DD ਡਿਸ਼ ਤੋਂ ਪਾਪੁਲਰ ਚੈਨਲ ਬਾਹਰ, 2 ਕਰੋੜ ਗਾਹਕਾਂ ਨੂੰ ਵੱਡਾ ਝਟਕਾ!

02/16/2019 3:11:44 PM

ਮੁੰਬਈ— ਹੁਣ ਪ੍ਰਸਾਰ ਭਾਰਤੀ ਦੀ ਡੀ. ਡੀ. ਫ੍ਰੀ ਡਿਸ਼ 'ਤੇ ਪ੍ਰਸਿੱਧ ਹਿੰਦੀ ਮਨੋਰੰਜਨ ਚੈਨਲਾਂ ਦਾ ਮਜ਼ਾ ਨਹੀਂ ਮਿਲੇਗਾ। ਜਾਣਕਾਰੀ ਮੁਤਾਬਕ, ਚਾਰ ਪ੍ਰਸਾਰਕਾਂ ਨੇ ਸਲਾਟਾਂ ਲਈ ਬੋਲੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 1 ਮਾਰਚ ਤੋਂ 'ਜ਼ੀ ਅਨਮੋਲ, ਸਟਾਰ ਭਾਰਤ, ਰਿਸ਼ਤੇ ਤੇ ਸੋਨੀ ਪਲ' ਵਰਗੇ ਪਾਪੁਲਰ ਹਿੰਦੀ ਮਨੋਰਜੰਕ ਤੇ ਫਿਲਮੀ ਚੈਨਲ ਡੀ. ਡੀ. ਫ੍ਰੀ ਡਿਸ਼ 'ਤੇ ਉਪਲੱਬਧ ਨਹੀਂ ਹੋਣਗੇ।

ਸਟਾਰ ਇੰਡੀਆ, ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜਿਜ਼ (ਜ਼ੀ), ਸੋਨੀ ਪਿਕਚਰਜ਼ ਨੈੱਟਵਰਕਸ ਇੰਡੀਆ (ਐੱਸ. ਪੀ. ਐੱਨ.) ਅਤੇ ਵਾਇਆਕਾਮ-18 ਨੇ ਫ੍ਰੀ ਡੀ. ਟੀ. ਐੱਚ. ਪਲੇਟਫਾਰਮ 'ਤੇ ਸਲਾਟ ਨਾ ਲੈਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਚਾਰ ਪ੍ਰਸਾਰਕਾਂ ਨੇ 9 ਚੈਨਲ ਹਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਡੀ. ਡੀ. ਫ੍ਰੀ ਡਿਸ਼ ਦੇ 2.2 ਕਰੋੜ ਗਾਹਕ ਪ੍ਰਭਾਵਿਤ ਹੋਣਗੇ।

 

PunjabKesari
ਪ੍ਰਸਾਰ ਭਾਰਤੀ ਦੇ ਸੀ. ਈ. ਓ. ਸ਼ਸ਼ੀ ਸ਼ੇਖਰ ਨੇ ਕਿਹਾ ਕਿ ਕੁਝ ਪ੍ਰਸਿੱਧ ਚੈਨਲ ਜੋ ਡੀ. ਡੀ. ਫ੍ਰੀ ਡਿਸ਼ ਪਲੇਟਫਾਰਮ ਕਾਰਨ ਪ੍ਰਚਲਿੱਤ ਹੋਏ ਉਨ੍ਹਾਂ ਨੇ ਇਸ ਵਾਰ ਸਲਾਟਾਂ ਦੀ ਬੋਲੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਪਰ ਇਹ ਇਕ ਤਰ੍ਹਾਂ ਨਾਲ ਸਾਡੇ ਡੀ. ਡੀ. ਚੈਨਲਾਂ ਨੂੰ ਵਧਾਉਣ 'ਚ ਮਦਦ ਕਰੇਗਾ। ਜ਼ਿਕਰਯੋਗ ਹੈ ਕਿ ਫ੍ਰੀ ਡਿਸ਼ 'ਤੇ 80 ਚੈਨਲ ਉਪਲੱਬਧ ਹਨ, ਜਿਨ੍ਹਾਂ 'ਚ ਰਾਜ ਸਭਾ ਤੇ ਲੋਕ ਸਭਾ ਟੀ. ਵੀ. ਸਮੇਤ 23 ਡੀ. ਡੀ. ਚੈਨਲ ਹਨ। ਇਹ ਗਾਹਕਾਂ ਲਈ ਪੂਰੀ ਤਰ੍ਹਾਂ ਮੁਫਤ ਸਰਵਿਸ ਹੈ। ਉਨ੍ਹਾਂ ਨੂੰ ਹਰ ਮਹੀਨੇ ਜਾਂ ਸਾਲ 'ਚ ਕੋਈ ਵਾਧੂ ਰੀਚਾਰਜ ਨਹੀਂ ਕਰਵਾਉਣਾ ਪੈਂਦਾ। ਸਿਰਫ ਡਿਸ਼ ਤੇ ਸੈੱਟ ਟਾਪ ਬਾਕਸ ਖਰੀਦਣ ਲਈ ਇਕ ਵਾਰ ਪੈਸੇ ਖਰਚ ਕਰਨ ਦੀ ਜ਼ਰੂਰਤ ਪੈਂਦੀ ਹੈ। ਪ੍ਰਸਾਰ ਭਾਰਤੀ ਡੀ. ਡੀ. ਫ੍ਰੀ ਡਿਸ਼ ਪਲੇਟਫਾਰਮ 'ਤੇ ਸਲਾਟ ਵੇਚ ਕੇ ਰੈਵੇਨਿਊ ਕਮਾਉਂਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਪ੍ਰਸਾਰਕਾਂ ਦੇ ਇਸ ਕਦਮ ਨਾਲ ਗਾਹਕਾਂ ਨੂੰ ਪੇਡ ਟੀ. ਵੀ. ਸੇਵਾ ਪ੍ਰਦਾਤਾਵਾਂ ਕੋਲ ਜਾਣ ਲਈ ਮਜ਼ਬੂਰ ਹੋਣਾ ਪਵੇਗਾ।


Related News