‘ਵਿਕਸਤ ਭਾਰਤ ਲਈ 2047 ਤੱਕ ਕਿਰਤਬਲ ’ਚ 70 ਫੀਸਦੀ ਔਰਤਾਂ ਦੀ ਹਿੱਸੇਦਾਰੀ ਮਹੱਤਵਪੂਰਨ’

Thursday, Mar 06, 2025 - 04:13 AM (IST)

‘ਵਿਕਸਤ ਭਾਰਤ ਲਈ 2047 ਤੱਕ ਕਿਰਤਬਲ ’ਚ 70 ਫੀਸਦੀ ਔਰਤਾਂ ਦੀ ਹਿੱਸੇਦਾਰੀ ਮਹੱਤਵਪੂਰਨ’

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਕਿਰਤ ਸਕੱਤਰ ਸੁਮਿਤਾ ਡਾਵਰਾ ਨੇ ਕਿਹਾ ਕਿ ਵਿਕਸਤ ਭਾਰਤ ਲਈ 2047 ਤੱਕ ਕਿਰਤਬਲ ’ਚ 70 ਫੀਸਦੀ ਔਰਤਾਂ ਦੀ ਹਿੱਸੇਦਾਰੀ ਮਹੱਤਵਪੂਰਨ ਹੈ। ਉਨ੍ਹਾਂ ਨੇ ਮਹਿਲਾ ਉਦਮੀਆਂ ਲਈ ਮਾਰਗਦਰਸ਼ਨ ਦਾ ਵੀ ਜ਼ਿਕਰ ਕੀਤਾ। ਉਦਯੋਗ ਮੰਡਲ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਸੇਵਾ ਖੇਤਰ ’ਚ ਔਰਤਾਂ ’ਤੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ ’ਚ ਅਜਿਹੇ ਖੇਤਰ ਹਨ, ਜਿਨ੍ਹਾਂ ’ਚ ਔਰਤਾਂ ਦੀ ਹਿੱਸੇਦਾਰੀ ਦੀਆਂ ਕਾਫੀ ਸੰਭਾਵਨਾਵਾਂ ਹਨ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਉਨ੍ਹਾਂ ਲਈ ਸਿੱਖਿਆ ਵਧਾਉਣ ਦਾ ਸੁਝਾਅ ਦਿੱਤਾ।

ਸਕੱਤਰ ਨੇ ਮਹਿਲਾ ਉਦਮੀਆਂ ਅਤੇ ਸਟਾਰਟਅਪ ਲਈ ਉਦਮ ਪੂੰਜੀ ਸਹਾਇਤਾ ਵਧਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ,‘‘ਮਹਿਲਾ ਉਦਮੀਆਂ ਲਈ ਇਹ (ਉਦਮ ਪੂੰਜੀ ਸਹਾਇਤਾ) ਬਹੁਤ ਮਹੱਤਵਪੂਰਨ ਹੈ। ਔਰਤਾਂ ਨੂੰ ਅਗਵਾਈ ਅਤੇ ਫੈਸਲਾ ਲੈਣ ਵਾਲੀਆਂ ਭੂਮਿਕਾਵਾਂ ਲਈ ਮਾਰਗਦਰਸ਼ਨ ਦਿੱਤਾ ਜਾਣਾ ਚਾਹੀਦਾ ਹੈ। ਸਾਡੇ ਕੋਲ ਪ੍ਰਬੰਧ ਹਨ, ਸਾਨੂੰ ਔਰਤਾਂ ਲਈ ਮਾਰਗਦਰਸ਼ਨ ਵੀ ਪ੍ਰਦਾਨ ਕਰਨਾ ਚਾਹੀਦਾ ਹੈ, ਜਿੱਥੇ ਇਸ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਲੱਗਭਗ 45 ਫੀਸਦੀ ਔਰਤਾਂ ਬੱਚਿਆਂ ਦੀ ਦੇਖਭਾਲ ਅਤੇ ਘਰੇਲੂ ਵਚਨਬੱਧਤਾਵਾਂ ਨੂੰ ਕਿਰਤਬਲ ’ਚ ਹਿੱਸਾ ਨਾ ਲੈਣ ਦਾ ਕਾਰਨ ਦੱਸਦੀਆਂ ਹਨ ਪਰ ਪਿਛਲੇ 6 ਸਾਲਾਂ ’ਚ ਆਰਥਿਕ ਗਤੀਵਿਧੀਆਂ ’ਚ ਔਰਤਾਂ ਦੀ ਹਿੱਸੇਦਾਰੀ ਵਧੀ ਹੈ। ਸਿੱਖਿਅਤ ਔਰਤਾਂ ਦੇ ਕਿਰਤਬਲ ’ਚ ਸ਼ਾਮਲ ਹੋਣ ਦੀ ਪ੍ਰਵਿਰਤੀ ਵਧ ਰਹੀ ਹੈ ਅਤੇ ਤਨਖਾਹ ਅਸਮਾਨਤਾ ਨੂੰ ਲੈ ਕੇ ਕੁਝ ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਦੀ ਕਮਾਈ ’ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਉਨ੍ਹਾਂ ਕਿਹਾ,‘‘ਅੱਜ ਅਸੀਂ ਔਰਤਾਂ ਨੂੰ ਸੇਵਾ ਖੇਤਰ, ਤਕਨੀਕੀ, ਵਿੱਤ ਅਤੇ ਨਿਰਮਾਣ ਖੇਤਰ ’ਚ ਵੀ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਵੇਖਦੇ ਹਾਂ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ 6 ਸਾਲਾਂ ’ਚ ਔਰਤਾਂ ਲਈ ਲੇਬਰ ਪਾਪੂਲੇਸ਼ਨ ਰੇਸ਼ੋ (ਡਬਲਯੂ. ਪੀ. ਆਰ.) ਦੁੱਗਣਾ ਹੋ ਗਿਆ ਹੈ।


author

Inder Prajapati

Content Editor

Related News