ਰੁਪਏ ''ਚ ਵਿਦੇਸ਼ੀ ਲੈਣ-ਦੇਣ ਨੇ ਫੜ੍ਹੀ ਰਫ਼ਤਾਰ, 6 ਮਹੀਨਿਆਂ ''ਚ ਖੁੱਲ੍ਹੇ 49 ''Vostro'' ਖ਼ਾਤੇ

Sunday, Mar 05, 2023 - 05:38 PM (IST)

ਰੁਪਏ ''ਚ ਵਿਦੇਸ਼ੀ ਲੈਣ-ਦੇਣ ਨੇ ਫੜ੍ਹੀ ਰਫ਼ਤਾਰ, 6 ਮਹੀਨਿਆਂ ''ਚ ਖੁੱਲ੍ਹੇ 49 ''Vostro'' ਖ਼ਾਤੇ

ਨਵੀਂ ਦਿੱਲੀ - ਭਾਰਤੀ ਮੁਦਰਾ ਰੁਪਏ ਵਿਚ ਵਿਦੇਸ਼ੀ ਵਪਾਰ ਨੂੰ ਉਤਸ਼ਾਹਿਤ ਕਰਨ ਦੀ ਪਾਲਸੀ ਜ਼ੋਰ ਫੜਦੀ ਦਿਖਾਈ ਦੇ ਰਹੀ ਹੈ ਕਿਉਂਕਿ ਸਿਰਫ਼ 6 ਮਹੀਨਿਆਂ ਵਿਚ ਹੀ 49 ਵਿਸ਼ੇਸ਼ ਰੁਪਿਆ ਵੋਸਟ੍ਰੋ ਖ਼ਾਤੇ(ਐੱਸਆਰਵੀ) ਖ਼ਾਤੇ ਖੋਲ੍ਹੇ ਜਾ ਚੁੱਕੇ ਹਨ। ਸੂਤਰਾਂ ਨੇ ਦੱਸਿਆ ਕਿ ਹੁਣ ਤੱਕ ਖੋਲ੍ਹੇ ਗਏ 49 ਵਿਸ਼ੇਸ਼ ਵੋਸਟ੍ਰੋ ਖਾਤਿਆਂ ਤੋਂ ਇਲਾਵਾ ਕਈ ਹੋਰ ਖਾਤਿਆਂ ਲਈ ਰੈਗੂਲੇਟਰੀ ਮਨਜ਼ੂਰੀ ਦੀ ਉਡੀਕ ਹੈ। ਇਨ੍ਹਾਂ ਖਾਤਿਆਂ ਰਾਹੀਂ ਅੱਠ ਦੇਸ਼ਾਂ ਨਾਲ ਰੁਪਏ ਵਿਚ ਵਪਾਰ ਕੀਤਾ ਜਾ ਸਕਦਾ ਹੈ। ਇਹ ਦੇਸ਼ ਰੂਸ, ਮਾਰੀਸ਼ਸ, ਸ਼੍ਰੀਲੰਕਾ, ਮਲੇਸ਼ੀਆ, ਮਿਆਂਮਾਰ, ਸਿੰਗਾਪੁਰ, ਇਜ਼ਰਾਈਲ ਅਤੇ ਜਰਮਨੀ ਹਨ। ਰੂਸ-ਯੂਕਰੇਨ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਪੱਛਮੀ ਦੇਸ਼ਾਂ ਦੁਆਰਾ ਲਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਭਾਰਤ ਰੁਪਏ ਵਿੱਚ ਵਿਦੇਸ਼ੀ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਕ੍ਰਮ ਵਿੱਚ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਜੁਲਾਈ 2022 ਵਿੱਚ ਘਰੇਲੂ ਮੁਦਰਾ ਵਿਚ ਸਰਹੱਦ  ਪਾਰ ਵਪਾਰਕ ਲੈਣ-ਦੇਣ ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।

ਇਹ ਵੀ ਪੜ੍ਹੋ : ਟ੍ਰਾਈਡੈਂਟ ਗਰੁੱਪ ਨੇ ਸ਼ੁਰੂ ਕੀਤਾ ‘ਤਕਸ਼ਸ਼ਿਲਾ ਪ੍ਰੋਗਰਾਮ’ , ਨੌਜਵਾਨਾਂ ਨੂੰ ਮਿਲੇਗਾ ਕਮਾਈ ਕਰਨ ਦਾ ਮੌਕਾ

ਰੂਸ ਦਾ ਸਭ ਤੋਂ ਵੱਡਾ ਬੈਂਕ Sberbank ਅਤੇ ਦੂਜਾ ਸਭ ਤੋਂ ਵੱਡਾ ਬੈਂਕ VTB ਬੈਂਕ ਪਿਛਲੇ ਸਾਲ ਜੁਲਾਈ ਵਿੱਚ ਆਰਬੀਆਈ ਦੁਆਰਾ ਦਿਸ਼ਾ-ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਰੁਪਏ ਵਿੱਚ ਵਪਾਰ ਕਰਨ ਦੀ ਇਜਾਜ਼ਤ ਲੈਣ ਵਾਲੇ ਪਹਿਲੇ ਵਿਦੇਸ਼ੀ ਬੈਂਕ ਬਣ ਗਏ ਸਨ। ਇੱਕ ਹੋਰ ਰੂਸੀ ਬੈਂਕ ਗੈਜ਼ਪ੍ਰੋਮਬੈਂਕ ਨੇ ਵੀ ਕੋਲਕਾਤਾ ਸਥਿਤ ਯੂਕੋ ਬੈਂਕ ਵਿੱਚ ਇਹ ਖਾਤਾ ਖੋਲ੍ਹਿਆ ਹੈ। ਹਾਲਾਂਕਿ ਇਸ ਰੂਸੀ ਬੈਂਕ ਦੀ ਭਾਰਤ ਵਿੱਚ ਕੋਈ ਸ਼ਾਖਾ ਨਹੀਂ ਹੈ। SBI ਮਾਰੀਸ਼ਸ ਲਿਮਿਟੇਡ ਅਤੇ ਪੀਪਲਜ਼ ਬੈਂਕ ਆਫ ਸ਼੍ਰੀਲੰਕਾ ਨੇ ਸਟੇਟ ਬੈਂਕ ਆਫ ਇੰਡੀਆ ਦੇ ਨਾਲ SRVA ਖੋਲ੍ਹਿਆ ਹੈ। ਬੈਂਕ ਆਫ ਸੀਲੋਨ ਨੇ ਚੇਨਈ ਵਿੱਚ ਆਪਣੀ ਭਾਰਤੀ ਸਹਾਇਕ ਕੰਪਨੀ ਦੇ ਨਾਲ ਵੋਸਟ੍ਰੋ ਖਾਤਾ ਖੋਲ੍ਹਿਆ ਹੈ।

ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਦੇ ਨਿਯਮਾਂ 'ਚ ਵੱਡਾ ਬਦਲਾਅ, ਜਾਣ ਲਓ ਇਹ ਜ਼ਰੂਰੀ ਗੱਲ

ਯੂਨੀਅਨ ਬੈਂਕ ਆਫ ਇੰਡੀਆ ਨੇ ਆਰਓਐਸ ਬੈਂਕ ਰੂਸ ਦੇ ਨਾਲ ਵਿਸ਼ੇਸ਼ ਰੁਪਏ ਦੇ ਖਾਤੇ ਖੋਲ੍ਹੇ ਹਨ ਜਦੋਂ ਕਿ ਚੇਨਈ ਵਿੱਚ ਇੰਡੀਅਨ ਬੈਂਕ ਨੇ ਐਨਡੀਬੀ ਬੈਂਕ ਅਤੇ ਸੀਲੋਨ ਬੈਂਕ ਸਮੇਤ ਤਿੰਨ ਸ਼੍ਰੀਲੰਕਾਈ ਬੈਂਕਾਂ ਵਿੱਚ ਵਿਸ਼ੇਸ਼ ਰੁਪਏ ਖਾਤੇ ਖੋਲ੍ਹੇ ਹਨ। ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਆਰਥਿਕ ਲੈਣ-ਦੇਣ ਭਾਰਤੀ ਰੁਪਏ ਵਿੱਚ ਕਰਨ ਅਤੇ ਵਪਾਰ ਅਤੇ ਨਿਵੇਸ਼ ਰਾਹੀਂ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਗੱਲਬਾਤ ਚੱਲ ਰਹੀ ਹੈ। ਇਸ ਲੜੀ ਵਿੱਚ, ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਦੋਵਾਂ ਦੇਸ਼ਾਂ ਵਿਚਕਾਰ ਲੈਣ-ਦੇਣ ਲਈ ਭਾਰਤੀ ਰੁਪਏ ਦੀ ਵਰਤੋਂ 'ਤੇ ਇੱਕ ਵਿਚਾਰ-ਵਟਾਂਦਰਾ ਆਯੋਜਿਤ ਕੀਤਾ।

ਹਾਈ ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਬੈਂਕ ਆਫ ਸੀਲੋਨ, ਸਟੇਟ ਬੈਂਕ ਆਫ ਇੰਡੀਆ ਅਤੇ ਇੰਡੀਅਨ ਬੈਂਕ ਦੇ ਪ੍ਰਤੀਨਿਧਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਵੋਸਟ੍ਰੋ ਖਾਤਿਆਂ ਰਾਹੀਂ ਭਾਰਤੀ ਰੁਪਿਆਂ ਵਿੱਚ ਲੈਣ-ਦੇਣ ਸ਼ੁਰੂ ਕਰ ਦਿੱਤਾ ਹੈ।” ਭਾਗ ਲੈਣ ਵਾਲੇ ਬੈਂਕਾਂ ਨੇ ਘੱਟ ਲੈਣ-ਦੇਣ ਦਾ ਸਮਾਂ, ਘੱਟ ਵਟਾਂਦਰਾ ਦਰਾਂ ਅਤੇ ਵਪਾਰਕ ਕ੍ਰੈਡਿਟ ਦੀ ਆਸਾਨ ਉਪਲਬਧਤਾ ਵਰਗੇ ਲਾਭਾਂ ਦਾ ਹਵਾਲਾ ਦਿੱਤਾ। ਸ਼੍ਰੀਲੰਕਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਕਿਹਾ ਕਿ ਇਹ ਪਹਿਲਕਦਮੀ ਵਪਾਰ ਅਤੇ ਨਿਵੇਸ਼ ਉਪਾਵਾਂ ਰਾਹੀਂ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ​​ਅਤੇ ਨਜ਼ਦੀਕੀ ਆਰਥਿਕ ਭਾਈਵਾਲੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਸ਼੍ਰੀਲੰਕਾ ਦੇ ਵਿੱਤ ਮੰਤਰੀ ਸ਼ੇਹਾਨ ਸੇਮਾਸੰਘੇ ਨੇ ਦੋਵਾਂ ਦੇਸ਼ਾਂ ਦਰਮਿਆਨ ਨਜ਼ਦੀਕੀ ਆਰਥਿਕ ਰਿਸ਼ਤੇ ਅਤੇ ਪਿਛਲੇ ਇੱਕ ਸਾਲ ਦੌਰਾਨ ਭਾਰਤ ਵੱਲੋਂ ਦਿੱਤੇ ਵਿੱਤੀ ਅਤੇ ਮਾਨਵੀ ਸਹਾਇਤਾ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ : ਹਵਾ 'ਚ ਫ਼ੇਲ੍ਹ ਹੋਈ ਪਟਨਾ ਜਾ ਰਹੀ SpiceJet ਫਲਾਈਟ ਦੀ ਬ੍ਰੇਕ! ਜਾਣੋ ਫਿਰ ਕੀ ਹੋਇਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News