ਛੋਟੀ ਜਿਹੀ ਖੋਲ੍ਹੀ ਸੀ ਦੁਕਾਨ, ਅੱਜ 90 ਹਜ਼ਾਰ ਕਰੋੜ ਨੇ ਬੇੜਾ ਲਾ ਦਿੱਤਾ ਪਾਰ!

Monday, Jun 19, 2017 - 03:43 PM (IST)

ਨਵੀਂ ਦਿੱਲੀ— ਪੜ੍ਹਾਈ 'ਚ ਮਨ ਨਹੀਂ ਲੱਗਿਆ ਤਾਂ ਕਾਲਜ ਛੱਡ ਦਿੱਤਾ। ਛੋਟੀ ਜਿਹੀ ਦੁਕਾਨ ਖੋਲ ਕੇ ਸਬਜ਼ੀਆਂ ਅਤੇ ਰਾਸ਼ਨ ਵੇਚਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਭਰੋਸਾ ਜਿੱਤਿਆ ਤਾਂ ਨੇੜੇ ਦੇ ਹੀ ਗਾਹਕਾਂ ਅਤੇ ਰਿਸ਼ਤੇਦਾਰਾਂ ਕੋਲੋਂ ਉਨ੍ਹਾਂ ਨੂੰ ਕਾਰੋਬਾਰ ਵਧਾਉਣ ਲਈ ਪੈਸੇ ਮਿਲ ਗਏ। ਅੱਜ ਇਸ ਸਖਸ਼ ਦੇ ਪੂਰੇ ਅਮਰੀਕਾ 'ਚ ਵੱਡੇ-ਵੱਡੇ ਸਟੋਰ ਹਨ ਅਤੇ ਉਨ੍ਹਾਂ ਦੀ ਕੰਪਨੀ ਉੱਥੇ ਦਾ ਪ੍ਰਸਿੱਧ ਨਾਮ ਬਣ ਗਈ ਹੈ। ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੇ ਕਾਰੋਬਾਰੀ ਜਾਨ ਮੈਕੇ ਦੀ, ਜਿਨ੍ਹਾਂ ਨੇ ਪੜ੍ਹਾਈ ਅਧੂਰੀ ਛੱਡ ਕੇ ਛੋਟੇ ਜਿਹੇ ਕਾਰੋਬਾਰ ਦੀ ਸ਼ੁਰੂਆਤ ਕੀਤੀ। 36 ਸਾਲ 'ਚ ਉਨ੍ਹਾਂ ਦੀ ਦੁਕਾਨ ਤੋਂ ਸ਼ੁਰੂ ਹੋਇਆ ਕਾਰੋਬਾਰ ਅਮਰੀਕਾ ਦੀ ਸਭ ਤੋਂ ਵੱਡੀ ਗ੍ਰੋਸਰੀ ਕੰਪਨੀ ਬਣ ਗਈ, ਜਿਸ ਦਾ ਨਾਮ ਰੱਖਿਆ ਗਿਆ 'ਹੋਲ ਫੂਡ ਮਾਰਕਿਟ'।
ਲੋਕਾਂ 'ਚ ਹੋਏ ਪ੍ਰਸਿੱਧ, ਬਣ ਗਿਆ ਵੱਡਾ ਸਟੋਰ
'ਹੋਲ ਫੂਡ ਮਾਰਕਿਟ' ਕੰਪਨੀ ਦੇ ਸੰਸਥਾਪਕ ਜਾਨ ਮੈਕੇ ਨੇ 23 ਸਾਲ ਦੀ ਉਮਰ 'ਚ ਇਕ ਛੋਟੀ ਜਿਹੀ ਦੁਕਾਨ ਤੋਂ ਸ਼ੁਰੂਆਤ ਕੀਤੀ ਸੀ। ਇਸ ਛੋਟੀ ਜਿਹੀ ਦੁਕਾਨ 'ਚ ਉਹ ਸਬਜ਼ੀਆਂ ਅਤੇ ਰਾਸ਼ਨ ਦੇ ਸਾਮਾਨ ਵੇਚਦੇ ਸਨ। ਬਾਅਦ 'ਚ ਉਨ੍ਹਾਂ ਨੇ ਇਸ ਕੰਮ 'ਚ ਹੋਰ ਦੋ ਵਿਅਕਤੀਆਂ ਨੂੰ ਆਪਣਾ ਹਿੱਸੇਦਾਰ ਬਣਾਇਆ। ਇਸ ਕੰਮ 'ਚ ਜਾਨ ਮੈਕੇ ਦੀ ਮਹਿਲਾ ਦੋਸਤ ਰੈਨਈ ਲਾਸਨ ਹੈਰਡੀ ਨੇ ਵੀ ਸਾਥ ਦਿੱਤਾ। ਇਨ੍ਹਾਂ ਨੇ ਮਿਲ ਕੇ ਪਹਿਲਾ 'ਹੋਲ ਫੂਡ ਮਾਰਕਿਟ' ਨਾਮ ਨਾਲ ਕਾਰੋਬਾਰ 1980 'ਚ ਸ਼ੁਰੂ ਕੀਤਾ। ਗਾਹਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਲਈ ਤਾਜ਼ਾ ਫਲ ਸਬਜ਼ੀਆਂ ਦੇ ਨਾਲ-ਨਾਲ ਸ਼ਰਾਬ, ਬੀਅਰ ਅਤੇ ਮੀਟ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੇ ਇਸ ਕੰਮ ਨੂੰ ਇੰਨਾ ਜ਼ਬਰਦਸਤ ਹੁੰਗਾਰਾ ਮਿਲਿਆ ਕਿ ਲੋਕ ਸਟੋਰ ਖੁੱਲ੍ਹਣ ਤੋਂ ਪਹਿਲਾਂ ਹੀ ਆ ਜਾਂਦੇ। ਮੈਕੇ ਕਹਿੰਦੇ ਹਨ ਕਿ ਲੋਕਾਂ 'ਚ ਇਸ ਸਟੋਰ ਨੂੰ ਲੈ ਕੇ ਬਹੁਤ ਉਤਸਾਹ ਸੀ। ਜਦੋਂ ਮੈਂ ਸਟੋਰ ਦਾ ਦਰਵਾਜ਼ਾ ਖੋਲ੍ਹਦਾ ਸੀ ਤਾਂ ਉਦੋਂ ਉੱਥੇ ਪਹਿਲਾਂ ਹੀ ਗਾਹਕਾਂ ਦੀ ਲਾਈਨ ਲੱਗੀ ਰਹਿੰਦੀ ਸੀ। ਦਿਲਚਸਪ ਇਹ ਹੈ ਕਿ ਅਸੀਂ ਇਸ ਸਟੋਰ ਦੇ ਵਿਗਿਆਪਨ 'ਤੇ ਇਕ ਰੁਪਿਆ ਖਰਚ ਨਹੀਂ ਕੀਤਾ। ਇਕ ਸਮਾਂ ਇੱਦਾ ਦਾ ਵੀ ਆਇਆ ਜਦੋਂ ਆਸਟਿਨ 'ਚ ਆਏ ਹੜ੍ਹ ਨੇ ਸਭ ਕੁਝ ਤਬਾਹ ਕਰ ਦਿੱਤਾ, ਤਦ ਮੈਕੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਕੁਝ ਕਰ ਸਕਣ ਪਰ ਸਥਾਨਕ ਲੋਕ ਕਾਰੋਬਾਰ ਨੂੰ ਬਚਾਉਣ ਲਈ ਅੱਗੇ ਆਏ ਅਤੇ ਕਈ ਗਾਹਕਾਂ ਨੇ ਵੀ ਇਸ ਸਟੋਰ 'ਚ ਨਿਵੇਸ਼ ਕੀਤਾ। ਕੁਝ ਸਾਲਾਂ ਬਾਅਦ ਅਮਰੀਕਾ ਦੇ ਹੋਰ ਸ਼ਹਿਰਾਂ 'ਚ ਵੀ 'ਹੋਲ ਫੂਡ ਮਾਰਕਿਟ' ਦੇ ਸਟੋਰ ਖੋਲ੍ਹੇ ਗਏ। 
ਸਿਰਫ 65 ਰੁਪਏ ਲੈਂਦੇ ਹਨ ਤਨਖਾਹ
ਜਾਨ ਮੈਕੇ 2006 ਤੋਂ ਬਿਨਾਂ ਤਨਖਾਹ ਪੈਕੇਜ 'ਤੇ ਕੰਮ ਕਰ ਰਹੇ ਹਨ। ਉਹ ਆਪਣੀ ਤਨਖਾਹ ਦੇ ਤੌਰ 'ਤੇ ਸਿਰਫ 1 ਡਾਲਰ ਯਾਨੀ ਤਕਰੀਬਨ 65 ਰੁਪਏ ਲੈ ਰਹੇ ਹਨ। ਕੰਪਨੀ ਦੇ ਅਜੇ 450 ਤੋਂ ਜ਼ਿਆਦਾ ਸਟੋਰ ਹਨ। ਜਦੋਂ ਕਿ 87 ਹਜ਼ਾਰ ਕਰਮਚਾਰੀ ਇਸ 'ਚ ਕੰਮ ਕਰਦੇ ਹਨ। ਅੱਜ ਇਹ ਕੰਪਨੀ ਇਸ ਲਈ ਚਰਚਾ 'ਚ ਹੈ ਕਿਉਂਕਿ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਅਤੇ ਆਨਲਾਈਨ ਪਰਚੂਨ ਕੰਪਨੀ ਐਮਾਜ਼ੋਨ ਦੇ ਮਾਲਕ ਜੈਫ ਬਿਜੋਸ ਨੂੰ ਉਨ੍ਹਾਂ ਦਾ ਕਾਰੋਬਾਰੀ ਮਾਡਲ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਕੰਪਨੀ ਨੂੰ ਰਾਤੋ-ਰਾਤ 90,000 ਕਰੋੜ ਰੁਪਏ 'ਚ ਖਰੀਦ ਲਿਆ। ਇਸ ਦੇ ਨਾਲ ਹੀ ਐਮਾਜ਼ੋਨ ਨੇ ਦੁਨੀਆ ਭਰ ਦੇ ਪਰਚੂਨ ਕਾਰੋਬਾਰ ਦੀ ਚਿੰਤਾ ਵਧਾ ਦਿੱਤੀ ਹੈ। ਇਸ ਸਮਝੌਤੇ ਤੋਂ ਬਾਅਦ ਐਮਾਜ਼ੋਨ ਗ੍ਰੋਸਰੀ ਸੈਕਟਰ ਦਾ ਵੱਡਾ ਹਿੱਸੇਦਾਰ ਹੋ ਜਾਵੇਗਾ। ਅਜਿਹੇ 'ਚ ਵਾਲਮਾਰਟ ਵਰਗੀਆਂ ਕੰਪਨੀਆਂ ਨੂੰ ਵੀ ਸਖਤ ਟੱਕਰ ਮਿਲੇਗੀ। ਮਾਹਰਾਂ ਦਾ ਕਹਿਣਾ ਹੈ ਕਿ ਇਹ ਸਮਝੌਤਾ ਨਾ ਸਿਰਫ ਹੈਰਾਨ ਕਰਨ ਵਾਲਾ ਹੈ ਸਗੋਂ ਐਮਾਜ਼ੋਨ ਦੀ ਅੱਜ ਤਕ ਦੀ ਸਭ ਤੋਂ ਵੱਡੀ ਡੀਲ ਹੋਵੇਗੀ ਕਿਉਂਕਿ ਐਮਾਜ਼ੋਨ ਅਜੇ ਤਕ ਸਿਰਫ ਆਨਲਾਈਨ ਬਾਜ਼ਾਰ 'ਚ ਹੀ ਦਖਲ ਰੱਖਦਾ ਹੈ ਪਰ ਹੁਣ ਉਹ ਬਾਜ਼ਾਰ 'ਚ ਆਪਣੀ ਫਿਜੀਕਲ ਮੌਜੂਦਗੀ ਦੇ ਨਾਲ ਉਤਰ ਰਿਹਾ ਹੈ।


Related News