''ਮਹਾਮਾਰੀ ਕਾਰਨ ਬੱਸ, ਟੈਕਸੀ ਸੈਕਟਰ ''ਚ 20 ਲੱਖ ਲੋਕ ਹੋਏ ਬੇਰੋਜ਼ਗਾਰ''
Sunday, Jun 21, 2020 - 06:50 PM (IST)

ਨਵੀਂ ਦਿੱਲੀ— ਬੱਸ ਤੇ ਕਾਰ ਸੰਚਾਲਕਾਂ ਦੀ ਇਕ ਸੰਸਥਾ ਬੀ. ਓ. ਸੀ. ਆਈ. ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਤਕਰੀਬਨ 20 ਲੱਖ ਲੋਕਾਂ ਦੀਆਂ ਬੱਸ-ਟੈਕਸੀ ਸੈਕਟਰ 'ਚ ਨੌਕਰੀਆਂ ਜਾ ਚੁੱਕੀਆਂ ਹਨ। ਸੰਸਥਾ ਨੇ ਕਿਹਾ ਕਿ ਹੋਰ ਇੰਨੇ ਹੀ ਲੋਕਾਂ ਦੇ ਬੇਰੋਜ਼ਗਾਰ ਹੋਣ ਦਾ ਖ਼ਤਰਾ ਹੈ।
ਭਾਰਤੀ ਬੱਸ ਤੇ ਕਾਰ ਸੰਚਾਲਕ ਸੰਗਠਨ (ਬੀ. ਓ. ਸੀ. ਆਈ.) 15 ਲੱਖ ਬੱਸਾਂ, ਮੈਕਸੀ ਕੈਬਸ ਅਤੇ 11 ਲੱਖ ਸੈਰ-ਸਪਾਟਾ ਟੈਕਸੀ ਚਲਾਉਣ ਵਾਲੇ 20 ਹਜ਼ਾਰ ਸੰਚਾਲਕਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਦਾ ਹੈ। ਸੰਗਠਨ ਦਾ ਦਾਅਵਾ ਹੈ ਕਿ ਸੰਚਾਲਕ ਇਕ ਕਰੋੜ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਂਦੇ ਹਨ।
ਸੰਗਠਨ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ 'ਚ ਨਿੱਜੀ ਸੰਚਾਲਕਾਂ ਨੂੰ ਟੈਕਸ ਰਾਹਤ ਅਤੇ ਕਰਜ਼ ਦੇ ਵਿਆਜ 'ਚ ਰਾਹਤ ਦੇ ਤੌਰ 'ਤੇ ਸਰਕਾਰ ਤੋਂ ਮਦਦ ਦੀ ਉਮੀਦ ਹੈ, ਕਿਉਂਕਿ ਮਹਾਮਾਰੀ ਨੇ ਉਨ੍ਹਾਂ ਨੂੰ ਬੰਦ ਹੋਣ ਦੇ ਕੰਢੇ 'ਤੇ ਪਹੁੰਚਾ ਦਿੱਤਾ ਹੈ।
ਬੀ. ਓ. ਸੀ. ਆਈ. ਦੇ ਮੁਖੀ ਪ੍ਰਸੰਨਾ ਪਟਵਰਧਨ ਨੇ ਕਿਹਾ, ''ਲਾਕਡਾਊਨ ਦੌਰਾਨ ਸਾਡੇ ਵਾਹਨਾਂ 'ਚੋਂ 95 ਫੀਸਦੀ ਸੜਕਾਂ ਤੋਂ ਦੂਰ ਸਨ। ਬਹੁਤ ਘੱਟ ਬੱਸਾਂ ਕੰਪਨੀ ਦੇ ਠੇਕਿਆਂ ਲਈ ਸੰਚਾਲਤ ਹੁੰਦੀਆਂ ਸਨ, ਜਦੋਂ ਕਿ ਕੁਝ ਦਾ ਇਸਤੇਮਾਲ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਲਈ ਕੀਤਾ ਜਾਂਦਾ ਸੀ।'' ਉਨ੍ਹਾਂ ਕਿਹਾ ਕਿ ਕੋਈ ਕਾਰੋਬਾਰ ਨਹੀਂ ਹੋਣ ਕਾਰਨ ਸੰਚਾਲਕ ਕਾਮਿਆਂ ਨੂੰ ਤਨਖਾਹ ਦੇਣ 'ਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਕਰੋੜ ਲੋਕਾਂ 'ਚੋਂ ਘੱਟੋ-ਘੱਟ 30-40 ਲੱਖ ਲੋਕ ਆਪਣੀਆਂ ਨੌਕਰੀਆਂ ਗੁਆ ਦੇਣਗੇ। 15-20 ਲੱਖ ਲੋਕ ਪਹਿਲਾਂ ਹੀ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਬਾਕੀ ਬਚੇ ਲੋਕ ਵੀ ਆਪਣੀਆਂ ਨੌਕਰੀਆਂ ਗੁਆ ਦੇਣਗੇ''