ਟਮਾਟਰ ਦੀਆਂ ਕੀਮਤਾਂ ’ਚ 25 ਫੀਸਦੀ ਦੀ ਗਿਰਾਵਟ, ਕੁਝ ਹਫਤੇ ਭਾਅ ਸਥਿਰ ਰਹਿਣ ਦੀ ਉਮੀਦ

Friday, Aug 12, 2022 - 12:29 PM (IST)

ਜਲੰਧਰ (ਬਿਜ਼ਨੈੱਸ ਡੈਸਕ) - ਦੇਸ਼ ਦੇ ਕਈ ਸੂਬਿਆਂ ’ਚ ਇਸ ਵਾਰ ਭਰਪੂਰ ਬਾਰਿਸ਼ ਹੋਣ ਕਾਰਨ ਕੁਝ ਫਸਲਾਂ ਬੰਪਰ ਪੱਧਰ ’ਤੇ ਹੋਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਵੀ ਫਸਲਾਂ ਦੇ ਕਿਫਾਇਤੀ ਭਾਅ ਮਿਲੇ ਹਨ, ਸਪਲਾਈ ’ਚ ਸੁਧਾਰ ਹੋਣ ਕਾਰਨ ਕੀਮਤਾਂ ’ਚ ਵੀ ਗਿਰਾਵਟ ਆਈ ਹੈ।

ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਮੁੱਖ ਉਤਪਾਦਕ ਸੂਬਿਆਂ ’ਚ ਲੋੜ ਤੋਂ ਵੱਧ ਮਾਨਸੂਨ ਦੀ ਬਾਰਿਸ਼ ਅਤੇ ਸਪਲਾਈ ’ਚ ਸੁਧਾਰ ਕਾਰਨ ਪਿਛਲੇ ਮਹੀਨੇ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ’ਚ ਤੇਜ਼ ਗਿਰਾਵਟ ਦੇਖੀ ਗਈ ਹੈ। ਕਰਨਾਟਕ ਦੇ ਕੋਲਾਰ ’ਚ ਟਮਾਟਰ ਦੀ ਬੈਂਚਮਾਰਕ ਮੰਡੀ ਕੀਮਤ ਬੀਤੇ ਸੋਮਵਾਰ ਨੂੰ 600 ਰੁਪਏ ਪ੍ਰਤੀ ਕੁਇੰਟਲ ਸੀ, ਜੋ ਇਕ ਮਹੀਨੇ ਪਹਿਲਾਂ ਦੀ ਤੁਲਨਾ ’ਚ 25 ਫੀਸਦੀ ਘੱਟ ਹੈ। ਕੋਲਾਰ ’ਚ ਮੰਡੀ ਅਧਿਕਾਰੀਆਂ ਅਨੁਸਾਰ ਸਪਲਾਈ ਭਰਪੂਰ ਹੈ ਅਤੇ ਅਗਲੇ ਕੁਝ ਹਫਤਿਆਂ ਤੱਕ ਕੀਮਤਾਂ ਦੇ ਸਥਿਤ ਰਹਿਣ ਦੀ ਉਮੀਦ ਹੈ।

ਜੂਨ ’ਚ 3000 ਰੁਪਏ ਪ੍ਰਤੀ ਕੁਇੰਟਲ ਸੀ ਭਾਅ

ਮਹਾਰਾਸ਼ਟਰ ਐਗਰੀਕਲਚਰਲ ਪ੍ਰਾਈਜ਼ ਕਮਿਸ਼ਨ ਦੇ ਸਾਬਕਾ ਸਲਾਹਕਾਰ ਉਦੈ ਦੇਵਲੰਕਰ ਨੇ ਐੱਫ. ਈ. ਨੂੰ ਦੱਸਿਆ ਕਿ ਅਗਲੇ 2 ਮਹੀਨਿਆਂ ’ਚ ਟਮਾਟਰ ਦੀ ਆਮਦ ਮਜ਼ਬੂਤ ਹੋਣ ਦੀ ਉਮੀਦ ਹੈ, ਬਾਸ਼ਰਤੇ ਅਗਸਤ ’ਚ ਜ਼ਿਆਦਾ ਬਾਰਿਸ਼ ਨਾਲ ਉਪਜ ’ਤੇ ਉਲਟ ਪ੍ਰਭਾਵ ਨਾ ਪਵੇ। ਜੂਨ ’ਚ ਮੰਡੀ ਦੀ ਕੀਮਤ 3,000 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਸੀ, ਜਿਸ ਨਾਲ ਪ੍ਰਚੂਨ ਕੀਮਤਾਂ 90/100 ਰੁਪਏ ਪ੍ਰਤੀ ਕਿਲੋ ਹੋ ਗਈਆਂ।

ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਟਮਾਟਰ ਉਤਪਾਦਕ ਸੂਬਿਆਂ ’ਚ ਮਾਰਚ-ਅਪ੍ਰੈਲ ਦੌਰਾਨ ਗਰਮੀ ਦੀਆਂ ਲਹਿਰਾਂ ਨੇ ਉਤਪਾਦਨ ’ਤੇ ਉਲਟ ਪ੍ਰਭਾਵ ਪਾਇਆ ਅਤੇ ਜੂਨ ’ਚ ਦੇਸ਼ ਭਰ ’ਚ ਕੀਮਤਾਂ ਨੂੰ ਵਧਾ ਦਿੱਤਾ ਸੀ। ਮੌਜੂਦਾ ਸਮੇਂ ’ਚ ਪ੍ਰਮੁੱਖ ਸ਼ਹਿਰਾਂ ’ਚ ਪ੍ਰਚੂਨ ਕੀਮਤਾਂ 30/40 ਰੁਪਏ ਪ੍ਰਤੀ ਕਿਲੋ ਹਨ।

ਫਸਲ ਸਾਲ 2021-22 (ਜੁਲਾਈ-ਜੂਨ) ’ਚ ਬਾਗਬਾਨੀ ਉਤਪਾਦਨ ਦੇ ਦੂਜੇ ਅਗਾਊਂ ਅਨੁਮਾਨ ਅਨੁਸਾਰ ਟਮਾਟਰ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਤੋਂ ਜ਼ਿਆਦਾ ਘੱਟ ਕੇ 20.34 ਮਿਲੀਅਨ ਟਨ (ਐੱਮ. ਟੀ.) ਰਹਿਣ ਦੀ ਉਮੀਦ ਹੈ।

ਪਿਆਜ਼ ਦੀਆਂ ਕੀਮਤਾਂ ’ਚ 8 ਫੀਸਦੀ ਦੀ ਗਿਰਾਵਟ

ਇਸ ਦਰਮਿਆਨ ਬੰਪਰ ਉਤਪਾਦਨ ਕਾਰਨ ਪਿਆਜ਼ (ਲਾਸਲਗਾਓਂ, ਮਹਾਰਾਸ਼ਟਰ) ਦੀ ਬੈਂਚਮਾਰਕ ਮੰਡੀ ’ਚ ਕੀਮਤਾਂ ਇਕ ਮਹੀਨੇ ਪਹਿਲਾਂ ਦੇ ਮੁਕਾਬਲੇ ਬੀਤੇ ਸੋਮਵਾਰ ਨੂੰ 8 ਫੀਸਦੀ ਡਿੱਗ ਕੇ 1,151 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ ਹਨ। ਫਸਲ ਸਾਲ 2021-22 ’ਚ ਪਿਆਜ਼ ਦਾ ਉਤਪਾਦਨ 31.7 ਮੀਟ੍ਰਿਕ ਟਨ ਹੋਣ ਦਾ ਅੰਦਾਜ਼ਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ’ਚ 20 ਫੀਸਦੀ ਜ਼ਿਆਦਾ ਹੈ। ਫਿਲਹਾਲ ਪ੍ਰਚੂਨ ਕੀਮਤਾਂ ਲਗਭਗ 20/22 ਰੁਪਏ ਪ੍ਰਤੀ ਕਿਲੋ ਦੇ ਘੇਰੇ ’ਚ ਹਨ।

ਮਹਾਰਾਸ਼ਟਰ ਦੇ ਮਨਮਾਡ ਦੇ ਇਕ ਪਿਆਜ਼ ਕਿਸਾਨ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ’ਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ ਕਿਉਂਕਿ ਕਿਸਾਨ ਗਰਮੀਆਂ ਦੀਆਂ ਫਸਲਾਂ ਦੇ ਆਪਣੇ ਭੰਡਾਰ ਕੀਤੇ ਉਤਪਾਦ ਲਿਆ ਰਹੇ ਹਨ। ਜੂਨ ’ਚ ਆਲੂ ਅਤੇ ਟਮਾਟਰ ਦੀ ਮਹਿੰਗਾਈ ਦਰ ’ਚ ਕ੍ਰਮਵਾਰ : 23.86 ਫੀਸਦੀ ਅਤੇ 158.78 ਫੀਸਦੀ ਦਾ ਵਾਧਾ ਹੋਇਆ, ਜਦੋਂਕਿ ਪਿਆਜ਼ ਦੀ ਮਹਿੰਗਾਈ ਦਰ ਸਾਲ-ਦਰ-ਸਾਲ 20.74 ਫੀਸਦੀ ਘੱਟ ਰਹੀ ਹੈ। ਸੀ. ਪੀ. ਆਈ. ਮਹਿੰਗਾਈ ’ਚ ਟਮਾਟਰ, ਪਿਆਜ਼ ਅਤੇ ਆਲੂ ਦਾ ਭਾਰ ਕ੍ਰਮਵਾਰ : 0.6 ਫੀਸਦੀ, 0.6 ਫੀਸਦੀ ਅਤੇ 1 ਫੀਸਦੀ ਹੈ।


Harinder Kaur

Content Editor

Related News