13 ਸਾਲ ਬਾਅਦ ਫਿਰ ਜੋਸ਼ ਵਿਚ ਰੀਅਲ ਅਸਟੇਟ ਸੈਕਟਰ, ਦੁੱਗਣੇ ਹੋਏ ਨਿਵੇਸ਼ਕਾਂ ਦੇ ਪੈਸੇ

Monday, Nov 15, 2021 - 12:06 PM (IST)

13 ਸਾਲ ਬਾਅਦ ਫਿਰ ਜੋਸ਼ ਵਿਚ ਰੀਅਲ ਅਸਟੇਟ ਸੈਕਟਰ, ਦੁੱਗਣੇ ਹੋਏ ਨਿਵੇਸ਼ਕਾਂ ਦੇ ਪੈਸੇ

ਜਲੰਧਰ (ਵਿਸ਼ੇਸ਼) - ਅਮਰੀਕਾ ਵਿਚ 2008 ਵਿਚ ਲੇਮੈਨ ਬ੍ਰਦਰਸ ਵਿਚ ਸੰਕਟ ਆਉਣ ਤੋਂ ਬਾਅਦ ਭਾਰਤ ਵਿਚ ਧਰਾਸ਼ਾਈ ਹੋਇਆ ਰੀਅਲ ਅਸਟੇਟ ਸੈਕਟਰ 13 ਸਾਲਾਂ ਬਾਅਦ ਇਕ ਵਾਰ ਫਿਰ ਬੁਲਿਸ਼ ਟਰੈਂਡ ਵਿਚ ਆ ਗਿਆ ਹੈ। ਨਿਫਟੀ ਦਾ ਰਿਅਲਟੀ ਇੰਡੈਕਸ ਆਪਣੇ ਹੁਣ ਤੱਕ ਦੇ ਉੱਚ ਪੱਧਰ ਉੱਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਦੇ ਸਮੇਂ 1.65 ਫੀਸਦੀ ਦੀ ਤੇਜ਼ੀ ਨਾਲ 544.65 ਉੱਤੇ ਬੰਦ ਹੋਇਆ।

ਇਸ ਤੋਂ ਪਹਿਲਾਂ ਇਸ ਇੰਡੈਕਸ ਨੇ 8 ਅਕਤੂਬਰ 2010 ਨੂੰ 515 ਦਾ ਪੱਧਰ ਛੂਹਿਆ ਸੀ। ਨਿਫਟੀ ਦੇ ਰਿਅਲਟੀ ਇੰਡੈਕਸ ਵਿਚ 10 ਸਾਲ ਦੇ ਲੰਬੇ ਸਮੇਂ ਬਾਅਦ 21 ਸਤੰਬਰ ਨੂੰ ਬ੍ਰੇਕ ਆਊਟ ਹੋਇਆ ਸੀ ਅਤੇ ਇਸ ਨੇ 3 ਜਨਵਰੀ 2011 ਦੇ 388 ਅੰਕ ਦੇ ਆਪਣੇ ਉੱਚ ਪੱਧਰ ਨੂੰ ਤੋੜਿਆ , ਜਦੋਂਕਿ ਬੀ. ਐੱਸ. ਈ. ਦਾ ਰਿਅਲਟੀ ਇੰਡੈਕਸ ਸ਼ੁੱਕਰਵਾਰ ਨੂੰ 1.59 ਫੀਸਦੀ ਦੀ ਤੇਜ਼ੀ ਨਾਲ 4310.71 ਉੱਤੇ ਬੰਦ ਹੋਇਆ। ਹਾਲਾਂਕਿ ਇਹ ਇੰਡੈਕਸ 2008 ਦੇ ਆਪਣੇ ਉੱਚ ਪੱਧਰ 13848 ਤੋਂ ਅਜੇ ਵੀ ਕਾਫੀ ਹੇਠਾਂ ਹੈ। 8 ਜਨਵਰੀ 2008 ਨੂੰ ਬੀ. ਐੱਸ. ਈ. ਦੇ ਰਿਅਲਟੀ ਇੰਡੈਕਸ ਨੇ ਇਹ ਉੱਚ ਪੱਧਰ ਛੂਹਿਆ ਸੀ। ਪਿਛਲੇ ਸਾਲ ਕੋਰੋਨਾ ਕਾਰਨ ਬਾਜ਼ਾਰ ਵਿਚ ਆਈ ਭਾਰੀ ਗਿਰਾਵਟ ਤੋਂ ਬਾਅਦ ਬੀ. ਐੱਸ. ਈ. ਦਾ ਰਿਅਲਟੀ ਇੰਡੈਕਸ 13 ਨਵੰਬਰ ਨੂੰ 1884.39 ਤੱਕ ਪਹੁੰਚ ਗਿਆ ਸੀ ਪਰ ਪਿਛਲੇ ਇਕ ਸਾਲ ਵਿਚ ਇਸ ਨੇ ਦੁੱਗਣੀ ਛਲਾਂਗ ਲਾਈ ਹੈ ਅਤੇ ਹੁਣ ਇਹ 4310.71 ਤੱਕ ਪਹੁੰਚ ਗਿਆ ਹੈ। ਇਹ ਅਕਤੂਬਰ 2009 ਤੋਂ ਬਾਅਦ ਦਾ ਇਸ ਇੰਡੈਕਸ ਦਾ ਉੱਚ ਪੱਧਰ ਹੈ ਅਤੇ ਜੇਕਰ ਇਹ ਆਪਣੇ 18 ਸਤੰਬਰ 2009 ਦੇ 4474 ਦੇ ਪੱਧਰ ਨੂੰ ਤੋਡ਼ ਦਿੰਦਾ ਹੈ ਤਾਂ ਇਸ ਵਿਚ ਵੀ 12 ਸਾਲ ਬਾਅਦ ਮਲਟੀ ਈਅਰ ਬ੍ਰੇਕਅਪ ਬਣੇਗਾ ਅਤੇ ਰੀਅਲ ਅਸਟੇਟ ਸੈਕਟਰ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਦੀ ਚਾਂਦੀ ਹੋ ਸਕਦੀ ਹੈ।

7 ਸ਼ਹਿਰਾਂ ਵਿਚ ਪ੍ਰਾਪਰਟੀ ਦੀ ਮੰਗ ਵਿਚ 113 ਫੀਸਦੀ ਦੀ ਤੇਜ਼ੀ

ਨਾਈਟ ਫਰੈਂਕ ਇੰਡੀਆ ਦੀ ਰਿਪੋਰਟ ਮੁਤਾਬਕ ਸਤੰਬਰ ਮਹੀਨੇ ਵਿਚ ਹੀ ਦੇਸ਼ ਦੇ ਟਾਪ 7 ਸ਼ਹਿਰਾਂ ਵਿਚ ਘਰਾਂ ਦੀ ਮੰਗ ਵਿਚ 113 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਏ. ਐੱਮ. ਐੱਸ. ਪ੍ਰਾਜੈਕਟ ਕੰਸਲਟੈਂਟ ਦੇ ਨਿਰਦੇਸ਼ਕ ਵਿਨੀਤ ਡੁੰਗਰਵਾਲ ਦਾ ਮੰਨਣਾ ਹੈ ਕਿ ਬੈਂਕਾਂ ਦੇ ਲੋਨ ਅਜੇ ਸਸਤੇ ਹਨ ਅਤੇ ਕਈ ਰਾਜ ਸਰਕਾਰਾਂ ਨੇ ਪ੍ਰਾਪਰਟੀਜ਼ ਦੀ ਰਜਿਸਟਰੇਸ਼ਨ ਦੀ ਫੀਸ ਘੱਟ ਕੀਤੀ ਹੈ, ਜਿਸ ਦਾ ਲੋਕ ਫਾਇਦਾ ਉੱਠਾ ਰਹੇ ਹਨ ਅਤੇ ਸਤੰਬਰ, ਅਕਤੂਬਰ ਅਤੇ ਨਵੰਬਰ ਵਿਚ ਦੇਸ਼ ਦੇ ਰੀਅਲ ਅਸਟੇਟ ਸੈਕਟਰ ਵਿਚ ਚੰਗੀ ਗ੍ਰੋਥ ਦੇਖਣ ਨੂੰ ਮਿਲੀ ਹੈ ਅਤੇ ਆਉਣ ਵਾਲੇ ਮਹੀਨਿਆਂ ਵਿਚ ਵੀ ਮੰਗ ਵਿਚ ਤੇਜ਼ੀ ਜਾਰੀ ਰਹਿ ਸਕਦੀ ਹੈ ਕਿਉਂਕਿ ਦੇਸ਼ ਦੀ ਅਰਥਵਿਵਸਥਾ ਤੇਜ਼ੀ ਨਾਲ ਵੱਧ ਰਹੀ ਹੈ।

ਬ੍ਰੋਕਰੇਜ ਹਾਊਸ ਰੀਅਲ ਅਸਟੇਟ ਸੈਕਟਰ ਵਿਚ ਬੁਲਿਸ਼

ਰੀਅਲ ਅਸਟੇਟ ਸੈਕਟਰ ਵਿਚ ਚੱਲ ਰਹੀ ਤੇਜ਼ੀ ਕਾਰਨ ਬ੍ਰੋਕਰੇਜ ਹਾਊਸਿਜ਼ ਨੇ ਨਿਵੇਸ਼ਕਾਂ ਨੂੰ ਇਸ ਸੈਕਟਰ ਵਿਚ ਨਿਵੇਸ਼ ਕਰਨ ਦੀ ਸਲਾਹ ਦਿੱਤੀ ਹੈ। ਆਈ. ਸੀ. ਆਈ. ਸੀ. ਆਈ. ਡਾਇਰੈਕਟ ਨੇ ਆਪਣੇ ਨਿਵੇਸ਼ਕਾਂ ਨੂੰ 540 ਰੁਪਏ ਦੇ ਟੀਚੇ ਦੇ ਨਾਲ ਪ੍ਰੇਸਟੀਜ਼ ਅਸਟੇਟ ਅਤੇ ਡੀ. ਐੱਲ. ਐੱਫ. ਵਿਚ ਨਿਵੇਸ਼ ਕਰਨ ਦੀ ਸਲਾਹ ਦਿੱਤੀ ਹੈ। ਜਦੋਂਕਿ ਡੀ. ਐੱਲ. ਐੱਫ. ਲਈ 440 ਰੁਪਏ ਦਾ ਟੀਚਾ ਦਿੱਤਾ ਗਿਆ ਹੈ। ਇਸ ਤਰ੍ਹਾਂ ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਸ਼ੋਭਾ ਡਿਵੈੱਲਪਰਜ਼ ਦੇ ਸ਼ੇਅਰ ਉੱਤੇ 964 ਰੁਪਏ ਦਾ ਟੀਚਾ ਲੈ ਕੇ ਨਿਵੇਸ਼ ਕਰਨ ਦੀ ਸਲਾਹ ਦਿੱਤੀ ਹੈ।

ਮੁੰਬਈ ਵਿਚ ਪ੍ਰਾਪਰਟੀ ਦੀ ਮੰਗ 10 ਸਾਲ ਦੇ ਉੱਚ ਪੱਧਰ ਉੱਤੇ

ਨਾਈਟ ਫਰੈਂਕ ਇੰਡੀਆ ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਸਸਤੀ ਵਿਆਜ ਦਰ ਉੱਤੇ ਮਿਲ ਰਹੇ ਹੋਮਲੋਨ ਅਤੇ ਡਿਵੈੱਲਪਰ ਵੱਲੋਂ ਦਿੱਤੀ ਆਕਰਸ਼ਕ ਯੋਜਨਾਵਾਂ ਕਾਰਨ ਰੀਅਲ ਅਸਟੇਟ ਸੈਕਟਰ ਦੀ ਵਿਕਰੀ ਵਿਚ ਭਾਰੀ ਉਛਾਲ ਆਇਆ ਹੈ। ਅਕਤੂਬਰ ਮਹੀਨੇ ਵਿਚ ਹੀ ਮੁੰਬਈ ਵਿਚ ਪ੍ਰਾਪਰਟੀ ਦੀ ਰਜਿਸਟਰੇਸ਼ਨ 10 ਸਾਲ ਦੇ ਉੱਚ ਪੱਧਰ ਉੱਤੇ ਪਹੁੰਚ ਗਈ। ਅਗਸਤ ਵਿਚ ਮੁੰਬਈ ਵਿਚ ਰੋਜ਼ਾਨਾ 219 ਪ੍ਰਾਪਰਟੀਜ਼ ਦੀ ਰਜਿਸਟਰੇਸ਼ਨ ਹੋਈ, ਜਦੋਂਕਿ ਸਤੰਬਰ ਵਿਚ ਇਹ ਗਿਣਤੀ ਵਧ ਕੇ 260 ਅਤੇ ਅਕਤੂਬਰ ਵਿਚ 277 ਤੱਕ ਪਹੁੰਚ ਗਈ। ਇਹ ਸਾਰੀ ਖਰੀਦਦਾਰੀ ਨਵਰਾਤਰਿਆਂ ਅਤੇ ਦੀਵਾਲੀ ਦੌਰਾਨ ਹੋਈ ਹੈ। ਨਾਈਟ ਫਰੈਂਕ ਦੀ ਰਿਪੋਰਟ ਮੁਤਾਬਕ ਨਵੰਬਰ ਮਹੀਨੇ ਵਿਚ ਹੀ ਮੁੰਬਈ ਵਿਚ 1 ਲੱਖ ਯੂਨਿਟ ਪ੍ਰਾਪਰਟੀਜ਼ ਵਿਕ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਆਪਣਾ ਘਰ ਖਰੀਦਣਾ ਲੋਕਾਂ ਲਈ ਪਹਿਲ ਹੋ ਗਈ ਹੈ ਅਤੇ ਉਹ ਸੁਵਿਧਾਜਨਕ ਮਕਾਨ ਖਰੀਦਣਾ ਚਾਹ ਰਹੇ ਹਨ ਕਿਉਂਕਿ ਮਹਾਮਾਰੀ ਦੌਰਾਨ ਵਰਕ ਫਰਾਮ ਹੋਮ ਦੇ ਕਲਚਰ ਨਾਲ ਲੋਕਾਂ ਨੂੰ ਸੁਵਿਧਾਜਨਕ ਘਰ ਦੀ ਜ਼ਰੂਰਤ ਮਹਿਸੂਸ ਹੋਈ ਹੈ।

ਝੁਨਝੁਨਵਾਲਾ ਨੇ ਇੰਡੀਆ ਬੁਲਸ ਦੇ ਸ਼ੇਅਰ ਖਰੀਦੇ

ਦੇਸ਼ ਦੇ ਸਭ ਤੋਂ ਵੱਡੇ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦੀ ਕੰਪਨੀ ਨੇ ਸਤੰਬਰ ਮਹੀਨੇ ਵਿਚ ਖਤਮ ਹੋਈ ਤਿਮਾਹੀ ਦੌਰਾਨ ਇੰਡੀਆ ਬੁਲਸ ਰੀਅਲ ਅਸਟੇਟ ਵਿਚ 1.1 ਫੀਸਦੀ ਹਿੱਸੇਦਾਰੀ ਖਰੀਦੀ ਹੈ। ਉਨ੍ਹਾਂ ਕੋਲ ਕੰਪਨੀ ਦੇ 50 ਲੱਖ ਸ਼ੇਅਰ ਹਨ। ਹਾਲਾਂਕਿ ਦਸੰਬਰ ਤਿਮਾਹੀ ਦੌਰਾਨ ਵੀ ਉਨ੍ਹਾਂ ਕੋਲ ਕੰਪਨੀ ਦੇ ਸ਼ੇਅਰ ਸਨ ਪਰ ਉਨ੍ਹਾਂ ਨੇ ਬਾਅਦ ਵਿਚ ਆਪਣੇ ਕੋਲ ਮੌਜੂਦ ਸ਼ੇਅਰਾਂ ਦੀ ਗਿਣਤੀ ਘਟਾ ਦਿੱਤੀ ਸੀ ਅਤੇ ਇਕ ਫੀਸਦੀ ਤੋਂ ਘੱਟ ਸ਼ੇਅਰ ਹੋਣ ਕਾਰਨ ਉਨ੍ਹਾਂ ਦਾ ਨਾਮ ਸ਼ੇਅਰਧਾਰਕਾਂ ਦੀ ਸੂਚੀ ਵਿਚ ਨਹੀਂ ਸੀ ਪਰ ਸਤੰਬਰ ਤਿਮਾਹੀ ਵਿਚ ਉਨ੍ਹਾਂ ਦੀ ਹਿੱਸੇਦਾਰੀ 1 ਫੀਸਦੀ ਤੋਂ ਵਧਣ ਦਾ ਬਾਅਦ ਫਿਰ ਉਨ੍ਹਾਂ ਦਾ ਨਾਂ ਨਿਵੇਸ਼ਕਾਂ ਦੀ ਸੂਚੀ ਵਿਚ ਆ ਗਿਆ ਹੈ।

ਕੰਪਨੀ                                          ਕੀਮਤ                 ਰਿਟਰਨ (% ਵਿਚ)

ਇੰਡੀਆ ਬੁਲਸ ਰੀਅਲ ਅਸਟੇਟ         189.55                   214.87

ਸ਼ੋਭਾ ਲਿਮਟਿਡ                               893.00                  201.33

ਮਹਿੰਦਰਾ ਲਾਈਫ ਸਪੇਸ ਡਿਵੈੱਲਪਰ      275.25                 188.43

ਬ੍ਰਿਗੇਡ                                         499.45                  143.99

ਡੀ. ਐੱਲ. ਐੱਫ.                              427.25                  131.38

ਗੋਦਰੇਜ ਪ੍ਰੋਪਰਾਈਟੀਜ਼                    2287.60                  131.00

ਓਬਰਾਏ ਰਿਅਲਟੀ                          973.00                  125.26

ਪ੍ਰੈਸਟਾਈਜ਼                                    508.00                    93.45

ਸਨਟੈਕ ਰਿਅਲਟੀ                          482.25                     81.16

ਫਿਨੈਕਸ ਮਿੱਲਸ                          1082.00                     73.95

 


author

Harinder Kaur

Content Editor

Related News