ਚੀਨ ਤੋਂ ਕਾਰੋਬਾਰ ਸਮੇਟ ਭਾਰਤ ਆਉਣ ਦੀ ਤਿਆਰੀ ''ਚ 12 ਟਾਪ ਕੰਪਨੀਆਂ
Sunday, Dec 01, 2019 - 01:14 PM (IST)

ਨਵੀਂ ਦਿੱਲੀ— ਦੁਨੀਆ ਦੀਆਂ ਟਾਪ ਕੰਪਨੀਆਂ ਚੀਨ ਤੋਂ ਭਾਰਤ ਆਉਣ ਦੀ ਤਿਆਰੀ ਕਰ ਰਹੀਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ 12 ਗਲੋਬਲ ਕੰਪਨੀਆਂ ਚੀਨ ਤੋਂ ਕਾਰੋਬਾਰ ਸਮੇਟ ਭਾਰਤ ਆ ਸਕਦੀਆਂ ਹਨ। ਸਰਕਾਰ ਮੁਤਾਬਕ ਇਹ ਕੰਪਨੀਆਂ ਕਾਰਪੋਰੇਟ ਟੈਕਸ 'ਚ ਕਟੌਤੀ ਕਰਕੇ ਭਾਰਤ 'ਚ ਨਿਵੇਸ਼ ਕਰਨ ਲਈ ਉਤਸੁਕ ਹਨ।
ਸਰਕਾਰ ਨੇ ਹਾਲ ਹੀ 'ਚ ਕੰਪਨੀਆਂ 'ਤੇ ਕਾਰਪੋਰੇਟ ਟੈਕਸ ਦੀ ਦਰ 30 ਤੋਂ ਘਟਾ ਕੇ 22 ਫੀਸਦੀ ਕੀਤੀ ਹੈ। ਇਸੇ ਤਰ੍ਹਾਂ ਨਿਰਮਾਣ ਉਦਯੋਗ 'ਚ 1 ਅਕਤੂਬਰ 2019 ਮਗਰੋਂ ਸਥਾਪਤ ਤੇ 31 ਮਾਰਚ 2023 ਤਕ ਕੰਮਕਾਜ ਸ਼ੁਰੂ ਕਰਨ ਵਾਲੀਆਂ ਕੰਪਨੀਆਂ ਦੀ ਆਮਦਨ 'ਤੇ ਟੈਕਸ ਦੀ ਦਰ 25 ਫੀਸਦੀ ਦੀ ਜਗ੍ਹਾ 15 ਫੀਸਦੀ ਕੀਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਟਾਸਕ ਫੋਰਸ ਦੀ 12 ਫਰਮਾਂ ਨਾਲ ਗੱਲ ਹੋਈ ਹੈ, ਜੋ ਭਾਰਤ 'ਚ ਕਦਮ ਰੱਖਣ ਲਈ ਇਛੁੱਕ ਹਨ।
ਵਿੱਤ ਮੰਤਰਾਲਾ ਨੇ ਸਤੰਬਰ 'ਚ ਆਰਥਿਕ ਮਾਮਲਿਆਂ ਦੇ ਸਕੱਤਰ ਦੀ ਪ੍ਰਧਾਨਗੀ 'ਚ ਇਕ ਟਾਸਕ ਫੋਰਸ ਦਾ ਗਠਨ ਕੀਤਾ ਸੀ। ਇਸ ਨੂੰ ਇੰਫਰਾਸਟ੍ਰਕਚਰ ਖੇਤਰ ਦੇ ਵਿਕਾਸ ਲਈ ਖਾਕਾ ਬਣਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਦੋਂ ਸਰਕਾਰ ਨੇ ਕਾਰਪੋਰੇਟ ਟੈਕਸ 'ਚ ਕਟੌਤੀ ਕੀਤੀ ਸੀ, ਉਸ ਸਮੇਂ ਟਾਸਕ ਫੋਰਸ ਨੂੰ ਇਸ ਤਰ੍ਹਾਂ ਦੀਆਂ ਕੰਪਨੀਆਂ ਦੀ ਸੂਚੀ ਤਿਆਰ ਕਰਨ ਨੂੰ ਕਿਹਾ ਸੀ ਜਿਨ੍ਹਾਂ ਦੀ ਚੀਨ ਛੱਡ ਕੇ ਭਾਰਤ ਆਉਣ ਦੀ ਇੱਛਾ ਹੈ।