ਯੋਗੀ ਹੀ ਕਿਉਂ ਰਹਿਣਗੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ
Monday, Jun 14, 2021 - 03:06 AM (IST)

ਵਿਨੀਤ ਨਾਰਾਇਣ
ਪਿਛਲੇ ਦਿਨੀਂ ਭਾਜਪਾ ਦੇ ਅੰਦਰ ਅਤੇ ਲਖਨਊ ’ਚ ਜੋ ਡਰਾਮਾ ਚੱਲਿਆ ਉਸ ਤੋਂ ਜਾਪਿਆ ਹੈ ਕਿ ਮੋਦੀ ਅਤੇ ਯੋਗੀ ’ਚ ਤਲਵਾਰਾਂ ਖਿੱਚੀਆਂ ਗਈਆਂ ਹਨ। ਮੀਡੀਆ ’ਚ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਸੀ ਪਰ ਜੋ ਕਿਆਸਿਆ ਸੀ ਉਹ ਉਹੀ ਹੋਇਆ। ਇਹ ਸਾਰੀ ਨੂਰਾ ਕੁਸ਼ਤੀ ਸੀ, ਜਿਸ ’ਚ ਨਾ ਤਾਂ ਕੋਈ ਜਿੱਤਿਆ ਅਤੇ ਨਾ ਕੋਈ ਹਾਰਿਆ। ਯੋਗੀ ਅਤੇ ਮੋਦੀ ਇਕ ਸਨ ਅਤੇ ਇਕ ਹੀ ਰਹਿਣਗੇ। ਇਸ ਬਾਰੇ ਮੈਨੂੰ ਪਹਿਲਾਂ ਹੀ ਜਾਪ ਰਿਹਾ ਸੀ।
ਇਸ ਨੂੰ ਮਹਿਸੂਸ ਕਰਨ ਦਾ ਇਤਿਹਾਸਕ ਕਾਰਨ ਹੈ। 1990 ਦੇ ਦਹਾਕੇ ’ਚ ਜਦੋਂ ਅਡਵਾਨੀ ਜੀ ਦੀ ਰਾਮ ਰੱਥ ਯਾਤਰਾ ਦੇ ਬਾਅਦ ਭਾਜਪਾ ਉਪਰ ਉੱਠਣੀ ਸ਼ੁਰੂ ਹੋਈ ਤਾਂ ਵੀ ਅਜਿਹੀ ਰਣਨੀਤੀ ਬਣਾਈ ਗਈ ਸੀ। ਜਨਤਾ ਦੀ ਨਜ਼ਰ ’ਚ ਅਡਵਾਨੀ ਜੀ ਅਤੇ ਵਾਜਪਾਈ ਜੀ ਦਰਮਿਆਨ ਟਕਰਾਅ ਦੀਆਂ ਖੂਬ ਖਬਰਾਂ ਪ੍ਰਕਾਸ਼ਿਤ ਹੋਈਆਂ। ਹੱਦ ਤਾਂ ਉਦੋਂ ਹੋ ਗਈ ਜਦੋਂ ਭਾਜਪਾ ਦੇ ਜਨਰਲ ਸਕੱਤਰ ਰਹੇ ਗੋਵਿੰਦਾਚਾਰੀਆ ਨੇ ਜਨਤਕ ਬਿਆਨ ’ਚ ਅਟਲ ਬਿਹਾਰੀ ਵਾਜਪਾਈ ਨੂੰ ਭਾਜਪਾ ਦਾ ‘ਮੁਖੌਟਾ’ ਕਹਿ ਦਿੱਤਾ। ਕਿਉਂਕਿ ਗੋਵਿੰਦਾਚਾਰੀਆ ਨੂੰ ਅਡਵਾਨੀ ਜੀ ਦਾ ਖਾਸ ਬੰਦਾ ਮੰਨਿਆ ਜਾਂਦਾ ਸੀ, ਇਸ ਲਈ ਇਹ ਮੰਨ ਲਿਆ ਗਿਆ ਕਿ ਇਹ ਸਭ ਅਡਵਾਨੀ ਦੀ ਸ਼ੈਅ ’ਤੇ ਹੋ ਰਿਹਾ ਹੈ। ਇਸ ਵਿਵਾਦ ਨੇ ਕਾਫੀ ਤੂਲ ਫੜਿਆ ਪਰ ਯੋਗੀ-ਮੋਦੀ ਵਿਵਾਦ ਵਾਂਗ ਇਹ ਵਿਵਾਦ ਵੀ ਹੁਣ ਠੰਡਾ ਪੈ ਗਿਆ ਅਤੇ ਰਹੀ ਉਹੀ ਗੱਲ ਜੋ ਪਹਿਲਾਂ ਸੀ।
ਦਰਅਸਲ ਉਸ ਮਾਹੌਲ ’ਚ ਭਾਜਪਾ ਦਾ ਆਪਣੇ ਦਮ ’ਤੇ ਕੇਂਦਰ ’ਚ ਸਰਕਾਰ ਬਣਾਉਣਾ ਸੰਭਵ ਨਹੀਂ ਸੀ ਕਿਉਂਕਿ ਉਸ ਦੇ ਸੰਸਦ ਮੈਂਬਰਾਂ ਦੀ ਗਿਣਤੀ 115 ਤੋਂ ਹੇਠਾਂ ਸੀ। ਇਸ ਲਈ ਇਸ ਲੜਾਈ ਦਾ ਨਾਟਕ ਕੀਤਾ ਗਿਆ, ਜਿਸ ਨਾਲ ਅਡਵਾਨੀ ਜੀ ਤਾਂ ਹਿੰਦੂ ਵੋਟਾਂ ਦਾ ਧਰੁਵੀਕਰਨ ਕਰਨ ਅਤੇ ਅਟਲ ਜੀ ਧਰਮਨਿਰਪੱਖ ਵੋਟਰਾਂ ਅਤੇ ਸਿਆਸੀ ਪਾਰਟੀਆਂ ਨੂੰ ਸਾਧੀ ਰੱਖਣ, ਜਿਸ ਨਾਲ ਮੌਕੇ ’ਤੇ ਸਰਕਾਰ ਬਣਾਉਣ ’ਚ ਕੋਈ ਰੁਕਾਵਟ ਨਾ ਆਵੇ। ਇਹੀ ਹੋਇਆ ਵੀ। ਜੈਨ ਹਵਾਲਾ ਕਾਂਡ ਦੇ ਧਮਾਕੇ ਦੇ ਕਾਰਨ ਸਿਆਸਤ ’ਚ ਆਏ ਤੂਫਾਨ ਦੇ ਬਾਅਦ 1996 ’ਚ ਕੇਂਦਰ ’ਚ ਭਾਜਪਾ ਦੀ ਪਹਿਲੀ ਸਰਕਾਰ ਬਣੀ ਤਾਂ ਉਸ ਨੂੰ ਦੋ ਦਰਜਨ ਦੂਸਰੀਆਂ ਪਾਰਟੀਆਂ ਦਾ ਸਮਰਥਨ ਹਾਸਲ ਸੀ। ਇਹ ਤਦ ਹੀ ਸੰਭਵ ਹੋ ਸਕਿਆ ਜਦੋਂ ਸੰਘ ਨੇ ਵਾਜਪਾਈ ਦੇ ਅਕਸ ਨੂੰ ਧਰਮਨਿਰਪੱਖ ਨੇਤਾ ਦੇ ਰੂਪ ’ਚ ਪੇਸ਼ ਕੀਤਾ।
ਹੁਣ ਉੱਤਰ ਪ੍ਰਦੇਸ਼ ’ਤੇ ਆ ਜਾਓ। ਪਿਛਲੇ 4 ਸਾਲਾਂ ’ਚ ਸੰਘ ਅਤੇ ਭਾਜਪਾ ਨੇ ਲਗਾਤਾਰ ਯੋਗੀ ਨੂੰ ਦੇਸ਼ ਦਾ ਸਰਵੋਤਮ ਮੁੱਖ ਮੰਤਰੀ ਅਤੇ ਪ੍ਰਸ਼ਾਸਕ ਦੱਸਣ ’ਚ ਕੋਈ ਕਸਰ ਨਹੀਂ ਛੱਡੀ ਜਦਕਿ ਹਕੀਕਤ ਇਹ ਹੈ ਕਿ ਦੇਸ਼ ਦੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਸ਼ਾਸਨ ਉੱਤਰ ਪ੍ਰਦੇਸ਼ ਨਾਲੋਂ ਕਿਤੇ ਵਧੀਆ ਰਿਹਾ ਹੈ। ਇਹ ਸਹੀ ਹੈ ਕਿ ਯੋਗੀ ਮਹਾਰਾਜ ’ਤੇ ਨਿੱਜੀ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲੱਗੇ ਪਰ ਉਨ੍ਹਾਂ ਦੇ ਰਾਜ ’ਚ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਭ੍ਰਿਸ਼ਟਾਚਾਰ ਹੋਇਆ ਹੈ। ਕਿੰਨੇ ਹੀ ਵੱਡੇ ਘਪਲੇ ਤਾਂ ਸਬੂਤਾਂ ਸਮੇਤ ਸਾਡੇ ਕਾਲਚੱਕਰ ਸਮਾਚਾਰ ਬਿਊਰੋ ਨੇ ਹੀ ਉਜਾਗਰ ਕੀਤੇ ਪਰ ਉਨ੍ਹਾਂ ’ਤੇ ਅੱਜ ਤੱਕ ਕੋਈ ਜਾਂਚ ਜਾਂ ਕਾਰਵਾਈ ਨਹੀਂ ਹੋਈ।
ਗੋਰਖਪੁਰ ’ਚ ਆਕਸੀਜਨ ਦੀ ਕਮੀ ਨਾਲ ਸੈਂਕੜੇ ਬੱਚਿਆਂ ਦੀ ਮੌਤ ਯੋਗੀ ਸ਼ਾਸਨ ਦੇ ਪਹਿਲੇ ਸਾਲ ’ਚ ਹੀ ਹੋ ਗਈ ਸੀ। ਕੋਵਿਡ ਕਾਲ ’ਚ ਉੱਤਰ ਪ੍ਰਦੇਸ਼ ਸ਼ਾਸਨ ਦੀ ਅਸਫਲਤਾ ਨੂੰ ਹਰ ਜ਼ਿਲੇ, ਹਰ ਪਿੰਡ ਅਤੇ ਲਗਭਗ ਹਰ ਪਰਿਵਾਰ ਨੇ ਝੱਲਿਆ ਅਤੇ ਸਰਕਾਰ ਦੀ ਉਦਾਸੀਨਤਾ ਦੇ ਲਾਪ੍ਰਵਾਹੀ ਨੂੰ ਰੱਜ ਕੇ ਕੋਸਿਆ। ਆਪਣਾ ਦੁੱਖ ਪ੍ਰਗਟ ਕਰਨ ਵਾਲਿਆਂ ’ਚ ਆਮ ਆਦਮੀ ਤੋਂ ਲੈ ਕੇ ਭਾਜਪਾ ਦੇ ਵਿਧਾਇਕ, ਸੰਸਦ ਮੈਂਬਰ, ਮੰਤਰੀ ਅਤੇ ਸੂਬੇ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਤੇ ਜੱਜ ਵੀ ਸ਼ਾਮਲ ਹਨ ਜਿਨ੍ਹਾਂ ਨੇ ਕੋਵਿਡ ਦੀ ਦੂਸਰੀ ਲਹਿਰ ’ਚ ਆਕਸੀਜਨ, ਇੰਜੈਕਸ਼ਨ ਅਤੇ ਹਸਪਤਾਲ ਦੀ ਘਾਟ ’ਚ ਵੱਡੀ ਗਿਣਤੀ ’ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਇਆ ਹੈ।
ਉੱਤਰ ਪ੍ਰਦੇਸ਼ ’ਚ ਵਿਕਾਸ ਦੇ ਨਾਂ ’ਤੇ ਜੋ ਲੁੱਟ ਅਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ, ਉਸ ਵੱਲ ਤਾਂ ਕੋਈ ਦੇਖਣ ਵਾਲਾ ਹੀ ਨਹੀਂ ਹੈ। ਅਸੀਂ ਤਾਂ ਲਿਖ-ਲਿਖ ਕੇ ਥੱਕ ਗਏ, ਮਥੁਰਾ, ਕਾਸ਼ੀ, ਅਯੁੱਧਿਆ ਵਰਗੀਆਂ ਧਰਮ ਨਗਰੀਆਂ ਤੱਕ ਨੂੰ ਵੀ ਬਖਸ਼ਿਆ ਨਹੀਂ ਗਿਆ। ਇੱਥੇ ਵੀ ਧਾਮ ਸੇਵਾ ਦੇ ਨਾਂ ’ਤੇ ਬੇਲੋੜੇ ਪ੍ਰਾਜੈਕਟਾਂ ’ਤੇ ਪੈਸਾ ਪਾਣੀ ਵਾਂਗ ਰੋੜ੍ਹਿਆ ਗਿਆ। ਸੂਬੇ ’ਚ ਨਾ ਤਾਂ ਨਵੇਂ ਉਦਯੋਗ ਲੱਗੇ ਅਤੇ ਨਾ ਹੀ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ। ਜਿਨ੍ਹਾਂ ਦੇ ਰੋਜ਼ਗਾਰ 2014 ਤੋਂ ਪਹਿਲਾਂ ਸਲਾਮਤ ਸਨ, ਉਹ ਨੋਟਬੰਦੀ ਅਤੇ ਕੋਵਿਡ ਕਾਰਨ ਰਾਤੋ-ਰਾਤ ਬਰਬਾਦ ਹੋ ਗਏ।
ਬਾਵਜੂਦ ਇਸ ਸਭ ਦੇ, ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਆਪਣਾ ਅਕਸ ਸੁਧਾਰਨ ਲਈ ਅਰਵਿੰਦ ਕੇਜਰੀਵਾਲ ਵਾਂਗ ਹੀ, ਆਮ ਜਨਤਾ ਕੋਲੋਂ ਵਸੂਲੇ ਟੈਕਸ ਦਾ ਪੈਸਾ, ਸੈਂਕੜੇ ਕਰੋੜ ਦੇ ਇਸ਼ਤਿਹਾਰਾਂ ’ਤੇ ਖਰਚ ਕਰ ਦਿੱਤਾ ਹੈ। ਇੰਨਾ ਹੀ ਨਹੀਂ ਸਰਕਾਰ ਦੀਆਂ ਕਮੀਆਂ ਉਜਾਗਰ ਕਰਨ ਵਾਲੇ ਉੱਚ ਅਧਿਕਾਰੀਆਂ ਅਤੇ ਪੱਤਰਕਾਰਾਂ ਤੱਕ ਨੂੰ ਨਹੀਂ ਬਖਸ਼ਿਆ। ਉਨ੍ਹਾਂ ਨੂੰ ਗੱਲ-ਗੱਲ ’ਤੇ ਸ਼ਾਸਨ ਵੱਲੋਂ ਧਮਕੀ ਦਿੱਤੀ ਗਈ ਜਾਂ ਮੁਕੱਦਮੇ ਦਾਇਰ ਕੀਤੇ ਗਏ। ਭਲਾ ਹੋਵੇ ਸੁਪਰੀਮ ਕੋਰਟ ਦਾ ਜਿਸ ਨੇ ਹਾਲ ਹੀ ’ਚ ਇਹ ਹੁਕਮ ਦਿੱਤਾ ਕਿ ਸਰਕਾਰ ਦੀਆਂ ਕਮੀਆਂ ਉਜਾਗਰ ਕਰਨੀਆਂ ਕੋਈ ਜੁਰਮ ਨਹੀਂ ਹੈ।
ਸਾਡੇ ਸੰਵਿਧਾਨ ਅਤੇ ਲੋਕਤੰਤਰ ’ਚ ਪੱਤਰਕਾਰਾਂ ਅਤੇ ਸਮਾਜਿਕ ਵਰਕਰਾਂ ਨੂੰ ਇਸ ਦਾ ਅਧਿਕਾਰ ਮਿਲਿਆ ਹੋਇਆ ਹੈ ਅਤੇ ਉਹ ਲੋਕਤੰਤਰ ਦੀ ਸਫਲਤਾ ਲਈ ਵੀ ਜ਼ਰੂਰੀ ਹੈ। ਬਾਵਜੂਦ ਇਸ ਦੇ ਜਿਸ ਤਰ੍ਹਾਂ ਮੋਦੀ ਜੀ ਦਾ ਇਕ ਸਮਰਪਿਤ ਭਗਤ ਭਾਈਚਾਰਾ ਹੈ, ਓਵੇਂ ਹੀ ਯੋਗੀ ਜੀ ਦਾ ਵੀ ਇਕ ਛੋਟਾ ਵਰਗ ਸਮਰਥਕ ਹੈ। ਇਹ ਉਹ ਵਰਗ ਹੈ ਜੋ ਯੋਗੀ ਜੀ ਦੀਆਂ ਮੁਸਲਮਾਨ ਵਿਰੋਧੀ ਨੀਤੀਆਂ ਅਤੇ ਕੁਝ ਸਖਤ ਕਦਮਾਂ ਦਾ ਮੁਰੀਦ ਹੈ।
ਇਸ ਵਰਗ ਨੂੰ ਵਿਕਾਸ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਮਹਿੰਗਾਈ ਵਰਗੇ ਮੁੱਦੇ ਓਨੇ ਮਹੱਤਵਪੂਰਨ ਨਹੀਂ ਲੱਗਦੇ ਜਿੰਨਾ ਕਿ ਮੁਸਲਮਾਨਾਂ ਨੂੰ ਸਬਕ ਸਿਖਾਉਣਾ। ਮੁੱਖ ਮੰਤਰੀ ਯੋਗੀ ਜੀ ਇਸ ਵਰਗ ਦੇ ਲੋਕਾਂ ਦੇ ਹੀਰੋ ਹਨ। ਸੰਘ ਨੂੰ ਉਨ੍ਹਾਂ ਦਾ ਇਹ ਅਕਸ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਇਸ ’ਚ ਚੋਣ ਜਿੱਤਣ ਦੇ ਬਾਅਦ ਵੀ ਜਨਤਾ ਨੂੰ ਕੁਝ ਵੀ ਦੇਣ ਦੀ ਜ਼ਿੰਮੇਵਾਰੀ ਨਹੀਂ ਹੈ। ਸਿਰਫ ਇਕ ਮਾਹੌਲ ਬਣਾ ਕੇ ਰੱਖਣ ਦਾ ਕੰਮ ਹੈ ਜਿਸ ਨੂੰ ਚੋਣਾਂ ਦੇ ਸਮੇਂ ਵੋਟਾਂ ਦੇ ਰੂਪ ’ਚ ਭੁਗਤਾਇਆ ਜਾ ਸਕੇ।
ਇਹ ਸਹੀ ਹੈ ਕਿ ਪਹਿਲੀਆਂ ਸਰਕਾਰਾਂ ਦੇ ਦੌਰ ’ਚ ਮੁਸਲਮਾਨਾਂ ਨੇ ਆਪਣੇ ਵਤੀਰੇ ਨਾਲ ਗੈਰ-ਮੁਸਲਮਾਨਾਂ ਨੂੰ ਸ਼ੱਕੀ ਬਣਾਇਆ ਅਤੇ ਮਾਯੂਸ ਕੀਤਾ। ਭਾਵੇਂ ਅਜਿਹਾ ਕਰ ਕੇ ਉਨ੍ਹਾਂ ਨੂੰ ਕੋਈ ਠੋਸ ਨਾ ਮਿਲਿਆ ਹੋਵੇ ਪਰ ਭਾਜਪਾ ਨੂੰ ਆਪਣੀ ਤਾਕਤ ਵਧਾਉਣ ਲਈ ਇਕ ਮੁੱਦਾ ਜ਼ਰੂਰ ਅਜਿਹਾ ਮਿਲ ਗਿਆ ਜਿਸ ’ਚ ‘ਹਿੰਗ ਲੱਗੇ ਨਾ ਫਟਕੜੀ ਰੰਗ ਚੋਖੇ ਦਾ ਚੋਖਾ।’ ਇਸ ਲਈ ਉੱਤਰ ਪ੍ਰਦੇਸ਼ ’ਚ 2022 ਦੀਆਂ ਚੋਣਾਂ ਯੋਗੀ ਜੀ ਦੀ ਅਗਵਾਈ ’ਚ ਹੀ ਲੜੀਆਂ ਜਾਣਗੀਆਂ, ਚਾਹੇ ਨਤੀਜੇ ਕੁਝ ਵੀ ਆਉਣ।