LIC ਦੇ IPO ਦੀ ਤਿਆਰੀ ਸ਼ੁਰੂ, ਸਰਕਾਰ ਨੇ 10 ਬੈਂਕਰਾਂ ਦੀ ਕੀਤੀ ਨਿਯੁਕਤੀ
Thursday, Sep 09, 2021 - 09:10 AM (IST)
ਨਵੀਂ ਦਿੱਲੀ- ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਆਈ. ਪੀ. ਓ. ਦਾ ਨਿਵੇਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਇਸ ਦੇ ਆਈ. ਪੀ. ਓ. ਲਈ ਤਿਆਰੀ ਸ਼ੁਰੂ ਹੋ ਚੁੱਕੀ ਹੈ। ਇਹ ਆਈ. ਪੀ. ਓ. ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈ. ਪੀ. ਓ. ਹੋ ਸਕਦਾ ਹੈ।
ਸਰਕਾਰ ਇਸ ਆਈ. ਪੀ. ਓ. ਜ਼ਰੀਏ 1 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਇਸ਼ੂ ਦੋ ਕਿਸ਼ਤਾਂ ਵਿਚ ਆ ਸਕਦਾ ਹੈ, ਜਿਨ੍ਹਾਂ ਵਿਚ ਕੁਝ ਮਹੀਨੇ ਦਾ ਅੰਤਰਾਲ ਹੋਵੇਗਾ। ਇਸ ਦੀ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਬਾਜ਼ਾਰ ਇੰਨੇ ਵੱਡੇ ਇਸ਼ੂ ਨੂੰ ਸੰਭਾਲਣ ਦੀ ਸਥਿਤੀ ਵਿਚ ਨਹੀਂ ਹੈ।
ਖ਼ਬਰ ਹੈ ਕਿ ਇਸ ਆਈ. ਪੀ. ਓ. ਦੇ ਤਿਆਰੀ ਲਈ ਮੋਦੀ ਸਰਕਾਰ ਨੇ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ. ਆਈ. ਸੀ. ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਦਾ ਪ੍ਰਬੰਧਨ ਕਰਨ ਲਈ ਗੋਲਡਮੈਨ ਸਾਕਸ (ਇੰਡੀਆ) ਸਕਿਉਰਿਟੀਜ਼, ਸਿਟੀ ਗਰੁੱਪ ਗਲੋਬਲ ਮਾਰਕਿਟਸ ਇੰਡੀਆ ਅਤੇ ਨੋਮੁਰਾ ਫਾਈਨੈਂਸ਼ੀਅਲ ਐਡਵਾਈਜ਼ਰੀ ਐਂਡ ਸਕਿਓਰਿਟੀਜ਼ ਇੰਡੀਆ ਸਮੇਤ 10 ਵਪਾਰਕ ਬੈਂਕਰ ਨਿਯੁਕਤ ਕਰ ਲਏ ਹਨ।
ਇਸ ਆਈ. ਪੀ. ਓ. ਦੇ ਪ੍ਰਬੰਧਨ ਲਈ ਜਿਨ੍ਹਾਂ ਹੋਰ ਬੈਂਕਰਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿਚ ਐੱਸ. ਬੀ. ਈ. ਕੈਪੀਟਲ ਮਾਰਕੀਟ, ਜੇ. ਐੱਮ. ਫਾਈਨੈਂਸ਼ੀਅਲ, ਐਕਸਿਸ ਕੈਪੀਟਲ, ਬੋਫਾ ਸਕਿਓਰਿਟੀਜ਼, ਜੇ. ਪੀ. ਮਾਰਗਨ, ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਤੇ ਕੋਟਕ ਮਹਿੰਦਰਾ ਕੈਪੀਟਲ ਕੰਪਨੀ ਲਿ. ਸ਼ਾਮਲ ਹਨ। ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤਾ ਪਾਂਡੇ ਨੇ ਇਸ ਮਾਮਲੇ ਵਿਚ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੁੱਕ ਰਨਿੰਗ ਲੀਡ ਮੈਨੇਜਰ ਇਤੇ ਹੋਰ ਸਲਾਹਕਾਰਾਂ ਦੀ ਨਿਯੁਕਤੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਦੀਪਮ ਹੁਣ ਐੱਲ. ਆਈ. ਸੀ. ਦੀ ਹਿੱਸੇਦਾਰੀ ਵਿਕਰੀ ਲਈ ਕਾਨੂੰਨੀ ਸਲਾਹਕਾਰ ਦੀ ਨਿਯੁਕਤੀ ਕਰਨ ਦੀ ਪ੍ਰਕਿਰਿਆ ਵਿਚ ਹੈ। ਕੰਪਨੀ ਦਾ ਆਈ. ਪੀ. ਓ. ਜਨਵਰੀ-ਮਾਰਚ 2022 ਦੀ ਤਿਮਾਹੀ ਵਿਚ ਆਉਣ ਦੀ ਉਮੀਦ ਹੈ।