ਈਰਾਨ ਦੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਸ਼ਾਮਲ ਭਾਰਤੀ ਸੰਸਥਾਵਾਂ ’ਤੇ ਪਾਬੰਦੀ

Saturday, Nov 22, 2025 - 12:46 AM (IST)

ਈਰਾਨ ਦੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਸ਼ਾਮਲ ਭਾਰਤੀ ਸੰਸਥਾਵਾਂ ’ਤੇ ਪਾਬੰਦੀ

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਭਾਰਤ ਦੀ ਉਨ੍ਹਾਂ ਸੰਸਥਾਵਾਂ ਅਤੇ ਵਿਅਕਤੀਆਂ ’ਤੇ ਪਾਬੰਦੀ ਲਾਈ ਹੈ ਜੋ ਈਰਾਨ ਦੇ ਪੈਟਰੋਲੀਅਮ ਅਤੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਸ਼ਾਮਲ ਹਨ।

ਪ੍ਰਸ਼ਾਸਨ ਨੇ ਕਿਹਾ ਕਿ ਇਸ ਵਪਾਰ ਤੋਂ ਮਿਲਣ ਵਾਲਾ ਪੈਸਾ ਤੇਹਰਾਨ ਦੇ ਖੇਤਰੀ ਅੱਤਵਾਦੀ ਸਮੂਹਾਂ ਨੂੰ ਸਮਰਥਨ ਦੇਣ ਅਤੇ ਹਥਿਆਰ ਪ੍ਰਣਾਲੀਆਂ ਖਰੀਦਣ ’ਚ ਵਰਤਿਆ ਜਾਂਦਾ ਹੈ ਜੋ ‘ਅਮਰੀਕਾ ਲਈ ਸਿੱਧਾ ਖ਼ਤਰਾ ਹੈ’। ਅਮਰੀਕਾ ਦੇ ਵਿਦੇਸ਼ ਅਤੇ ਵਿੱਤ ਮੰਤਰਾਲਿਆਂ ਨੇ ਉਨ੍ਹਾਂ ‘ਸ਼ਿਪਿੰਗ ਨੈੱਟਵਰਕ’ ’ਤੇ ਪਾਬੰਦੀ ਲਾਈ ਹੈ ਜੋ ਈਰਾਨੀ ਸ਼ਾਸਨ ਦੀ ‘ਮੰਦਭਾਗੀਆਂ ਗਤੀਵਿਧੀਆਂ’ ਨੂੰ ਨਾਜਾਇਜ਼ ਤੇਲ ਵਿਕਰੀ ਰਾਹੀਂ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨ। ਨਾਲ ਹੀ ਉਨ੍ਹਾਂ ਏਅਰਲਾਈਨਜ਼ ਅਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ’ਤੇ ਵੀ ਰੋਕ ਪਾਬੰਦੀ ਲਾਈ ਹੈ, ਜੋ ਈਰਾਨ ਦੇ ਸਮਰਥਨ ਵਾਲੇ ਅੱਤਵਾਦੀ ਸੰਗਠਨਾਂ ਨੂੰ ਹਥਿਆਰ ਅਤੇ ਸਪਲਾਈ ਭੇਜਦੀਆਂ ਹਨ।

ਇਸ ਪਾਬੰਦੀ ਸੂਚੀ ’ਚ ਜਿਨ੍ਹਾਂ ਭਾਰਤੀ ਨਾਗਰਿਕਾਂ ਅਤੇ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ’ਚ ਜੈਰ ਹੁਸੈਨ ਇਕਬਾਲ ਹੁਸੈਨ ਸਈਯਦ, ਜੁਲਫਿਕਾਰ ਹੁਸੈਨ ਰਿਜਵੀ ਸਈਅਦ, ਮਹਾਰਾਸ਼ਟਰ ਸਥਿਤ ‘ਆਰ. ਐੱਨ. ਸ਼ਿਪ ਮੈਨੇਜਮੇਂਟ ਪ੍ਰਾਈਵੇਟ ਲਿਮਟਿਡ ਅਤੇ ਪੁਣੇ ਸਥਿਤ ‘ਟੀ. ਆਰ.6 ਪੈਟਰੋ ਇੰਡੀਆ ਐੱਲ. ਐੱਲ. ਪੀ. ਸ਼ਾਮਲ ਹਨ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਹ ਭਾਰਤ, ਪਨਾਮਾ ਅਤੇ ਸੇਸ਼ੇਲਸ ਸਮੇਤ ਕਈ ਦੇਸ਼ਾਂ ’ਚ ਸਥਿਤ ਕੁਲ 17 ਸੰਸਥਾਵਾਂ , ਵਿਅਕਤੀਆਂ ਅਤੇ ਜਹਾਜ਼ਾ ਨੂੰ ਨਾਮਜ਼ਦ ਕਰ ਰਿਹਾ ਹੈ ਜੋ ਈਰਾਨ ਦੇ ਪੈਟਰੋਲੀਅਮ ਅਤੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਸ਼ਾਮਲ ਹਨ।


author

Inder Prajapati

Content Editor

Related News