ਅਗਲੇ ਮਹੀਨੇ 10 ਕੰਪਨੀਆਂ IPO ਲਿਆਉਣ ਦੀ ਤਿਆਰੀ ’ਚ, 20,000 ਕਰੋੜ ਰੁਪਏ ਜੁਟਾਉਣਗੀਆਂ
Monday, Nov 25, 2024 - 03:40 AM (IST)
ਨਵੀਂ ਦਿੱਲੀ - ਮੁੱਢਲੇ ਬਾਜ਼ਾਰ ’ਚ ਅਜੇ ਉਤਸ਼ਾਹ ਬਣਿਆ ਹੋਇਆ ਹੈ ਅਤੇ ਅਗਲੇ ਮਹੀਨੇ ਘੱਟ-ਤੋਂ-ਘੱਟ 10 ਕੰਪਨੀਆਂ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਜ਼ਰੀਏ 20,000 ਕਰੋੜ ਰੁਪਏ ਜੁਟਾਉਣ ਦੀ ਤਿਆਰੀ ਕਰ ਰਹੀਆਂ ਹਨ। ਮਰਚੈਂਟ ਬੈਂਕਰ ਦਾ ਕਹਿਣਾ ਹੈ ਕਿ ਅਗਲੇ ਮਹੀਨੇ ਯਾਨੀ ਦਸੰਬਰ ’ਚ ਸੁਪਰਮਾਰਟ ਵਿਸ਼ਾਲ ਮੈਗਾ ਮਾਰਟ ਅਤੇ ਬਲੈਕਸਟੋਨ ਦੀ ਮਾਲਕੀ ਵਾਲੀ ਡਾਇਮੰਡ ਗ੍ਰੇਡਿੰਗ ਕੰਪਨੀ ਇੰਟਰਨੈਸ਼ਨਲ ਜੇਮੋਲਾਜਿਕਲ ਇੰਸਟੀਚਿਊਟ (ਇੰਡੀਆ) ਲਿਮਟਿਡ ਸਮੇਤ 10 ਕੰਪਨੀਆਂ ਜਨਤਕ ਇਸ਼ੂ ਲਿਆਉਣ ਦੀ ਤਿਆਰੀ ’ਚ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਸਿੱਖਿਆ-ਕੇਂਦਰਿਤ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ. ਬੀ. ਐੱਫ. ਸੀ.) ਅਵਾਂਸੇ ਫਾਈਨਾਂਸ਼ੀਅਲ ਸਰਵਿਸਿਜ਼, ਟੀ. ਪੀ. ਜੀ. ਕੈਪੀਟਲ ਸਮਰਥਿਤ ਸਾਈਂ ਲਾਈਫ ਸਾਇੰਸਿਜ਼, ਹਸਪਤਾਲ ਲੜੀ ਸੰਚਾਲਕ ਪਾਰਸ ਹੈਲਥਕੇਅਰ ਅਤੇ ਨਿਵੇਸ਼ ਬੈਂਕ ਡੀ. ਏ. ਐੱਮ. ਕੈਪੀਟਲ ਐਡਵਾਈਜ਼ਰਜ਼ ਵੀ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਦਾ ਟੀਚਾ ਆਪਣੇ ਜਨਤਕ ਇਸ਼ੂ ਜ਼ਰੀਏ ਕੁਲ 20,000 ਕਰੋੜ ਰੁਪਏ ਜੁਟਾਉਣ ਦਾ ਹੈ।
ਇਹ ਆਈ. ਪੀ. ਓ. ਵੱਖ-ਵੱਖ ਖੇਤਰਾਂ ਅਤੇ ਸਾਈਜ਼ ਦੇ ਹੋਣਗੇ। ਇਨ੍ਹਾਂ ’ਚ ਨਵੇਂ ਸ਼ੇਅਰਾਂ ਦਾ ਇਸ਼ੂ ਅਤੇ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦੋਵੇਂ ਸ਼ਾਮਲ ਹਨ। ਆਨਲਾਈਨ ਬ੍ਰੋਕਰੇਜ ਹਾਊਸ ਟ੍ਰੇਡਜਿਨੀ ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਤ੍ਰਿਵੇਸ਼ ਡੀ ਨੇ ਦੱਸਿਆ ਕਿ ਮਹਾਰਾਸ਼ਟਰ ਚੋਣ ਦੇ ਨਤੀਜਿਆਂ ਨੇ ਬਾਜ਼ਾਰ ’ਚ ਸਾਕਾਰਾਤਮਕ ਧਾਰਨਾ ਪੈਦਾ ਕੀਤੀ ਹੈ। ਇਸ ਨਾਲ ਆਈ. ਪੀ. ਓ. ਗਤੀਵਿਧੀਆਂ ’ਚ ਤੇਜ਼ੀ ਆਵੇਗੀ। ਉਨ੍ਹਾਂ ਕਿਹਾ ਕਿ 2024 ਆਈ. ਪੀ. ਓ. ਲਈ ਇਕ ਮਜ਼ਬੂਤ ਸਾਲ ਰਿਹਾ ਹੈ।
ਹਾਲਾਂਕਿ, ਹਾਲ ਹੀ ਸ਼ੇਅਰ ਬਾਜ਼ਾਰ ਨੇ ਕੁੱਝ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ,‘‘ਫਿਲਹਾਲ ਚੋਣ ਨਾਲ ਸਬੰਧਤ ਫੰਡ ਬਾਜ਼ਾਰ ’ਚ ਵਾਪਸ ਆ ਰਿਹਾ ਹੈ ਅਤੇ ਗ੍ਰੇ ਮਾਰਕੀਟ ਫਿਰ ਤੋਂ ਸਰਗਰਮ ਹੋ ਰਹੀ ਹੈ। ਅਪਡੇਟ ਆਈ. ਪੀ. ਓ. ਦਸਤਾਵੇਜ਼ਾਂ ਅਨੁਸਾਰ, ਵਿਸ਼ਾਲ ਮੈਗਾ ਮਾਰਟ ਜਨਤਕ ਇਸ਼ੂ ਤੋਂ 8,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਪੂਰੀ ਤਰ੍ਹਾਂ ਪ੍ਰਮੋਟਰ ਸਮੇਤ ਸੇਵਾਵਾਂ ਐੱਲ. ਐੱਲ. ਪੀ. ਵੱਲੋਂ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦੇ ਰੂਪ ’ਚ ਹੋਵੇਗਾ।
ਜੇਮੋਲਾਜਿਕਲ ਇੰਸਟੀਚਿਊਟ ਆਈ. ਪੀ. ਓ. ਜ਼ਰੀਏ 4,000 ਕਰੋੜ ਰੁਪਏ ਜੁਟਾਉਣ ਦੀ ਉਮੀਦ ਕਰ ਰਹੀ ਹੈ। ਆਈ. ਪੀ. ਓ. ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਇਸ ਸ਼ੁਰੂਆਤੀ ਸ਼ੇਅਰ ਵਿਕਰੀ ’ਚ 1,250 ਕਰੋੜ ਰੁਪਏ ਦੇ ਇਕਵਿਟੀ ਸ਼ੇਅਰਾਂ ਦਾ ਨਵਾਂ ਇਸ਼ੂ ਅਤੇ ਬਲੈਕਸਟੋਨ ਦੀ ਸਹਿਯੋਗੀ ਕੰਪਨੀ ਬੀ. ਸੀ. ਪੀ. ਏਸ਼ੀਆ 2 ਟਾਪਕਾਂ ਪੀ. ਟੀ. ਈ. ਲਿਮਟਿਡ ਵੱਲੋਂ 2,750 ਕਰੋੜ ਰੁਪਏ ਦੀ ਵਿਕਰੀ ਪੇਸ਼ਕਸ਼ ਸ਼ਾਮਲ ਹੈ।