18 ਸਰਕਾਰੀ ਬੈਂਕਾਂ ਨਾਲ ਧੋਖਾਦੇਹੀ ਦੇ 8926 ਮਾਮਲੇ, SBI ਸਭ ਤੋਂ ਵੱਡਾ ਸ਼ਿਕਾਰ

02/14/2020 2:21:36 PM

ਇੰਦੌਰ — ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਅਪ੍ਰੈਲ-ਦਸੰਬਰ, 2019 ਦੌਰਾਨ 18 ਸਰਕਾਰੀ ਬੈਂਕਾਂ ’ਚ ਕੁਲ 1.17 ਲੱਖ ਕਰੋਡ਼ ਰੁਪਏ ਦੀ ਧੋਖਾਦੇਹੀ ਦੇ 8926 ਮਾਮਲੇ ਸਾਹਮਣੇ ਆਏ। ਸੂਬੇ ਦੇ ਨੀਮਚ ਵਾਸੀ ਆਰ. ਟੀ. ਆਈ. ਵਰਕਰ ਚੰਦਰਸ਼ੇਖਰ ਗੌੜ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਉਨ੍ਹਾਂ ਨੂੰ ਸੂਚਨਾ ਦੇ ਅਧਿਕਾਰ ਤਹਿਤ ਇਹ ਜਾਣਕਾਰੀ ਦਿੱਤੀ ਹੈ।

ਆਰ. ਟੀ. ਆਈ. ਤਹਿਤ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਮੌਜੂਦਾ ਵਿੱਤੀ ਸਾਲ ਦੇ ਸ਼ੁਰੂਆਤੀ 9 ਮਹੀਨਿਆਂ ’ਚ ਦੇਸ਼ ਦਾ ਸਿਖਰਲਾ ਵਪਾਰਕ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਧੋਖਾਦੇਹੀ ਦਾ ਸਭ ਤੋਂ ਵੱਡਾ ਸ਼ਿਕਾਰ ਬਣਿਆ। ਸਮੀਖਿਆ ਅਧੀਨ ਮਿਆਦ ’ਚ ਐੱਸ. ਬੀ. ਆਈ. ਵੱਲੋਂ 30,300.01 ਕਰੋਡ਼ ਰੁਪਏ ਦੀ ਬੈਂਕਿੰਗ ਧੋਖਾਦੇਹੀ ਦੇ 4769 ਮਾਮਲੇ ਸੂਚਿਤ ਕੀਤੇ ਗਏ। ਇਹ ਰਾਸ਼ੀ ਇਸ ਮਿਆਦ ’ਚ ਸਰਕਾਰੀ ਬੈਂਕਾਂ ’ਚ ਬੈਂਕਿੰਗ ਧੋਖਾਦੇਹੀ ਦੇ ਸੂਚਿਤ ਮਾਮਲਿਆਂ ਦੀ ਕੁਲ ਰਕਮ 1,17,463.73 ਕਰੋਡ਼ ਰੁਪਏ ਦੀ ਲਗਭਗ 26 ਫ਼ੀਸਦੀ ਹੈ।

ਕਿਸ ਬੈਂਕ ’ਚ ਧੋਖਾਦੇਹੀ ਦੇ ਕਿੰਨੇ ਮਾਮਲੇ

ਬੈਂਕ                      ਧੋਖਾਦੇਹੀ ਦੀ ਰਕਮ (ਕਰੋਡ਼ ਰੁਪਏ ’ਚ)              ਮਾਮਲੇ

ਐੱਸ. ਬੀ. ਆਈ                       30,300.01                            4,769

ਪੀ. ਐੱਨ. ਬੀ.                         14,928.62                             294

ਬੈਂਕ ਆਫ ਬੜੌਦਾ                     11,166.19                             250

ਇਲਾਹਾਬਾਦ ਬੈਂਕ                    6,781.57                                860

ਬੈਂਕ ਆਫ ਇੰਡੀਆ                  6,626.12                                161

ਯੂਨੀਅਨ ਬੈਂਕ ਆਫ ਇੰਡੀਆ     5,604.55                                 292

ਇੰਡੀਅਨ ਓਵਰਸੀਜ਼ ਬੈਂਕ         5,556.64                                151

ਓਰੀਐਂਟਲ ਬੈਂਕ ਆਫ ਕਾਮਰਸ   4,899.27                               282

ਗਾਹਕਾਂ ਨੂੰ ਹੋਏ ਨੁਕਸਾਨ ਦਾ ਵੇਰਵਾ ਨਹੀਂ

ਕੇਨਰਾ ਬੈਂਕ, ਯੂਕੋ ਬੈਂਕ, ਸਿੰਡੀਕੇਟ ਬੈਂਕ, ਕਾਰਪੋਰੇਸ਼ਨ ਬੈਂਕ, ਬੈਂਕ ਆਫ ਮਹਾਰਾਸ਼ਟਰ, ਸੈਂਟਰਲ ਬੈਂਕ ਆਫ ਇੰਡੀਆ, ਆਂਧਰਾ ਬੈਂਕ, ਯੂਨਾਈਟਿਡ ਬੈਂਕ ਆਫ ਇੰਡੀਆ, ਇੰਡੀਅਨ ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ’ਚ 1867 ਮਾਮਲੇ ਸਾਹਮਣੇ ਆਏ, ਜਿਸ ’ਚ ਕੁਲ 31,600.76 ਕਰੋਡ਼ ਰੁਪਏ ਦੀ ਰਕਮ ਸ਼ਾਮਲ ਹੈ। ਆਰ. ਬੀ. ਆਈ. ਵੱਲੋਂ ਆਰ. ਟੀ. ਆਈ. ਤਹਿਤ ਮੁਹੱਈਆ ਕਰਵਾਈ ਗਈ ਜਾਣਕਾਰੀ ’ਚ ਬੈਂਕਿੰਗ ਧੋਖਾਦੇਹੀ ਦੇ ਮਾਮਲਿਆਂ ਦੇ ਸ਼ਿਕਾਰ ਬੈਂਕਾਂ ਜਾਂ ਉਨ੍ਹਾਂ ਦੇ ਗਾਹਕਾਂ ਨੂੰ ਹੋਏ ਨੁਕਸਾਨ ਦਾ ਵਿਸ਼ੇਸ਼ ਵੇਰਵਾ ਨਹੀਂ ਦਿੱਤਾ ਗਿਆ ਹੈ।


Related News