ਕੀ ਕਾਂਗਰਸ ਲੋਕ ਸਭਾ ’ਚ ਆਪਣਾ ਦਬਦਬਾ ਕਾਇਮ ਰੱਖ ਸਕੇਗੀ

Friday, Nov 15, 2024 - 06:02 PM (IST)

ਕੀ ਕਾਂਗਰਸ ਲੋਕ ਸਭਾ ’ਚ ਆਪਣਾ ਦਬਦਬਾ ਕਾਇਮ ਰੱਖ ਸਕੇਗੀ

ਲੋਕ ਸਭਾ ਦੀਆਂ ਚੋਣਾਂ ’ਚ ਪੰਜਾਬ ਦੇ 4 ਵਿਧਾਇਕਾਂ ਵੱਲੋਂ ਚੋਣਾਂ ਜਿੱਤਣ ਕਾਰਨ ਪੰਜਾਬ ਵਿਧਾਨ ਸਭਾ ਦੀਆਂ ਖਾਲੀ ਹੋਈਆਂ 4 ਸੀਟਾਂ ਲਈ 20 ਨਵੰਬਰ ਨੂੰ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੇ 13 ਸੀਟਾਂ ਵਿਚੋਂ 7 ਸੀਟਾਂ ਜਿੱਤ ਕੇ ਅਪਣਾ ਦਬਦਬਾ ਕਾਇਮ ਕਰ ਲਿਆ ਸੀ ਅਤੇ ਆਮ ਆਦਮੀ ਪਾਰਟੀ ਆਪਣੇ ਦਾਅਵਿਆਂ ਦੇ ਉਲਟ ਕੇਵਲ ਤਿੰਨ ਸੀਟਾਂ ਹੀ ਜਿੱਤ ਸਕੀ ਸੀ ਪਰ ਆਮ ਆਦਮੀ ਪਾਰਟੀ ਵੋਟ ਫੀਸਦੀ ਦੇ ਮਾਮਲੇ ’ਚ ਕਾਂਗਰਸ ਨੂੰ ਬਰਾਬਰ ਦੀ ਟੱਕਰ ਦੇਣ ’ਚ ਕਾਮਯਾਬ ਰਹੀ।

ਉਥੇ ਹੀ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਨ੍ਹਾਂ ਚੋਣਾਂ ਵਿਚ ਇਕ ਸੀਟ ਜਿੱਤਣ ’ਚ ਤਾਂ ਕਾਮਯਾਬ ਰਿਹਾ ਪਰ ਵੋਟ ਫੀਸਦੀ ’ਚ ਬੜਾ ਪੱਛੜ ਗਿਆ ਅਤੇ ਭਾਰਤੀ ਜਨਤਾ ਪਾਰਟੀ ਇਕ ਵੀ ਸੀਟ ਨਾ ਜਿੱਤ ਸਕੀ ਪਰ ਭਾਜਪਾ ਨੇ ਆਪਣੀ ਵੋਟ ਫੀਸਦੀ ਹੈਰਾਨੀਜਨਕ ਢੰਗ ਨਾਲ 6 ਤੋਂ ਵਧਾ ਕੇ 18 ਫੀਸਦੀ ਕਰ ਲਈ।

ਮੌਜੂਦਾਂ ਚੋਣਾਂ ’ਚ ਅਕਾਲੀ ਦਲ (ਬਾਦਲ) ਵੱਲੋਂ ਚੋਣਾਂ ਨਾ ਲੜਨ ਦੇ ਐਲਾਨ ਨੇ ਬਾਕੀ ਪਾਰਟੀਆਂ ਦੀਆਂ ਗਿਣਤੀਆਂ-ਮਿਣਤੀਆਂ ਨੂੰ ਗੜਬੜਾ ਦਿੱਤਾ ਹੈ। ਚੋਣ ਮੈਦਾਨ ’ਚ ਉਤਰੀਆਂ ਤਿੰਨੇ ਮੁੱਖ ਪਾਰਟੀਆਂ ਅਜੇ ਤਕ ਇਹ ਅੰਦਾਜ਼ਾ ਲਾਉਣ ’ਚ ਉਲਝੀਆਂ ਹੋਈਆਂ ਹਨ ਕਿ ਅਕਾਲੀ ਦਲ ਦਾ ਰਵਾਇਤੀ ਵੋਟ ਬੈਂਕ ਕਿਸ ਪਾਰਟੀ ਨੂੰ ਭੁਗਤੇਗਾ।

ਇਸੇ ਕਾਰਨ ਕਾਂਗਰਸ ਪਾਰਟੀ ਦੇ ਆਪੋਜ਼ੀਸ਼ਨ ਲੀਡਰ ਪ੍ਰਤਾਪ ਸਿੰਘ ਬਾਜਵਾ ਅਕਾਲੀ ਦਲ ਦੇ ਚੋਣ ਨਾ ਲੜਨ ਦੇ ਫੈਸਲੇ ਤੋਂ ਸਭ ਤੋਂ ਵੱਧ ਚਿੰਤਤ ਹਨ ਕਿਉਂਕਿ ਜੇ ਅਕਾਲੀ ਦਲ (ਬਾਦਲ) ਅਤੇ ਬਸਪਾ ਚੋਣ ਮੈਦਾਨ ਵਿਚ ਹੁੰਦੇ ਤਾਂ ਅਕਾਲੀ ਦਲ ਅਤੇ ਬਸਪਾ ਦਾ ਵੋਟ ਬੈਂਕ ਉਨ੍ਹਾਂ ਦੀ ਕਿਸੇ ਵਿਰੋਧੀ ਪਾਰਟੀ ਦੇ ਹਿੱਸੇ ਨਹੀਂ ਜਾ ਸਕਦਾ ਸੀ ਅਤੇ ਪੰਜ ਜਾਂ ਚਾਰ ਕੋਨੇ ਮੁਕਾਬਲੇ ’ਚ ਕਾਂਗਰਸ ਲਈ ਚੋਣ ਮਾਹੌਲ ਕਾਫੀ ਸੁਖਾਵਾਂ ਹੋਣਾ ਸੀ।

ਇਸੇ ਕਾਰਨ ਬਾਜਵਾ, ਅਕਾਲੀ ਦਲ (ਬਾਦਲ) ਦੇ ਚੋਣ ਨਾ ਲੜਨ ਦੇ ਫੈਸਲੇ ਨੂੰ ਅਕਾਲੀ ਦਲ ਦਾ ਭਾਜਪਾ ਨਾਲ ਅੰਦਰੂਨੀ ਸਮਝੌਤਾ ਕਰਾਰ ਦੇ ਰਹੇ ਹਨ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਜ਼ਿਮਨੀ ਚੋਣਾਂ ਵਾਲੇ ਚਾਰੇ ਹਲਕਿਆਂ ਬਾਰੇ ਇਕ ਸੰਖੇਪ ਜਿਹਾ ਵਿਸ਼ਲੇਸ਼ਣ ਕਰ ਰਹੇ ਹਾਂ।

ਜੇਕਰ ਡੇਰਾ ਬਾਬਾ ਨਾਨਕ ਹਲਕੇ ਵੱਲ ਝਾਤ ਮਾਰੀਏ ਤਾਂ ਬਾਜਵਾ ਵੱਲੋਂ ਜ਼ਾਹਿਰ ਕੀਤੇ ਅਕਾਲੀ ਦਲ ਤੇ ਭਾਜਪਾ ਦੇ ਸਮਝੌਤੇ ਦਾ ਖਦਸ਼ਾ ਸਹੀ ਨਹੀਂ ਜਾਪਦਾ ਕਿਉਂਕਿ ਉਸ ਹਲਕੇ ਦੇ ਅਕਾਲੀ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਮਾਇਤ ਕਰ ਰਹੇ ਹਨ।

ਅਤੇ ਹੈਰਾਨੀ ਵਾਲੀ ਗੱਲ ਹੈ ਕਿ ਅਜੇ ਤਕ ਲੰਗਾਹ ਦੇ ਇਸ ਫੈਸਲੇ ਦੇ ਵਿਰੋਧ ਜਾਂ ਹੱਕ ਵਿਚ ਅਕਾਲੀ ਦਲ ਦੀ ਹਾਈ ਕਮਾਂਡ ਦਾ ਕੋਈ ਬਿਆਨ ਤੱਕ ਨਹੀਂ ਆਇਆ, ਜਿਸ ਤੋਂ ਮਾਹਿਰ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਲੰਗਾਹ ਨੂੰ ਅਕਾਲੀ ਦਲ ਦੀ ਹਾਈ ਕਮਾਂਡ ਦੀ ਸਹਿਮਤੀ ਪ੍ਰਾਪਤ ਹੈ।

ਇਸ ਨਾਲ ਪਿਛਲੇ ਇਲੈਕਸ਼ਨ ’ਚ ਤੀਜੇ ਨੰਬਰ ’ਤੇ ਰਹਿਣ ਵਾਲੇ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਕਾਫੀ ਹੌਸਲੇ ਵਿਚ ਹਨ। ਭਾਜਪਾ ਵੱਲੋਂ ਪਿਛਲੀ ਵਾਰ ਅਕਾਲੀ ਦਲ ਦੀ ਟਿਕਟ ’ਤੇ ਕਾਂਗਰਸ ਨੂੰ ਫਸਵੀਂ ਟੱਕਰ ਦੇਣ ਵਾਲੇ ਰਵੀਕਰਨ ਸਿੰਘ ਕਾਹਲੋਂ ਨੂੰ ਉਮੀਦਵਾਰ ਬਣਾਏ ਜਾਣ ਕਾਰਨ ਮੁਕਾਬਲਾ ਹੋਰ ਵੀ ਦਿਲਚਸਪ ਬਣ ਗਿਆ ਹੈ, ਜਿਸ ਕਾਰਨ ਹੁਣ ਤੱਕ ਕੁੱਲ 14 ਵਾਰ ਹੋਈਆਂ ਚੋਣਾਂ ਵਿਚੋਂ 9 ਵਾਰ ਜਿੱਤਣ ਵਾਲੀ ਕਾਂਗਰਸ ਨੂੰ ਆਪਣੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ ਚੋਣ ਜਿਤਾਉਣ ਲਈ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ।

ਗਿੱਦੜਬਾਹਾ ਇਨ੍ਹਾਂ ਜ਼ਿਮਨੀ ਚੋਣਾਂ ’ਚ ਸਭ ਤੋਂ ਵੱਧ ਚਰਚਿਤ ਸੀਟ ਹੈ। ਇਸ ਸੀਟ ’ਤੇ ਤਿੰਨੇ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਵੱਡੇ ਕੱਦ ਦੇ ਮੰਨੇ ਜਾਂਦੇ ਹਨ। ਆਮ ਆਦਮੀ ਪਾਰਟੀ ਨੇ ਅਕਾਲੀ ਦਲ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਹਰਦੀਪ ਸਿੰਘ ਢਿੱਲੋਂ ਉਰਫ ਡਿੰਪੀ ਢਿੱਲੋਂ ਨੂੰ ਟਿਕਟ ਦਿੱਤੀ ਹੈ ਜਿਹੜੇ ਪਿਛਲੀ ਵਾਰੀ ਕਾਂਗਰਸ ਉਮੀਦਵਾਰ ਤੋਂ ਕੇਵਲ 1349 ਵੋਟਾਂ ਨਾਲ ਹਾਰੇ ਸਨ ਜਦਕਿ ਭਾਜਪਾ ਨੇ ਤਿੰਨ ਵਾਰ ਜਿੱਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਟਿਕਟ ਦਿੱਤੀ ਹੈ।

ਕਾਂਗਰਸ ਨੇ ਵੀ ਇਥੋਂ ਤਿੰਨ ਵਾਰ ਜਿੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਉਮੀਦਵਾਰ ਬਣਾਇਆ ਹੈ। ਮਨਪ੍ਰੀਤ ਬਾਦਲ ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੀ ਨੇੜਤਾ ਅਤੇ ਉਨ੍ਹਾਂ ਦੇ ਹਮਾਇਤੀ ਨੇੜ ਭਵਿੱਖ ਵਿਚ ਭਾਜਪਾ ਤੇ ਅਕਾਲੀ ਦਲ (ਬਾਦਲ) ਦਾ ਸਮਝੌਤਾ ਹੋਣ ਦਾ ਦਾਅਵਾ ਕਰ ਕੇ ਭਾਜਪਾ ਦੇ ਨਾਲ-ਨਾਲ ਅਕਾਲੀ ਦਲ ਦੀਆਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਹਲਕੇ ਤੋਂ ਅੰਮ੍ਰਿਤਾ ਵੜਿੰਗ, ਡਿੰਪੀ ਢਿੱਲੋਂ ਅਤੇ ਮਨਪ੍ਰੀਤ ਬਾਦਲ ਵਿਚਕਾਰ ਸਖ਼ਤ ਟੱਕਰ ਹੋਣ ਦੀ ਸੰਭਾਵਨਾ ਬਣ ਗਈ ਹੈ।

ਬਰਨਾਲਾ ਹਲਕੇ ਦੀ ਚੋਣ ਆਮ ਆਦਮੀ ਪਾਰਟੀ ਦੇ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਦੇ ਚੋਣ ਮੈਦਾਨ ’ਚ ਉਤਰਨ ਕਾਰਨ ਆਮ ਆਦਮੀ ਪਾਰਟੀ ਲਈ ਸਿਰਦਰਦੀ ਦਾ ਕਾਰਨ ਤਾਂ ਬਣੀ ਹੀ ਹੈ, ਓਥੇ ਵੱਡੇ-ਵੱਡੇ ਲੀਡਰਾਂ, ਮੁੱਖ ਮੰਤਰੀ, ਖਜ਼ਾਨਾ ਮੰਤਰੀ, ਮੀਤ ਹੇਅਰ, ਅਮਨ ਅਰੋੜਾ ਅਤੇ ਬਰਿੰਦਰ ਗੋਇਲ ਤਿੰਨੇ ਮੰਤਰੀਆਂ ਲਈ ਵੀ ਇੱਜ਼ਤ ਦਾ ਸਵਾਲ ਬਣ ਗਈ ਹੈ ਕਿਉਂਕਿ ਇਹ ਇਲਾਕਾ ‘ਆਪ’ ਦੀ ਰਾਜਧਾਨੀ ਕਿਹਾ ਜਾਂਦਾ ਹੈ।

‘ਆਪ’ ਨੇ ਇਥੋਂ ਮੰਤਰੀ ਮੀਤ ਹੇਅਰ ਦੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਹੈ ਜਦ ਕਿ ਬਾਗੀ ਉਮੀਦਵਾਰ ਬਾਠ ਮੁੱਖ ਮੰਤਰੀ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ‘ਆਪ’ ਦੇ ਬਾਗੀ ਉਮੀਦਵਾਰ ਕਾਰਨ ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰ ਇਸ ਸੀਟ ਨੂੰ ਸੌਖੇ ਹੀ ਜਿੱਤਣ ਦਾ ਦਾਅਵਾ ਕਰਦੇ ਹਨ।

ਵਿਧਾਇਕ ਰਹਿ ਚੁੱਕੇ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਬਰਨਾਲਾ ਦੀਆਂ ਸ਼ਹਿਰੀ ਵੋਟਾਂ ਦੇ ਆਸਰੇ ਜਿੱਤ ਦਾ ਦਾਅਵਾ ਕਰ ਰਹੇ ਹਨ। ਕਾਂਗਰਸ ਦੇ ਉਮੀਦਵਾਰ ਕੁਲਦੀਪ ਢਿੱਲੋਂ ਵੀ ਆਮ ਆਦਮੀ ਪਾਰਟੀ ਦੀ ਫੁੱਟ ਤੋਂ ਫਾਇਦਾ ਚੁੱਕਣ ਦੀ ਪੂਰੀ-ਪੂਰੀ ਕੋਸ਼ਿਸ਼ ਕਰ ਰਹੇ ਹਨ।

ਚੱਬੇਵਾਲ ਤੋਂ ਇਸ ਵਾਰ ਆਮ ਆਦਮੀ ਪਾਰਟੀ ਨੇ ਪਿਛਲੀਆਂ ਚੋਣਾ ਵਿਚ ਜਿੱਤੇ ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਦੇ ਲੜਕੇ ਇਸ਼ਾਂਕ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਹੈ।

ਆਮ ਆਦਮੀ ਪਾਰਟੀ ਸਰਕਾਰੀ ਧਿਰ ਹੋਣ ਅਤੇ ਉਮੀਦਵਾਰ ਦੇ ਪਿਤਾ ਦਾ ਲੋਕ ਸਭਾ ਮੈਂਬਰ ਹੋਣ ਦਾ ਫਾਇਦਾ ਲੈ ਕੇ ਇਹ ਚੋਣ ਜਿੱਤਣ ਦੀ ਆਸ ਵਿਚ ਹੈ। ਕਾਂਗਰਸ ਨੇ ਇਥੋਂ ਪਿਛਲੀ ਵਾਰ ਬਸਪਾ ਵੱਲੋਂ ਲੋਕ ਸਭਾ ਚੋਣ ਲੜਨ ਵਾਲੇ ਰਣਜੀਤ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ ਅਤੇ ਭਾਜਪਾ ਨੇ ਪਿਛਲੀ ਵਾਰ ਅਕਾਲੀ ਦਲ (ਬਾਦਲ) ਤੋਂ ਵਿਧਾਨ ਸਭਾ ਦੀ ਚੋਣ ਲੜੇ ਸੋਹਣ ਸਿੰਘ ਠੰਡਲ ’ਤੇ ਦਾਅ ਲਾਇਆ ਹੈ।

ਸੋਹਣ ਸਿੰਘ ਠੰਡਲ ਚਾਰ ਵਾਰੀ ਵਿਧਾਇਕ ਅਤੇ ਇਕ ਵਾਰ ਮੰਤਰੀ ਵੀ ਰਹਿ ਚੁੱਕੇ ਹਨ। ਕਾਂਗਰਸ ਤੇ ਭਾਜਪਾ ਉਮੀਦਵਾਰਾਂ ਨੂੰ ‘ਆਪ’ ਦੇ ਮੁਕਾਬਲੇ ਸਖ਼ਤ ਮਿਹਨਤ ਕਰਨੀ ਪਵੇਗੀ।

ਸਮੁੱਚੇ ਤੌਰ ’ਤੇ ਦੇਖਿਆ ਜਾਵੇ ਤਾਂ ਕਾਂਗਰਸ ਦੀ ਸੂਬਾ ਹਾਈ ਕਮਾਂਡ ਨੇ ਇਨ੍ਹਾਂ ਚੋਣਾਂ ’ਚ ਕੋਈ ਸਰਗਰਮ ਭੂਮਿਕਾ ਨਹੀਂ ਨਿਭਾਈ। ਦੋਵੇਂ ਵੱਡੇ ਲੀਡਰ ਵੜਿੰਗ ਅਤੇ ਰੰਧਾਵਾ ਆਪਣੀਆਂ-ਆਪਣੀਆਂ ਪਤਨੀਆਂ ਦੇ ਹਲਕਿਆਂ ਤੋਂ ਬਾਹਰ ਨਹੀਂ ਨਿਕਲ ਸਕੇ। ਇਸ ਲਈ ਜ਼ਿਮਨੀ ਚੋਣਾਂ ’ਚ ਕਾਂਗਰਸ ਦਾ ਆਪਣੇ ਜਿੱਤੇ ਹਲਕੇ ਸਾਂਭਣਾ ਅਤੇ ਲੋਕ ਸਭਾ ਵਾਲਾ ਦਬਦਬਾ ਕਾਇਮ ਰੱਖਣਾ ਇਕ ਚੁਣੌਤੀ ਬਣਿਆ ਹੋਇਆ ਹੈ।

ਚਰਨਜੀਤ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)


author

Rakesh

Content Editor

Related News