ਕਾਂਗਰਸ ਬਚੇਗੀ ਜਾਂ ਨਹੀਂ?

08/26/2020 3:53:20 AM

ਡਾ. ਵੇਦਪ੍ਰਤਾਪ ਵੈਦਿਕ

ਕਾਂਗਰਸ ਪਾਰਟੀ ਦੀ ਮਾੜੀ ਹਾਲਤ ਦੇਖ ਕੇ ਕਿਸ ਨੂੰ ਰੋਣਾ ਨਹੀਂ ਆਏਗਾ? ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਸਭ ਤੋਂ ਪੁਰਾਣੀ ਪਾਰਟੀ ਹੁਣ ਜਿਊਂਦੀ ਵੀ ਰਹੇਗੀ ਜਾਂ ਨਹੀਂ। ਇਸ ਪਾਰਟੀ ਦੀ ਸਥਾਪਨਾ 1885 ’ਚ ਇਕ ਵਿਦੇਸ਼ ’ਚ ਪੈਦਾ ਹੋਏ ਅੰਗਰੇਜ਼ ਏ. ਓ. ਹਿਊਮ ਨੇ ਕੀਤੀ ਸੀ। ਹੁਣ ਕੀ ਇਸ ਪਾਰਟੀ ਦਾ ਅੰਤਿਮ ਸੰਸਕਾਰ ਵੀ ਵਿਦੇਸ਼ ’ਚ ਪੈਦਾ ਹੋਈ ਸੋਨੀਆ ਗਾਂਧੀ ਦੇ ਹੱਥੋਂ ਹੀ ਹੋਵੇਗਾ? ਪਿਛਲੇ 15 ਸਾਲਾਂ ’ਚ ਇਸ ਮਹਾਨ ਪਾਰਟੀ ’ਚ ਦਰਜਨਾਂ ਵਾਰ ਫੁੱਟ ਪਈ ਹੈ ਅਤੇ ਲੀਡਰਸ਼ਿਪ ਬਦਲੀ ਹੈ ਪਰ ਉਸ ਦੀ ਹੋਂਦ ਨੂੰ ਅਜਿਹਾ ਖਤਰਾ ਜੋ ਅੱਜਕਲ ਪੈਦਾ ਹੋਇਆ ਹੈ, ਪਹਿਲਾਂ ਕਦੇ ਨਹੀਂ ਹੋਇਆ। ਅੱਜ ਉਹ ਇੰਨੀ ਅੱਧਮਰੀ ਹੋ ਗਈ ਅਤੇ ਉਸ ਦੇ ਨੇਤਾ ਇੰਨੇ ਅਪਾਹਜ ਹੋ ਗਏ ਕਿ ਉਹ ਫੁੱਟ ਪਾਉਣ ਦੇ ਲਾਇਕ ਵੀ ਨਹੀਂ ਰਹਿ ਗਏ ਹਨ? ਜਿਨ੍ਹਾਂ 23 ਨੇਤਾਵਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਸੀ, ਕੀ ਉਨ੍ਹਾਂ ’ਚੋਂ ਕਿਸੇ ਦੀ ਹਿੰਮਤ ਨਹੀਂ ਹੈ ਕਿ ਜੋ ਬਾਲ ਗੰਗਾਧਰ ਤਿਲਕ, ਸੁਭਾਸ਼ ਚੰਦਰ ਬੋਸ, ਆਚਾਰੀਆ ਕ੍ਰਿਪਲਾਨੀ, ਡਾ. ਲੋਹੀਆ, ਜੈਪ੍ਰਕਾਸ਼, ਨਿਜਲਿੰਗੱਪਾ, ਸ਼ਰਦ ਪਵਾਰ ਆਦਿ ਵਾਂਗ ਪਾਰਟੀ ਲੀਡਰਸ਼ਿਪ ਨੂੰ ਚੁਣੌਤੀ ਦੇ ਸਕਣ? ਕਾਂਗਰਸ ’ਚ ਹੁਣ ਤਾਂ ਨਾਰਾਇਣ ਦੱਤ ਤਿਵਾੜੀ, ਅਰਜੁਨ ਸਿੰਘ, ਨਟਵਰ ਸਿੰਘ ਅਤੇ ਸ਼ੀਲਾ ਦੀਕਸ਼ਿਤ ਵਰਗੇ ਲੋਕ ਵੀ ਨਹੀਂ ਹਨ ਜੋ ਪਾਰਟੀ ’ਚ ਵਾਪਸ ਵੀ ਆ ਗਏ ਪਰ ਉਨ੍ਹਾਂ ਨੇ ਪਾਰਟੀ ਪ੍ਰਧਾਨ ਨੂੰ ਚੁਣੌਤੀ ਦੇਣ ਦੀ ਹਿੰਮਤ ਤਾਂ ਕੀਤੀ ਸੀ।

ਜਿਨ੍ਹਾਂ 23 ਨੇਤਾਵਾਂ ਨੇ ਸੋਨੀਆ ਨੂੰ ਪੱਤਰ ਲਿਖ ਕੇ ਕਾਂਗਰਸ ਦੀ ਮਾੜੀ ਹਾਲਤ ’ਤੇ ਵਿਚਾਰ ਕਰਨ ਲਈ ਕਿਹਾ ਸੀ, ਜਦ ਉਹ ਕਾਰਜ ਕਮੇਟੀ ਦੀ ਬੈਠਕ ’ਚ ਬੋਲੇ ਤਾਂ ਉਨ੍ਹਾਂ ਦੀ ਬੋਲਤੀ ਬੰਦ ਹੋਈ ਪਈ ਸੀ। ਰਾਹੁਲ ਗਾਂਧੀ ਨੇ ਇਨ੍ਹਾਂ ਸਾਰਿਅਾਂ ਦੀ ਹਵਾ ਕੱਢ ਦਿੱਤੀ। ਕੌਣ ਹਨ ਇਹ ਲੋਕ? ਇਹ ਸਭ ਇੰਦਰਾ-ਸੋਨੀਆ ਪਰਿਵਾਰ ਦੀਅਾਂ ਬਣਾਈਅਾਂ ਹੋਈਅਾਂ ਕਠਪੁਤਲੀਅਾਂ ਹਨ। ਇਨ੍ਹਾਂ ਦੀ ਆਪਣੀ ਹੈਸੀਅਤ ਕੀ ਹੈ? ਇਨ੍ਹਾਂ ’ਚੋਂ ਕਿਸੇ ਦੀ ਜੜ੍ਹ ਜ਼ਮੀਨ ’ਚ ਨਹੀਂ ਹੈ। ਇਹ ਸਿਆਸੀ ਚਮਗਾਦੜ ਹਨ, ਇਹ ਉੱਲੂ ਹਨ। ਇਨ੍ਹਾਂ ਦੀਅਾਂ ਜੜ੍ਹਾਂ ਛੱਤਾਂ ’ਚ ਹਨ ਅਤੇ ਇਹ ਉਲਟੇ ਲਟਕੇ ਹੋਏ ਹਨ। ਇਨ੍ਹਾਂ ’ਚੋਂ ਕਿਸੇ ਦੀ ਹਿੰਮਤ ਨਹੀਂ ਪਈ ਕਿ ਕਾਂਗਰਸ ਜਿਵੇਂ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ ਹੈ, ਉਸ ਨੂੰ ਬਕਾਇਦਾ ਇਕ ਲੋਕਤੰਤਰਿਕ ਪਾਰਟੀ ਬਣਾਉਣ ਦੀ ਅਪੀਲ ਕਰਨ।

6 ਮਹੀਨਿਅਾਂ ਬਾਅਦ ਜੋ ਕਾਰਜ ਕਮੇਟੀ ਦੀ ਬੈਠਕ ਹੋਵੇਗੀ, ਉਸ ’ਚ ਜੇ ਗੈਰ-ਸੋਨੀਅਾ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਉਹ ਵੀ ਦੇਵਕਾਂਤ ਬਰੂਆ ਵਾਂਗ ਪੂਛ ਹਿਲਾਉਣ ਤੋਂ ਇਲਾਵਾ ਕੀ ਕਰੇਗਾ? ਹੁਣ ਤਾਂ ਇਕ ਹੀ ਰਾਹ ਬਾਕੀ ਰਹਿ ਗਿਆ ਹੈ। ਉਹ ਇਹ ਕਿ ਰਾਹੁਲ ਗਾਂਧੀ ਥੋੜ੍ਹਾ ਬਹੁਤ ਪੜ੍ਹੇ-ਲਿਖੇ ਤਜਰਬੇਕਾਰ ਨੇਤਾਵਾਂ ਅਤੇ ਬੁੱਧੀਜੀਵੀਅਾਂ ਤੋਂ ਮਾਰਗਦਰਸ਼ਨ ਲੈਣ। ਸਹੀ ਢੰਗ ਨਾਲ ਭਾਸ਼ਣ ਦੇਣਾ ਸਿੱਖਣ ਅਤੇ ਇੰਤਜ਼ਾਰ ਕਰਨ ਕਿ ਮੋਦੀ ਤੋਂ ਕੋਈ ਭਿਆਨਕ ਭੁੱਲ ਹੋ ਜਾਵੇ। ਕੋਈ ਧੱਕਾ ਅਜਿਹਾ ਜ਼ਬਰਦਸਤ ਲੱਗੇ ਕਿ ਮਰਦੀ ਜਾਂਦੀ ਕਾਂਗਰਸ ਦੇ ਦਿਲ ਦੀ ਧੜਕਣ ਫਿਰ ਮੁੜ ਆਵੇ ਤਾਂ ਸ਼ਾਇਦ ਕਾਂਗਰਸ ਬਚ ਜਾਵੇ।


Bharat Thapa

Content Editor

Related News