁੱਧਵਾਰ ਨੂੰ ਆਪਣੀ ਆਗਾਮੀ ਮੁਦਰਾ ਨੀਤੀ ਸਮੀਖਿਆ 'ਚ ਦਰਾਂ 'ਚ ਵਾਧੇ ਨੂੰ ਲੈ ਕੇ ਨਰਮ ਰੁਖ ਅਪਣਾ ਸਕਦਾ ਹੈ।
ਮਾਹਿਰਾਂ ਦਾ ਅਨੁਮਾਨ ਹੈ ਕਿ ਵਿਆਜ ਦਰਾਂ 'ਚ ਲਗਾਤਾਰ ਤਿੰਨ ਵਾਰ 0.50 ਫੀਸਦੀ ਦਾ ਵਾਧਾ ਕਰਨ ਤੋਂ ਬਾਅਦ ਹੁਣ ਕੇਂਦਰੀ ਬੈਂਕ ਇਸ ਵਾਰ ਵਿਆਜ ਦਰਾਂ 'ਚ 0.25 ਤੋਂ 0.35 ਫੀਸਦੀ ਤੱਕ ਵਾਧਾ ਕਰ ਸਕਦਾ ਹੈ। ਆਰ.ਬੀ.ਆਈ ਦੀ ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਬੈਠਕ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ। ਤਿੰਨ ਦਿਨ ਦੀ ਮੀਟਿੰਗ ਦੇ ਨਤੀਜਿਆਂ ਦੀ ਘੋਸ਼ਣਾ 7 ਦਸੰਬਰ ਨੂੰ ਕੀਤੀ ਜਾਵੇਗੀ।
ਘਰੇਲੂ ਕਾਰਕਾਂ ਤੋਂ ਇਲਾਵਾ ਐੱਮ.ਪੀ.ਸੀ. ਅਮਰੀਕਾ ਦੇ ਕੇਂਦਰੀ ਬੈਂਕ, ਫੈਡਰਲ ਰਿਜ਼ਰਵ ਦੀ ਅਗਵਾਈ ਕਰ ਸਕਦੀ ਹੈ ਜਿਸ ਨੇ ਇਸ ਮਹੀਨੇ ਦੇ ਅੰਤ 'ਚ ਦਰਾਂ 'ਚ ਕੁਝ ਘੱਟ ਵਾਧਾ ਕਰਨ ਦੇ ਸੰਕੇਤ ਦਿੱਤੇ ਹਨ। ਰਿਜ਼ਰਵ ਬੈਂਕ ਨੇ ਇਸ ਸਾਲ ਮਈ ਤੋਂ ਮੁੱਖ ਨੀਤੀਗਤ ਦਰ ਰੈਪੋ 'ਚ 1.90 ਫੀਸਦੀ ਦਾ ਵਾਧਾ ਕੀਤਾ ਹੈ। ਹਾਲਾਂਕਿ ਇਸ ਦੇ ਬਾਵਜੂਦ ਮਹਿੰਗਾਈ ਜਨਵਰੀ ਤੋਂ ਹੀ 6 ਫੀਸਦੀ ਦੇ ਸੰਤੋਸ਼ਜਨਕ ਪੱਧਰ ਤੋਂ ਉੱਪਰ ਬਣੀ ਹੋਈ ਹੈ।
ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ ਮਦਨ ਸਬਨਵੀਸ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਐੱਮ.ਪੀ.ਸੀ.ਇਸ ਵਾਰ ਵੀ ਦਰਾਂ 'ਚ ਵਾਧਾ ਕਰੇਗੀ। ਹਾਲਾਂਕਿ ਇਹ ਵਾਧਾ 0.25 ਤੋਂ 0.35 ਫੀਸਦੀ ਤੱਕ ਹੀ ਹੋਵੇਗਾ। ਅਜਿਹਾ ਅਨੁਮਾਨ ਹੈ ਕਿ ਰੈਪੋ ਦਰ ਇਸ ਵਿੱਤੀ ਸਾਲ 'ਚ 6.5 ਫੀਸਦੀ ਤੱਕ ਪਹੁੰਚ ਜਾਵੇਗੀ। ਇਸ ਦਾ ਮਤਲਬ ਹੈ ਕਿ ਫਰਵਰੀ 'ਚ ਰੈਪੋ ਰੇਟ 'ਚ ਇਕ ਹੋਰ ਵਾਧਾ ਦੇਖਣ ਨੂੰ ਮਿਲੇਗਾ।