ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ ਦੇਸ਼ ’ਚ FDI ਪ੍ਰਵਾਅ 13 ਫ਼ੀਸਦੀ ਘਟਿਆ
Friday, Mar 01, 2024 - 10:43 AM (IST)
ਨਵੀਂ ਦਿੱਲੀ (ਭਾਸ਼ਾ)- ਦੇਸ਼ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦਾ ਪ੍ਰਵਾਹ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨੇ ਯਾਨੀ ਅਪ੍ਰੈਲ-ਦਸੰਬਰ-2023 ’ਚ 13 ਫ਼ੀਸਦੀ ਘੱਟ ਕੇ 32.03 ਅਰਬ ਅਮਰੀਕੀ ਡਾਲਰ ’ਤੇ ਰਹਿ ਗਿਆ ਹੈ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਮੁੱਖ ਤੌਰ ’ਤੇ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ, ਟੈਲੀਕਾਮ, ਆਟੋਮੋਬਾਈਲ ਅਤੇ ਫਾਰਮਾ ਸੈਕਟਰਾਂ ’ਚ ਘੱਟ ਨਿਵੇਸ਼ ਕਾਰਨ ਐੱਫ. ਡੀ. ਆਈ. ਘਟਿਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਦੇਸ਼ ’ਚ 36.74 ਅਰਬ ਡਾਲਰ ਦਾ ਐੱਫ. ਡੀ. ਆਈ. ਆਇਆ ਸੀ।
ਹਾਲਾਂਕਿ ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ਦੌਰਾਨ ਐੱਫ. ਡੀ. ਆਈ. ਪ੍ਰਵਾਹ 18 ਫ਼ੀਸਦੀ ਵਧ ਕੇ 11.6 ਅਰਬ ਡਾਲਰ ਰਿਹਾ ਹੈ, ਜੋ 2022-23 ਦੀ ਇਸੇ ਤਿਮਾਹੀ ਦੌਰਾਨ 9.83 ਅਰਬ ਡਾਲਰ ਸੀ। ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (ਡੀ. ਪੀ. ਆਈ. ਆਈ. ਟੀ.) ਦੇ ਅੰਕੜਿਆਂ ਅਨੁਸਾਰ ਕੁੱਲ ਐੱਫ. ਡੀ. ਆਈ. ਪ੍ਰਵਾਹ (ਜਿਸ ’ਚ ਇਕੁਇਟੀ ਪ੍ਰਵਾਹ, ਮੁੜ ਨਿਵੇਸ਼ ਆਮਦਨ ਅਤੇ ਹੋਰ ਪੂੰਜੀ ਸ਼ਾਮਲ ਹੈ) ਅਪ੍ਰੈਲ-ਦਸੰਬਰ, 2022 ’ਚ 55.27 ਅਰਬ ਡਾਲਰ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ 7 ਫ਼ੀਸਦੀ ਘੱਟ ਕੇ 51.5 ਅਰਬ ਡਾਲਰ ਰਹਿ ਗਿਆ ਹੈ।
ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ ਕੁਝ ਮੁੱਖ ਦੇਸ਼ਾਂ ਉਦਾਹਰਣ ਸਿੰਗਾਪੁਰ, ਅਮਰੀਕਾ, ਬ੍ਰਿਟੇਨ, ਸਾਈਪ੍ਰਸ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਐੱਫ. ਡੀ. ਆਈ. ਇਕੁਇਟੀ ਪ੍ਰਵਾਹ ’ਚ ਗਿਰਾਵਟ ਆਈ ਹੈ। ਅਪ੍ਰੈਲ-ਦਸੰਬਰ, 2023 ਦੌਰਾਨ ਕੇਮੈਨ ਟਾਪੂ ਅਤੇ ਸਾਈਪ੍ਰਸ ਤੋਂ ਐੱਫ. ਡੀ. ਆਈ. ਘਟ ਕੇ ਕ੍ਰਮਵਾਰ 21.5 ਕਰੋੜ ਡਾਲਰ ਅਤੇ 79.6 ਕਰੋੜ ਡਾਲਰ ਰਹਿ ਗਿਆ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ ਅੰਕੜੇ ਕ੍ਰਮਵਾਰ 62.4 ਕਰੋੜ ਡਾਲਰ ਅਤੇ 1.15 ਅਰਬ ਡਾਲਰ ਰਿਹਾ ਸੀ। ਹਾਲਾਂਕਿ, ਮਾਰੀਸ਼ਸ਼, ਨੀਦਰਲੈਂਡ, ਜਾਪਾਨ ਅਤੇ ਜਰਮਨੀ ਤੋਂ ਐੱਫ. ਡੀ. ਆਈ. ਵਧਿਆ ਹੈ।