ਚਾਹ ਦੀ ਚੁਸਕੀ ਹੋਵੇਗੀ ਮਹਿੰਗੀ! ਦੇਸ਼ ਦੇ ਵੱਡੇ ਬ੍ਰਾਂਡਸ ਵਧਾ ਰਹੇ ਮੁੱਲ

Saturday, Sep 07, 2024 - 12:19 PM (IST)

ਨਵੀਂ ਦਿੱਲੀ (ਇੰਟ.) - ਭਾਰਤ ਦੇ ਲੋਕਾਂ ਨੂੰ ਚਾਹ ਪੀਣਾ ਬੇਹੱਦ ਪਸੰਦ ਹੈ। ਹੁਣ ਚਾਹ ਦੀ ਚੁਸਕੀ ਮਹਿੰਗੀ ਹੋਣ ਜਾ ਰਹੀ ਹੈ, ਕਿਉਂਕਿ ਦੇਸ਼ ’ਚ ਪੈਕੇਜਡ ਚਾਹ ਵੇਚਣ ਵਾਲੀਆਂ ਦੋ ਵੱਡੀਆਂ ਕੰਪਨੀਆਂ ਯਾਨੀ ਹਿੰਦੁਸਤਾਨ ਯੂਨੀਲੀਵਰ ਲਿਮਟਿਡ (ਐੱਚ. ਯੂ. ਐੱਲ.) ਅਤੇ ਟਾਟਾ ਕੰਜ਼ਿਊਮਰ ਪ੍ਰੋਡਕਟਸ ਲਿਮਟਿਡ (ਟੀ. ਸੀ. ਪੀ. ਐੱਲ.) ਛੇਤੀ ਚਾਹ ਦੀਆਂ ਕੀਮਤਾਂ ’ਚ ਵਾਧਾ ਕਰਨ ਵਾਲੀਆਂ ਹਨ।

ਇਕ ਰਿਪੋਰਟ ਮੁਤਾਬਕ ਚਾਹ ਦੇ ਘਟਦੇ ਭੰਡਾਰ ਅਤੇ ਵਧਦੀ ਲਾਗਤ ਦਾ ਅਸਰ ਇਸ ਦੀਆਂ ਕੀਮਤਾਂ ’ਤੇ ਪੈ ਸਕਦਾ ਹੈ ਅਤੇ ਛੇਤੀ ਹੀ ਵੱਡੀਆਂ ਕੰਪਨੀਆਂ ਇਸ ਦੀਆਂ ਕੀਮਤਾਂ ’ਚ ਵਾਧਾ ਕਰ ਸਕਦੀਆਂ ਹਨ। ਇਸ ਦਾ ਸਿੱਧਾ ਅਸਰ ਸੁਪਰ ਮਾਰਕੀਟ ’ਚ ਮਿਲਣ ਵਾਲੀ ਚਾਹ ਦੇ ਮੁੱਲ ’ਤੇ ਪਵੇਗਾ ਅਤੇ ਗਾਹਕਾਂ ਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।

ਇਸ ਮਾਮਲੇ ’ਤੇ ਐੱਚ. ਯੂ . ਐੱਲ. ਦੇ ਬੁਲਾਰੇ ਨੇ ਇਹ ਮੰਨਿਆ ਹੈ ਕਿ ਇਸ ਸੀਜ਼ਨ ’ਚ ਚਾਹ ਦੀ ਲਾਗਤ ’ਚ ਵਾਧਾ ਹੋਇਆ ਹੈ ਅਤੇ ਇਸ ਦਾ ਸਿੱਧਾ ਅਸਰ ਚਾਹ ਖਰੀਦ ਮੁੱਲ ’ਤੇ ਦਿਸ ਰਿਹਾ ਹੈ। ਚਾਹ ਕਮੋਡਿਟੀ ਲਿੰਕਡ ਸ਼੍ਰੇਣੀ ਦੇ ਤਹਿਤ ਆਉਂਦੀ ਹੈ, ਅਜਿਹੇ ’ਚ ਕੰਪਨੀ ਲਈ ਇਸ ਦੀਆਂ ਕੀਮਤਾਂ ਨੂੰ ਮਾਨੀਟਰ ਕਰਨਾ ਜ਼ਰੂਰੀ ਹੋ ਗਿਆ ਹੈ। ਕੰਪਨੀ ਆਪਣੇ ਗਾਹਕਾਂ ਅਤੇ ਆਪਣੇ ਲਾਭ ਦੋਵਾਂ ਬਾਰੇ ਸੋਚ ਕੇ ਹੀ ਵਿਚਾਰ ਕਰੇਗੀ।

ਉੱਥੇ ਹੀ ਟਾਟਾ ਕੰਜ਼ਿਊਮਰ ਪ੍ਰੋਡਕਟ ਵੱਲੋਂ ਇਸ ਮਾਮਲੇ ’ਤੇ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਆਇਆ ਹੈ।

ਦੋਵਾਂ ਕੰਪਨੀਆਂ ’ਚ ਚਾਹ ਦੀ ਵਿਕਰੀ ਦਾ ਹੈ ਵੱਡਾ ਹਿੱਸਾ

ਧਿਆਨ ਯੋਗ ਹੈ ਕਿ ਪੈਕੇਜਡ ਚਾਹ ਵੇਚਣ ਵਾਲੀਆਂ ਐੱਫ. ਐੱਮ. ਸੀ. ਜੀ. ਕੰਪਨੀਆਂ ਟਾਟਾ ਕੰਜ਼ਿਊਮਰ ਅਤੇ ਹਿੰਦੁਸਤਾਨ ਯੂਨੀਲੀਵਰ ਦਾ ਇਕ ਵੱਡਾ ਹਿੱਸਾ ਚਾਹ ਦੀ ਵਿਕਰੀ ਦੇ ਜ਼ਰੀਏ ਹੀ ਆਉਂਦਾ ਹੈ। ਅੰਕੜਿਆਂ ਦੇ ਮੁਤਾਬਕ ਐੱਚ. ਯੂ. ਐੱਲ. ਦੀ ਕਮਾਈ ਦਾ 25 ਫੀਸਦੀ ਹਿੱਸਾ ਚਾਹ ਕਾਰੋਬਾਰ ਤੋਂ ਆਉਂਦਾ ਹੈ। ਉੱਥੇ ਹੀ ਟਾਟਾ ਕੰਜ਼ਿਊਮਰ ਪ੍ਰੋਡਕਟਸ ਆਪਣੇ ਬਿਵਰੇਜ ਬਿਜ਼ਨੈੱਸ ਦਾ 58 ਫੀਸਦੀ ਹਿੱਸਾ ਚਾਹ ਦੇ ਕਾਰੋਬਾਰ ਤੋਂ ਪੂਰਾ ਕਰਦਾ ਹੈ। ਪਰ ਖਾਸ ਗੱਲ ਇਹ ਹੈ ਕਿ ਦੋਵੇਂ ਹੀ ਕੰਪਨੀਆਂ ਆਪਣੀ ਚਾਹ ਦੇ ਕਾਰੋਬਾਰ ਤੋਂ ਹੋਣ ਵਾਲੀ ਕਮਾਈ ਬਾਰੇ ਵੱਖ-ਵੱਖ ਖੁਲਾਸਾ ਨਹੀਂ ਕਰਦੀਆਂ ਹਨ। ਅਜਿਹੇ ’ਚ ਇਸ ਵਾਧੇ ਨਾਲ ਚਾਹ ਦੇ ਕਰੋਬਾਰ ’ਤੇ ਕਿੰਨਾ ਅਸਰ ਪਵੇਗਾ, ਇਸ ਦਾ ਅੰਦਾਜ਼ਾ ਲਾਉਣਾ ਅਜੇ ਮੁਸ਼ਕਿਲ ਹੈ।

ਟਾਟਾ ਕੰਜ਼ਿਊਮਰ ਪ੍ਰੋਡਕਟਸ ਟਾਟਾ ਟੀ, ਟੈਟਲੇ, ਟੀਪਿਗਸ ਅਤੇ ਟਾਟਾ ਸਟਾਰਬਕਸ ਵਰਗੇ ਕਈ ਤਰ੍ਹਾਂ ਦੇ ਬ੍ਰਾਂਡ ਆਪਰੇਟ ਕਰਦਾ ਹੈ। ਉੱਥੇ ਹੀ, ਲਿਪਟਨ, ਤਾਜ ਮਹਲ, ਬਰੁਕ ਬਾਂਡ ਅਤੇ ਬਰੂ ਵਰਗੇ ਬ੍ਰਾਂਡਸ ਐੱਚ. ਯੂ. ਐੱਲ. ਦੇ ਅਧੀਨ ਆਉਂਦੇ ਹਨ।

ਚਾਹ ਦੇ ਉਤਪਾਦਨ ’ਚ ਆਈ ਕਮੀ

ਆਸਾਮ ਅਤੇ ਪੱਛਮੀ ਬੰਗਾਲ ਦੇਸ਼ ’ਚ ਸਭ ਤੋਂ ਵੱਧ ਚਾਹ ਉਤਪਾਦਨ ਕਰਨ ਵਾਲੇ ਸੂਬੇ ਹਨ। ਦੋਵਾਂ ਹੀ ਸੂਬਿਆਂ ’ਚ ਚਾਹ ਦੇ ਉਤਪਾਦਨ ’ਚ ਕਮੀ ਆਈ ਹੈ, ਜਿਸ ਦਾ ਅਸਰ ਇਸ ਸਾਲ ਜਨਵਰੀ ਤੋਂ ਲੈ ਕੇ ਜੁਲਾਈ ਦੇ ਚਾਹ ਦੇ ਪ੍ਰੋਡਕਸ਼ਨ ’ਤੇ ਨਜ਼ਰ ਆ ਰਿਹਾ ਹੈ। ਪਿਛਲੇ 6 ਮਹੀਨਿਆਂ ’ਚ ਦੇਸ਼ ’ਚ ਕੁੱਲ ਚਾਹ ਦਾ ਪ੍ਰੋਡਕਸ਼ਨ 13 ਫੀਸਦੀ ਤੱਕ ਡਿੱਗ ਕੇ 5.53 ਟਨ ’ਤੇ ਆ ਗਿਆ ਹੈ। ਇਸ ਦਾ ਅਸਰ ਹੁਣ ਚਾਹ ਦੀਆਂ ਕੀਮਤਾਂ ’ਤੇ ਨਜ਼ਰ ਆ ਰਿਹਾ ਹੈ।

ਇੰਡੀਅਨ ਟੀ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਉੱਤਰ ’ਚ ਸਥਿਤ ਸੂਬਿਆਂ ’ਚ ਚਾਹ ਦੀ ਨੀਲਾਮੀ ਕੀਮਤਾਂ ’ਚ 21 ਫੀਸਦੀ ਅਤੇ ਦੱਖਣੀ ਸੂਬਿਆਂ ’ਚ 12 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਉੱਤਰ ਭਾਰਤ ’ਚ ਚਾਹ ਦੀ ਕੀਮਤ 255 ਰੁਪਏ ਅਤੇ ਦੱਖਣ ’ਚ 118 ਰੁਪਏ ਤੱਕ ਪਹੁੰਚ ਗਈ ਹੈ। ਇਸ ਕਾਰਨ ਟਾਟਾ ਅਤੇ ਐੱਚ. ਯੂ. ਐੱਲ. ਵਰਗੀਆਂ ਕੰਪਨੀਆਂ ਨੇ ਆਪਣੀ ਚਾਹ ਖਰੀਦਣ ਦੀ ਮਾਤਰਾ ’ਚ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਕੰਪਨੀ ਦੇ ਪ੍ਰਾਫਿਟ ਮਾਰਜਿਨ ’ਤੇ ਵੀ ਇਸ ਦਾ ਅਸਰ ਦਿਸ ਰਿਹਾ ਹੈ। ਅਧਿਕਾਰੀਆਂ ਮੁਤਾਬਕ ਟਾਟਾ ਹੁਣ ਨੀਲਾਮੀ ਕੇਂਦਰ ਦੀ ਬਜਾਏ ਸਿੱਧੇ ਬਾਗਾਂ ’ਤੋਂ ਚਾਹ ਖਰੀਦਣਾ ਵਧੇਰੇ ਪਸੰਦ ਕਰ ਰਹੀ ਹੈ।


Harinder Kaur

Content Editor

Related News