12 ਕੰਪਨੀਆਂ ਨੇ ਅਪ੍ਰੈਲ-ਜੁਲਾਈ 'ਚ IPO ਰਾਹੀਂ 27,000 ਕਰੋੜ ਰੁਪਏ ਜੁਟਾਏ
Sunday, Aug 01, 2021 - 02:17 PM (IST)

ਨਵੀਂ ਦਿੱਲੀ- ਇਕਨੋਮੀ ਖੁੱਲ੍ਹਣ ਤੇ ਕੋਰੋਨਾ ਮਾਮਲੇ ਘੱਟ ਹੋਣ ਪਿੱਛੋਂ ਇਸ ਵਿੱਤੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ 12 ਕੰਪਨੀਆਂ ਨੇ ਆਈ. ਪੀ. ਓ. ਜ਼ਰੀਏ 27,000 ਕਰੋੜ ਰੁਪਏ ਜੁਟਾਏ ਹਨ। ਬਾਕੀ ਬਚੇ ਸਾਲ ਲਈ ਵੀ ਕਈ ਆਈ. ਪੀ. ਓ. ਬਾਜ਼ਾਰ ਵਿਚ ਉਤਰਨ ਨੂੰ ਵਾਲੇ ਹਨ।
ਉੱਥੇ ਹੀ, ਦੇਵਯਾਨੀ ਇੰਟਰਨੈਸ਼ਨਲ, ਵਿੰਡਲਾਸ ਬਾਇਓਟੈੱਕ, ਕ੍ਰਿਸ਼ਣਾ ਡਾਇਗੌਨਸਟਿਕਸ ਅਤੇ ਐਕਸਾਰੋ ਟਾਈਲਸ ਦੇ ਆਈ. ਪੀ. ਓ. 4 ਅਗਸਤ ਨੂੰ ਖੁੱਲ੍ਹਣ ਜਾ ਰਹੇ ਹਨ।
ਸੈਂਕਟਮ ਵੈਲਥ ਮੈਨੇਜਮੈਂਟ ਦੇ ਇਕੁਇਟੀ ਪ੍ਰਮੁੱਖ ਹੇਮਾਂਗ ਕਪਾਸੀ ਨੇ ਕਿਹਾ ਕਿ ਬਾਕੀ ਸਾਲ ਵਿਚ ਤਕਰੀਬਨ 40 ਆਈ. ਪੀ. ਓ. ਆ ਸਕਦੇ ਹਨ। ਇਨ੍ਹਾਂ ਦੀ ਕੁੱਲ ਮਿਲਾ ਕੇ 70,000 ਕਰੋੜ ਰੁਪਏ ਜੁਟਾਉਣ ਦੀ ਉਮੀਦ ਹੈ, ਨਾਲ ਹੀ ਵੱਡੀ ਗਿਣਤੀ ਵਿਚ ਪ੍ਰਚੂਨ ਨਿਵੇਸ਼ਕਾਂ ਨਾਲ ਜੁੜੇ ਬ੍ਰਾਂਡ ਸ਼ੇਅਰ ਬਾਜ਼ਾਰ ਵਿਚ ਸੂਚੀਬੱਧ ਹੋਣਗੇ। ਇਨਵੈਸਟ19 ਦੇ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੁਲਸ਼ੈਂਦਰ ਸਿੰਘ ਨੇ ਕਿਹਾ, ''ਪੇਟੀਐੱਮ, ਮੋਬੀਕਵਿਕ, ਪਾਲਿਸੀ ਬਾਜ਼ਾਰ, ਕਾਰਟ੍ਰੇਡ ਟੈੱਕ, ਦਿੱਲੀਵੇਰੀ ਤੇ ਨਾਇਕਾ ਦੇ ਆਈ. ਪੀ. ਓ. ਦੀ ਵਜ੍ਹਾ ਨਾਲ ਵਿੱਤੀ ਸਾਲ ਦੌਰਾਨ ਨਿਵੇਸ਼ਕ ਵਿਅਸਤ ਰਹਿਣਗੇ।" ਉਨ੍ਹਾਂ ਕਿਹਾ ਕਿ ਸ਼ੇਅਰ ਬਾਜ਼ਾਰਾਂ ਵਿਚ ਜ਼ਬਰਦਸਤ ਤੇਜ਼ੀ ਦੀ ਵਜ੍ਹਾ ਨਾਲ ਕੰਪਨੀਆਂ ਆਈ. ਪੀ. ਓ. ਮਾਰਗ ਜ਼ਰੀਏ ਪੈਸਾ ਜੁਟਾਉਣ ਨੂੰ ਤਰਜੀਹ ਦੇ ਰਹੀਆਂ ਹਨ।