ਰਿਫੰਡ ਦੀ ਮੰਗ ਦੇ 48 ਘੰਟਿਆਂ 'ਚ 98.5 ਫੀਸਦੀ ਮਾਮਲਿਆਂ ਦਾ ਨਿਪਟਾਰਾ : ਬਾਇਜੂ
Saturday, Dec 24, 2022 - 01:31 PM (IST)
ਨਵੀਂ ਦਿੱਲੀ- ਸਿੱਖਿਆ-ਤਕਨਾਲੋਜੀ ਕੰਪਨੀ ਬਾਇਜੂ ਆਪਣੇ ਗਾਹਕਾਂ ਦਾ ਧਨਵਾਪਸੀ ਅਨੁਰੋਧ ਮਿਲਣ ਦੇ 48 ਘੰਟਿਆਂ ਦੇ ਅੰਦਰ 98.5 ਫੀਸਦੀ ਮਾਮਲਿਆਂ ਦਾ ਨਿਪਟਾਰਾ ਕਰ ਦਿੰਦੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਬਾਲ ਅਧਿਕਾਰ ਸੰਗਠਨ ਐੱਨ.ਸੀ.ਪੀ.ਸੀ.ਆਰ. ਨੂੰ ਸੌਂਪੇ ਆਪਣੇ ਬਿਆਨ 'ਚ ਇਹ ਗੱਲ ਕਹੀ। ਬਾਇਜੂ ਨੇ ਗਲਤ ਵਿਕਰੀ ਦੇ ਦੋਸ਼ਾਂ ਦੇ ਖਿਲਾਫ ਆਪਣਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਇਹ ਆਪਣੇ ਸੇਲਜ਼ ਸਟਾਫ ਅਤੇ ਮੈਨੇਜਰਾਂ ਨੂੰ ਉਨ੍ਹਾਂ ਗਾਹਕਾਂ ਦਾ ਪਿੱਛਾ ਕਰਨ ਲਈ ਆਦੇਸ਼ ਜਾਂ ਉਤਸ਼ਾਹਿਤ ਨਹੀਂ ਕਰਦਾ ਜੋ ਇਸ ਦੇ ਉਤਪਾਦਾਂ 'ਚ ਦਿਲਚਸਪੀ ਨਹੀਂ ਰੱਖਦੇ ਜਾਂ ਭੁਗਤਾਨ ਕਰਨ 'ਚ ਅਸਮਰੱਥ ਹਨ।
ਕੰਪਨੀ ਨੇ ਬਿਆਨ 'ਚ ਕਿਹਾ, "ਬਾਇਜੂ ਨੇ ਕਿਹਾ ਕਿ ਇਸ ਦੀ ਸਾਰੇ ਉਤਪਾਦਾਂ ਅਤੇ ਸੇਵਾਵਾਂ ਲਈ ਇੱਕ ਮਜ਼ਬੂਤ ਲਿਖਤੀ ਵਾਪਸੀ ਨੀਤੀ ਹੈ।" ਹਰੇਕ ਖਰੀਦ ਸੰਪਰਕ ਬਿੰਦੂ 'ਤੇ, ਗਾਹਕ ਨੂੰ ਰਿਫੰਡ ਨੀਤੀ ਦੀਆਂ ਸ਼ਰਤਾਂ ਬਾਰੇ ਸੂਚਿਤ ਕੀਤਾ ਜਾਂਦਾ ਹੈ। ਮਾਮਲੇ ਦਾ ਨੋਟਿਸ ਲੈਂਦਿਆਂ, ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਰਾਸ਼ਟਰੀ ਕਮਿਸ਼ਨ (ਐੱਨ.ਸੀ.ਪੀ.ਸੀ.ਆਰ) ਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਾਇਜੂ ਰਵਿੰਦਰਨ ਨੂੰ 23 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।