ਆਪਣੇ ਬੁੱਢੇ ਮਾਤਾ-ਪਿਤਾ ਨੂੰ ਕਿਉਂ ਬੋਝ ਸਮਝਦੇ ਹਨ ਲੋਕ?

Tuesday, Aug 06, 2024 - 02:47 PM (IST)

ਆਪਣੇ ਬੁੱਢੇ ਮਾਤਾ-ਪਿਤਾ ਨੂੰ ਕਿਉਂ ਬੋਝ ਸਮਝਦੇ ਹਨ ਲੋਕ?

ਪਿਛਲੇ ਦਿਨਾਂ ਦੀ ਗੱਲ ਹੈ। ਕੋਲਕਾਤਾ ਦਾ ਇਕ ਨੌਜਵਾਨ ਜੋੜਾ ਘੁੰਮਣ ਲਈ ਕਸ਼ਮੀਰ ਗਿਆ। ਉਨ੍ਹਾਂ ਨਾਲ ਬੁੱਢੀ ਮਾਂ ਵੀ ਸੀ। ਉੱਥੇ ਮਾਂ ਦਾ ਪੁੱਤਰ ਅਤੇ ਨੂੰਹ ਨਾਲ ਝਗੜਾ ਹੋ ਗਿਆ। ਬਸ ਪੁੱਤਰ ਅਤੇ ਨੂੰਹ ਨੇ ਮਾਂ ਤੋਂ ਪਿੱਛਾ ਛੁਡਾਉਣ ਦਾ ਸੌਖਾ ਤਰੀਕਾ ਲੱਭਿਆ ਕਿ ਉਹ ਉਸ ਨੂੰ ਇਕੱਲਿਆਂ ਛੱਡ ਕੇ ਕੋਲਕਾਤਾ ਪਰਤ ਆਏ। ਇਸ ਬੁੱਢੀ ਔਰਤ ਕੋਲ ਨਾ ਪੈਸੇ ਸਨ, ਨਾ ਖਾਣ ਦਾ ਕੋਈ ਸਾਮਾਨ, ਨਾ ਹੀ ਫੋਨ ਕਿ ਕਿਸੇ ਨੂੰ ਆਪਣੀ ਮੁਸੀਬਤ ਬਾਰੇ ਦੱਸ ਸਕੇ। ਉਸ ਨੂੰ ਕਸ਼ਮੀਰ ਬਾਰੇ ਵੀ ਕੁਝ ਪਤਾ ਨਹੀਂ ਸੀ।

ਕੋਲਕਾਤਾ ’ਚ ਜਦ ਰਿਸ਼ਤੇਦਾਰਾਂ ਨੇ ਪੁੱਤਰ ਅਤੇ ਨੂੰਹ ਨੂੰ ਵਾਪਸ ਆਇਆ ਦੇਖਿਆ ਅਤੇ ਮਾਂ ਨੂੰ ਉਨ੍ਹਾਂ ਨਾਲ ਨਹੀਂ ਦੇਖਿਆ ਤਾਂ ਉਹ ਉਸ ਬਾਰੇ ਪੁੱਛਣ ਲੱਗੇ ਪਰ ਪੁੱਤਰ-ਨੂੰਹ ਕਦੀ ਕੁਝ ਕਹਿਣ ਤੇ ਕਦੀ ਕੁੱਝ। ਇਸ ਤੋਂ ਰਿਸ਼ਤੇਦਾਰਾਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਪੁੱਤਰ-ਨੂੰਹ ਨੂੰ ਫੜ ਕੇ ਮਾਂ ਬਾਰੇ ਪੁੱਛਿਆ ਤਾਂ ਲੜਕੇ ਨੇ ਕਿਹਾ ਕਿ ਉਸ ਦੀ ਮਾਂ ਅਤੇ ਪਤਨੀ ਦਰਮਿਆਨ ਝਗੜਾ ਹੋਇਆ ਸੀ, ਇਸ ਲਈ ਉਹ ਮਾਂ ਨੂੰ ਕਸ਼ਮੀਰ ’ਚ ਹੀ ਛੱਡ ਆਏ। ਪੁਲਸ ਨੇ ਪੁੱਤਰ ਅਤੇ ਨੂੰਹ ਨੂੰ ਗ੍ਰਿਫਤਾਰ ਕਰ ਲਿਆ। ਫਿਰ ਕਸ਼ਮੀਰ ਪੁਲਸ ਨੂੰ ਸੂਚਨਾ ਦਿੱਤੀ। ਬਹੁਤ ਖੋਜਬੀਨ ਪਿੱਛੋਂ ਬਜ਼ੁਰਗ ਮਾਂ ਨੂੰ ਲੱਭਿਆ ਜਾ ਸਕਿਆ ਅਤੇ ਉਸ ਨੂੰ ਵਾਪਸ ਕੋਲਕਾਤਾ ਲਿਆਂਦਾ ਗਿਆ।

ਪੁੱਛਣ ’ਤੇ ਇਸ ਬਿਰਧ ਔਰਤ ਨੇ ਦੱਸਿਆ ਕਿ ਉਹ ਪੜ੍ਹ-ਲਿਖ ਵੀ ਨਹੀਂ ਸਕਦੀ। ਉਸ ਨੇ ਆਸ ਛੱਡ ਦਿੱਤੀ ਸੀ ਕਿ ਉਹ ਕਦੀ ਆਪਣੇ ਘਰ ਅਤੇ ਆਪਣੇ ਲੋਕਾਂ ਦਰਮਿਆਨ ਵਾਪਸ ਜਾ ਸਕੇਗੀ ਪਰ ਪੁਲਸ ਨੇ ਉਸ ਨੂੰ ਉਸ ਦੇ ਘਰ ਪਹੁੰਚਾ ਦਿੱਤਾ, ਇਸ ਲਈ ਉਹ ਪੁਲਸ ਦਾ ਬਹੁਤ ਧੰਨਵਾਦ ਕਰਦੀ ਹੈ। ਪੁਲਸ ਨੂੰ ਅਕਸਰ ਹੀ ਕੋਸਿਆ ਜਾਂਦਾ ਹੈ ਪਰ ਉਸ ਦੇ ਚੰਗੇ ਕੰਮਾਂ ਲਈ ਸ਼ਲਾਘਾ ਵੀ ਕਰਨੀ ਚਾਹੀਦੀ ਹੈ ਜਿਸ ਨਾਲ ਹੋਰ ਪੁਲਸ ਵਾਲੇ ਵੀ ਪ੍ਰੇਰਿਤ ਹੋ ਸਕਣ। ਇਸ ਮਹਿਲਾ ਦਾ ਧੰਨਵਾਦ ਕਿ ਉਸ ਦੇ ਰਿਸ਼ਤੇਦਾਰਾਂ ਨੇ ਇਸ ਦੀ ਪਰਵਾਹ ਕੀਤੀ ਨਹੀਂ ਤਾਂ ਅੱਜਕੱਲ ਕੌਣ ਕਿਸੇ ਦੀ ਪਰਵਾਹ ਕਰਦਾ ਹੈ। ਉਸ ਵੇਲੇ ਤਾਂ ਹੋਰ ਵੀ ਨਹੀਂ, ਜਦੋਂ ਬੱਚੇ ਅਜਿਹੇ ਅਪਰਾਧਾਂ ’ਚ ਸ਼ਾਮਲ ਹੋਣ। ਉਂਝ ਵੀ ਦੂਜਿਆਂ ਦੇ ਘਰ ਦੇ ਮਾਮਲੇ ’ਚ ਕਿਉਂ ਬੋਲਣ ਅਤੇ ਆਫਤ ਮੁੱਲ ਲੈਣ, ਇਹ ਸੋਚ ਕੇ ਲੋਕ ਕਿਸੇ ਅਪਰਾਧ ਨੂੰ ਦੇਖਦਿਆਂ ਵੀ ਮੌਨ ਰਹਿੰਦੇ ਹਨ।

ਉਂਝ ਮਾਂ ਦਿਵਸ ਨੂੰ ਲੰਘਿਆਂ ਅਜੇ ਕੁਝ ਹੀ ਮਹੀਨੇ ਹੋਏ ਹਨ। ਅਸੀਂ ਆਪਣੇ ਬੁੱਢੇ ਮਾਤਾ-ਪਿਤਾ ਨੂੰ ਕਿਸ ਤਰ੍ਹਾਂ ਬੋਝ ਸਮਝਦੇ ਹਾਂ, ਉਨ੍ਹਾਂ ਤੋਂ ਪਿੱਛਾ ਛੁਡਾਉਣਾ ਚਾਹੁੰਦੇ ਹਾਂ, ਇਹ ਘਟਨਾ ਇਸ ਦੀ ਇਕ ਮਿਸਾਲ ਮਾਤਰ ਹੈ। ਮਨਾਉਂਦੇ ਰਹੋ ਸਾਲ ’ਚ ਇਕ ਦਿਨ ਮਾਂ ਦਿਵਸ! ਉਂਝ ਆਪਣੇ ਦੇਸ਼ ’ਚ ਬੁੱਢੇ ਮਾਤਾ-ਪਿਤਾ ਨੂੰ ਬੇਸਹਾਰਾ ਛੱਡਣਾ ਕੋਈ ਨਵੀਂ ਗੱਲ ਨਹੀਂ ਹੈ। ਉਂਝ ਮਾਤਾ-ਪਿਤਾ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਤੀਰਥ ਯਾਤਰਾ ਦੇ ਬਹਾਨੇ ਬਹੁਤ ਸਾਰੇ ਬਿਰਧਾਂ ਨੂੰ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ। ਕੁਝ ਸਾਲ ਪਹਿਲਾਂ ਫੇਸਬੁੱਕ ’ਤੇ ਕਿਸੇ ਨੇ ਇਕ ਬਿਰਧ ਦੇ ਹਾਈਵੇ ’ਤੇ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਨ ਅਤੇ ਅਸਫਲ ਰਹਿਣ ਦੇ ਬਾਰੇ ਲਿਖਿਆ ਸੀ।

ਬਿਰਧ ਵਾਰ-ਵਾਰ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਆਉਂਦੇ-ਜਾਂਦੇ ਵਾਹਨਾਂ ਨੂੰ ਦੇਖ ਕੇ ਡਰ ਜਾਂਦਾ ਸੀ। ਜਦ ਇਸ ਵਿਅਕਤੀ ਨੇ ਆਪਣੀ ਕਾਰ ਰੋਕ ਕੇ ਇਸ ਬਿਰਧ ਨੂੰ ਪੁੱਛਿਆ ਕਿ ਉਸ ਨੇ ਕਿੱਥੇ ਜਾਣਾ ਹੈ ਤਾਂ ਉਹ ਦੱਸ ਨਹੀਂ ਸਕਿਆ। ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਕਿੱਥੇ ਖੜ੍ਹਾ ਹੈ। ਭਾਵ ਕਿ ਉਹ ਉਸ ਇਲਾਕੇ ਲਈ ਨਵਾਂ ਸੀ। ਉਸ ਦੇ ਘਰ ਵਾਲੇ ਇਹ ਕਹਿ ਕੇ ਕਿ ਹੁਣੇ ਆਉਂਦੇ ਹਾਂ, ਉਸ ਨੂੰ ਉੱਥੇ ਇਕੱਲਾ ਛੱਡ ਕੇ ਚਲੇ ਗਏ ਸੀ। ਤਦ ਕਾਰ ਵਾਲੇ ਉਸ ਆਦਮੀ ਨੇ ਉਸ ਨੂੰ ਪਾਣੀ ਪਿਲਾਇਆ, ਆਪਣੇ ਕੋਲ ਰੱਖੇ ਕੁਝ ਬਿਸਕੁੱਟ ਖਾਣ ਲਈ ਦਿੱਤੇ। ਫਿਰ ਆਪਣੀ ਕਾਰ ’ਚ ਪੁਲਸ ਕੋਲ ਲੈ ਗਿਆ। ਫਿਰ ਕੀ ਹੋਇਆ ਪਤਾ ਨਹੀਂ। ਸੰਭਵ ਹੈ ਕਿ ਪੁਲਸ ਨੇ ਉਸ ਨੂੰ ਉਸ ਦੇ ਘਰ ਪਹੁੰਚਾ ਦਿੱਤਾ ਹੋਵੇਗਾ।

ਪਰ ਕੀ ਪਤਾ ਕਿ ਭਵਿੱਖ ’ਚ ਫਿਰ ਕਦੀ ਅਜਿਹਾ ਨਹੀਂ ਹੋਵੇਗਾ। ਮਸ਼ਹੂਰ ਲੇਖਕ ਪ੍ਰਭੂ ਜੋਸ਼ੀ ਨੇ ਕਈ ਦਹਾਕੇ ਪਹਿਲਾਂ ਇਸ ਸਮੱਸਿਆ ’ਤੇ ‘ਪਿੱਤਰ ਰਿਣ’ ਨਾਂ ਦੀ ਕਹਾਣੀ ਲਿਖੀ ਸੀ। ਇਹ ਇਕੱਲੇ ਬਜ਼ੁਰਗ ਕੋਈ ਹੋਰ ਰਾਹ ਨਾ ਦੇਖ ਕੇ, ਤੀਰਥ ਸਥਾਨਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਭੀਖ ਮੰਗਣ ਲੱਗ ਜਾਂਦੇ ਹਨ। ਨਾ ਸਿਰ ’ਤੇ ਛੱਤ ਹੁੰਦੀ ਹੈ, ਨਾ ਕੋਈ ਦੇਖਭਾਲ ਕਰਨ ਵਾਲਾ। ਸੜਕਾਂ ’ਤੇ ਜਾਂ ਜਿੱਥੇ ਥਾਂ ਮਿਲੀ, ਉੱਥੇ ਸੌਂ ਜਾਂਦੇ ਹਨ ਅਤੇ ਇਕ ਦਿਨ ਇਸੇ ਤਰ੍ਹਾਂ ਇਕੱਲੇ ਦਮ ਤੋੜ ਦਿੰਦੇ ਹਨ। ਜਿਸ ਅੌਲਾਦ ਨੂੰ ਪਾਲਣ-ਪੋਸ਼ਣ ’ਚ ਉਨ੍ਹਾਂ ਨੇ ਆਪਣੀ ਪੂਰੀ ਉਮਰ ਅਤੇ ਸਰੋਤ ਲਾ ਦਿੱਤੇ ਉਹ ਉਨ੍ਹਾਂ ਨੂੰ ਕੂੜੇ ਵਾਂਗ ਸੜਕ ’ਤੇ ਸੁੱਟ ਦਿੰਦੇ ਹਨ। ਬੁੱਢਿਆਂ ਦੀ ਗਿਣਤੀ ਇਕ ਅੰਦਾਜ਼ੇ ਅਨੁਸਾਰ 10 ਕਰੋੜ ਤੋਂ ਉੱਪਰ ਹੈ ਪਰ ਸਮਾਜ ਦੀ ਮੁੱਖ ਧਾਰਾ ਤੋਂ ਬੁੱਢੇ ਹੁੰਦਿਆਂ ਹੀ ਜਿਵੇਂ ਉਹ ਅਲੱਗ ਕਰ ਦਿੱਤੇ ਜਾਂਦੇ ਹਨ। ਸਰਕਾਰਾਂ ਦੇ ਕਈ ਨੁਮਾਇੰਦੇ ਦੁਨੀਆ ਭਰ ’ਚ ਬਿਰਧਾਂ ਨੂੰ ਸਮਾਜ ਦੀ ਆਰਥਿਕਤਾ ’ਤੇ ਵੱਡਾ ਬੋਝ ਦੱਸਦੇ ਹਨ।

ਕੋਰੋਨਾ ਦੇ ਦਿਨਾਂ ’ਚ ਤੁਸੀਂ ਪੜ੍ਹਿਆ ਹੀ ਹੋਵੇਗਾ ਕਿ ਕਈ ਦੇਸ਼ਾਂ ’ਚ ਬਜ਼ੁਰਗਾਂ ਦੇ ਮੁਕਾਬਲੇ ਨੌਜਵਾਨਾਂ ਨੂੰ ਇਲਾਜ ’ਚ ਪਹਿਲ ਦਿੱਤੀ ਗਈ ਸੀ ਕਿਉਂਕਿ ਲੱਗਦਾ ਸੀ ਕਿ ਬਿਰਧ ਤਾਂ ਆਪਣੀ ਜ਼ਿੰਦਗੀ ਜਿਊ ਚੁੱਕੇ ਹਨ। ਉਹ ਸਮਾਜ ਲਈ ਹੁਣ ਕੋਈ ਯੋਗਦਾਨ ਨਹੀਂ ਪਾਉਣਗੇ, ਇਸ ਲਈ ਨੌਜਵਾਨਾਂ ਨੂੰ ਬਚਾਇਆ ਜਾਵੇ, ਜਿਨ੍ਹਾਂ ਦੇ ਸਰੀਰ ਦੀ ਤਾਕਤ ਅਤੇ ਊਰਜਾ ਨਾਲ ਸਮਾਜ ਅਤੇ ਦੇਸ਼ ਦਾ ਭਲਾ ਹੋ ਸਕੇ। ਇਹ ਸੋਚ ਕਿੰਨੀ ਗੈਰ-ਮਨੁੱਖੀ ਹੈ। ਇਸ ਤਰ੍ਹਾਂ ਦੀ ਗੱਲ ਕਹਿਣ ਨਾਲ ਕੀ ਇਸ ’ਤੇ ਕਦੀ ਧਿਆਨ ਦਿੱਤਾ ਜਾਂਦਾ ਹੈ।

ਬਹੁਤ ਸਾਰੇ ਲੋਕ ਸਮਝਦੇ ਹਨ ਕਿ ਬਜ਼ੁਰਗਾਂ ਦੀ ਦੁਰਦਸ਼ਾ ਸਿਰਫ ਸ਼ਹਿਰਾਂ ’ਚ ਹੀ ਹੈ, ਪਿੰਡਾਂ ’ਚ ਅਜਿਹੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਪਰ ਇਹ ਸਭ ਕਹਿਣ ਲਈ ਹੀ ਤਸਵੀਰ ਦਾ ਰੋਸ਼ਨ ਪੱਖ ਹੈ। ਅੱਜਕੱਲ ਪਿੰਡਾਂ ’ਚ ਵੀ ਬਜ਼ੁਰਗ ਇਕੱਲੇ ਅਤੇ ਪ੍ਰੇਸ਼ਾਨ ਹਨ। ਬੱਚੇ ਜਾਂ ਤਾਂ ਉਨ੍ਹਾਂ ਦੀ ਖਬਰਸਾਰ ਹੀ ਨਹੀਂ ਲੈਂਦੇ ਜਾਂ ਲੈਂਦੇ ਵੀ ਹਨ ਤਾਂ ਤਿਉਹਾਰਾਂ ’ਤੇ ਹੀ। ਉਨ੍ਹਾਂ ਨੂੰ ਕਿਵੇਂ ਛੇਤੀ ਤੋਂ ਛੇਤੀ ਮੁਕਤੀ ਮਿਲੇ, ਇਹੀ ਕਾਮਨਾ ਰਹਿੰਦੀ ਹੈ। ਕਿਵੇਂ ਇਸ ਸਮੱਸਿਆ ਨੂੰ ਨਜਿੱਠੀਏ ਜਦ ਆਪਣੇ ਹੀ ਸਾਥ ਛੱਡ ਦੇਣ।

ਸ਼ਮਾ ਸ਼ਰਮਾ


author

Tanu

Content Editor

Related News