ਮਨੀ ਲਾਂਡਰਿੰਗ ਮਾਮਲਾ: ਆਨਲਾਈਨ ਗੇਮਿੰਗ ਪਲੇਟਫਾਰਮ ‘WinZO’ ਦੇ ਸੰਸਥਾਪਕ ਗ੍ਰਿਫਤਾਰ
Thursday, Nov 27, 2025 - 08:52 PM (IST)
ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਆਨਲਾਈਨ ਗੇਮਿੰਗ ਪਲੇਟਫਾਰਮ ਵਿੰਜ਼ੋ (WinZO) ਦੇ ਸੰਸਥਾਪਕ ਸੌਮਿਆ ਸਿੰਘ ਰਾਠੌਰ ਅਤੇ ਪਵਨ ਨੰਦਾ ਨੂੰ ਮਨੀ ਲਾਂਡਰਿੰਗ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਦੇ ਅਨੁਸਾਰ, ਕੇਂਦਰੀ ਜਾਂਚ ਏਜੰਸੀ ਦੇ ਜ਼ੋਨਲ ਦਫ਼ਤਰ ਵਿਚ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਬੈਂਗਲੁਰੂ ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਹ ਗ੍ਰਿਫ਼ਤਾਰੀਆਂ ਕੰਪਨੀ ਅਤੇ ਇਸਦੇ ਸਹਿਯੋਗੀਆਂ ਨਾਲ ਜੁੜੇ ਦਫਤਰਾਂ 'ਤੇ ਵਿਆਪਕ ਛਾਪੇਮਾਰੀ ਤੋਂ ਬਾਅਦ ਹੋਈਆਂ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਬੈਂਗਲੁਰੂ ਦੀ ਇਕ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਇਕ ਦਿਨ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ। ਈ. ਡੀ. ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਸੀ ਕਿ ਕੰਪਨੀ ਨੇ ਕਥਿਤ ਤੌਰ ’ਤੇ 43 ਕਰੋੜ ਰੁਪਏ ਆਪਣੇ ਕੋਲ ‘ਰੱਖੇ’ ਸਨ, ਜੋ ਆਦਰਸ਼ਕ ਤੌਰ ’ਤੇ ‘ਗੇਮਰਾਂ’ (ਗੇਮਿੰਗ ਐਪ ਦੇ ਖਪਤਕਾਰਾਂ) ਨੂੰ ਵਾਪਸ ਕਰ ਦਿੱਤੇ ਜਾਣੇ ਚਾਹੀਦੇ ਸਨ ਕਿਉਂਕਿ ਭਾਰਤ ਨੇ ਹਾਲ ਹੀ ਵਿਚ ਰੀਅਲ ਮਨੀ ਗੇਮਿੰਗ (ਆਰ. ਐੱਮ. ਜੀ.) ’ਤੇ ਪਾਬੰਦੀ ਲਗਾ ਦਿੱਤੀ ਸੀ।
