ਪਾਕਿਸਤਾਨ ਦਾ ‘‘ਕੌਮੀ ਤਰਾਨਾ’’ ਵਿਦੇਸ਼ੀ ਭਾਸ਼ਾ ’ਚ ਕਿਉਂ

11/1/2019 1:30:22 AM

ਬਲਬੀਰ ਪੁੰਜ

ਸਾਲ 1947 ਤੋਂ ਹੁਣ ਤਕ ਇਕ ਵਿਸ਼ਾ ਭਾਰਤੀ ਜਨਤਕ ਚਰਚਾ ’ਚ ਚੱਲਦਾ ਰਿਹਾ ਹੈ ਅਤੇ ਉਹ ਹੈ ਪਾਕਿਸਤਾਨ। ਗੱਲ ਭਾਵੇਂ ਆਜ਼ਾਦੀ ਦੇ 2 ਮਹੀਨਿਆਂ ਬਾਅਦ ਕਸ਼ਮੀਰ ’ਤੇ ਉਸ ਦੇ ਪਹਿਲੇ ਹਮਲੇ ਦੀ ਹੋਵੇ ਜਾਂ ਫਿਰ ਹਾਲੀਆ ਦਿਨਾਂ ’ਚ ਉਸ ਵਲੋਂ ਵਾਰ-ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਵਾਈ ਯਾਤਰਾ ਲਈ ਆਪਣਾ ਹਵਾਈ ਖੇਤਰ ਖੋਲ੍ਹਣ ਤੋਂ ਨਾਂਹ ਕਰਨ ਦੀ, 72 ਸਾਲਾਂ ਤੋਂ ਇਸ ਤਰ੍ਹਾਂ ਦੇ ਸੈਂਕੜੇ ਅਣਚਾਹੇ ਕਿੱਸੇ ਸਾਹਮਣੇ ਆ ਚੁੱਕੇ ਹਨ। ਪਿਛਲੇ 7 ਦਹਾਕਿਆਂ ’ਚ ਭਾਰਤ ਵਿਚ ਵੱਖ-ਵੱਖ ਵਿਚਾਰਕ ਨਜ਼ਰੀਏ ਵਾਲੀਆਂ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ ਪਰ ਓਧਰ ਪਾਕਿਸਤਾਨ ਵਿਚ ਫੌਜੀ ਤਾਨਾਸ਼ਾਹੀ ਤੋਂ ਇਲਾਵਾ ਜ਼ੁਲਿਫਕਾਰ-ਬੇਨਜ਼ੀਰ-ਨਵਾਜ਼ ਦੇ ਰੂਪ ਵਿਚ ਲੋਕਤੰਤਰਿਕ ਸੱਤਾ ਕਾਬਜ਼ ਰਹੀ ਹੈ ਪਰ ਦੋਹਾਂ ਦੇ ਰਿਸ਼ਤੇ ਬਦ ਤੋਂ ਬਦਤਰ ਹੋ ਗਏ ਹਨ, ਕਿਉਂ?

ਖੰਡਿਤ ਭਾਰਤ ਇਕ ਸਨਾਤਨ ਦੇਸ਼ ਹੈ, ਜੋ ਉਸ ਆਦਿ-ਕਾਲੀਨ ਸੰਸਕ੍ਰਿਤੀ ਅਤੇ ਬਹੁਲਤਾਵਾਦੀ ਪ੍ਰੰਪਰਾ ਦੀ ਨੁਮਾਇੰਦਗੀ ਕਰਦਾ ਹੈ, ਜਿਸ ਨੇ ਕਦੇ ਵੀ ਕਿਸੇ ’ਤੇ ਪਹਿਲਾਂ ਹਮਲਾ ਨਹੀਂ ਕੀਤਾ। ਅੱਜ ਅਸੀਂ ਭਾਰਤ ਦੇ ਉਸ ਮਾਨਚਿੱਤਰ ਨੂੰ ਦੇਖ ਰਹੇ ਹਾਂ, ਸੈਂਕੜੇ ਵਰ੍ਹੇ ਪਹਿਲਾਂ ਜਿਸ ਦਾ ਸੰਸਕ੍ਰਿਤਕ ਵਾਧਾ ਪੂਰਨ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਤਕ ਸੀ। ਕੰਬੋਡੀਆ ਸਥਿਤ ਭਗਵਾਨ ਵਿਸ਼ਨੂੰ ਦਾ ਅੰਕੋਰਵਾਟ ਮੰਦਰ, ਬੈਂਕਾਕ ਦੇ ਸੁਵਰਨ ਭੂਮੀ ਕੌਮਾਂਤਰੀ ਹਵਾਈ ਅੱਡੇ ਦੇ ਮੁੱਖ ਦਰਵਾਜ਼ੇ ’ਤੇ ਸਮੁੰਦਰ ਮੰਥਨ ਦਾ ਸ਼ਾਨਦਾਰ ਪ੍ਰਤੀਕ ਅਤੇ ਇੰਡੋਨੇਸ਼ੀਆ ’ਚ ਦਹਾਕਿਆਂ ਤੋਂ 12 ਮਹੀਨੇ ਚੱਲਣ ਵਾਲੀ ਰਾਮਲੀਲਾ ਦਾ ਮੰਚਨ ਇਸ ਦੀਆਂ ਜਿਊਂਦੀਆਂ ਮਿਸਾਲਾਂ ਹਨ। ਇਹ ਤ੍ਰਾਸਦੀ ਹੀ ਹੈ ਕਿ ਦੇਸ਼ ਦਾ ਇਕ ਵੱਡਾ ਹਿੱਸਾ ਆਪਣੀ ਮੂਲ ਅਮੀਰ ਪਛਾਣ ਅਤੇ ਪ੍ਰਾਚੀਨ ਇਤਿਹਾਸ ਤੋਂ ਨਾ ਸਿਰਫ ਅਣਜਾਣ, ਬਲਕਿ ਉਸ ਨਾਲ ਨਫਰਤ ਵੀ ਕਰਦਾ ਹੈ। ਇਸ ਭੈੜੀ ਮਾਨਸਿਕਤਾ ਲਈ ਖੱਬੇਪੱਖੀ ਚਿੰਤਨ ਅਤੇ ਉਸ ਦੇ ਝੰਡਾਬਰਦਾਰਾਂ ਦਾ ਬਹੁਤ ਧੰਨਵਾਦ।

ਕੀ ਇਹ ਸੱਚ ਨਹੀਂ ਕਿ ਬੌਧ ਮਤ ਦੀ ਪੈਦਾਇਸ਼ ਅਤੇ ਉਸ ਦਾ ਜਨਮ ਸਥਾਨ ਪ੍ਰਾਚੀਨ ਭਾਰਤ ਸੀ? ਲੁੰਬਨੀ (ਨੇਪਾਲ) ਵਿਚ ਪੈਦਾ ਹੋਏ ਭਗਵਾਨ ਗੌਤਮ ਬੁੱਧ ਨੇ ਇਸੇ ਧਰਤੀ ਤੋਂ ਵਿਸ਼ਵ ਸੰਦੇਸ਼ ਦਿੱਤਾ। ਅੱਜ ਦੁਨੀਆ ਦੀ ਕੁਲ ਆਬਾਦੀ 7.8 ਅਰਬ ਹੈ, ਜਿਸ ਵਿਚ ਬੋਧੀ ਲੋਕਾਂ ਦੀ ਗਿਣਤੀ 7 ਫੀਸਦੀ, ਭਾਵ 52 ਕਰੋੜ ਹੈ ਅਤੇ ਅੱਧੀ ਗਿਣਤੀ ਚੀਨ ਵਿਚ ਲੱਗਭਗ 25 ਕਰੋੜ ਵਸਦੀ ਹੈ, ਜਦਕਿ ਬਾਕੀ ਬੌਧ ਧਰਮ ਨੂੰ ਮੰਨਣ ਵਾਲੇ ਭਾਰਤ ਸਮੇਤ ਜਾਪਾਨ, ਦੱਖਣੀ ਕੋਰੀਆ, ਥਾਈਲੈਂਡ, ਕੰਬੋਡੀਆ, ਮਿਆਂਮਾਰ, ਸ਼੍ਰੀਲੰਕਾ, ਭੂਟਾਨ, ਵੀਅਤਨਾਮ ਆਦਿ ਦੇਸ਼ਾਂ ਵਿਚ ਰਹਿੰਦੇ ਹਨ। ਹੁਣ ਬਾਕੀ ਦੁਨੀਆ ਦੇ ਕਿਸੇ ਵੀ ਕੋਨੇ ’ਚ, ਜਿਥੇ ਭਾਰਤੀ ਸੰਸਕ੍ਰਿਤੀ ਪਹੁੰਚੀ ਹੈ ਤਾਂ ਇਸ ਦਾ ਆਧਾਰ ਜਾਂ ਤਾਂ ਪੌਰਾਣਿਕ ਹੈ ਜਾਂ ਫਿਰ ਸ਼ੁੱਧ ਮੈਰਿਟ।

ਇਸ ਪਿਛੋਕੜ ਵਿਚ ਪਾਕਿਸਤਾਨ ਦੀ ਹਾਲਤ ਕੀ ਹੈ? 1947 ਵਿਚ ਭਾਰਤ ਦੇ ਲਹੂ-ਭਿੱਜੇ ਬਟਵਾਰੇ ਤੋਂ ਬਾਅਦ ਪੈਦਾ ਹੋਇਆ ਇਹ ਦੇਸ਼ ਉਸ ਚਿੰਤਨ ਦਾ ਪ੍ਰਗਟਾਵਾ ਹੈ, ਜਿਸ ਦਾ ਪ੍ਰਚਾਰ-ਪ੍ਰਸਾਰ ਤਲਵਾਰ ਅਤੇ ਹਿੰਸਾ ਦੇ ਜ਼ੋਰ ’ਤੇ ਹੋਇਆ। ਪਾਕਿਸਤਾਨ ਦਾ ਵਿਚਾਰਕ ਯੱਗ ‘ਕਾਫਿਰ-ਕੁਫਰ’ ਦੀ ਧਾਰਨਾ ਤੋਂ ਸਿੰਜਿਆ ਹੈ। ਇਸੇ ਕਾਰਣ ਪਾਕਿਸਤਾਨ ਪਿਛਲੇ 72 ਵਰ੍ਹਿਆਂ ਤੋਂ ਭਾਰਤ ਵਿਚ ਪੈਦਾ ਅਤੇ ਵਿਕਸਿਤ ਸੰਸਕ੍ਰਿਤ ਜੜ੍ਹਾਂ ਤੋਂ ਖ਼ੁਦ ਨੂੰ ਕੱਟਣ ਅਤੇ ਮੱਧ-ਪੂਰਬੀ ਦੇਸ਼ਾਂ ਦੀ ਨੇੜਤਾ ਹਾਸਿਲ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਕੌੜਾ ਸੱਚ ਤਾਂ ਇਹ ਹੈ ਕਿ ਇਸ ਜੜ੍ਹਹੀਣ ਪਾਕਿਸਤਾਨ ਨੂੰ ਇਸਲਾਮੀ ਦੇਸ਼ ਹੋਣ ਦੇ ਬਾਵਜੂਦ ਮੱਧ-ਪੂਰਬੀ ਦੇਸ਼ ਸਨਮਾਨ ਜਾਂ ਬਰਾਬਰੀ ਦੀ ਨਜ਼ਰ ਨਾਲ ਨਹੀਂ ਦੇਖਦੇ ਹਨ। ਪਾਕਿਸਤਾਨ ਦਾ ‘ਕੌਮੀ ਤਰਾਨਾ’ (ਰਾਸ਼ਟਰਗਾਣ) ਇਸ ਮਾਨਸਿਕਤਾ ਦੀ ਮੂਰਤ ਹੈ।

ਅਕਸਰ ਮੇਰਾ ਸੰਪਰਕ ਕਈ ਬੁੱਧੀਜੀਵੀਆਂ ਨਾਲ ਹੁੁੰਦਾ ਹੈ, ਜੋ ਖ਼ੁਦ ਨੂੰ ਨਰਮਵਾਦੀ ਅਤੇ ਪ੍ਰਗਤੀਸ਼ੀਲਵਾਦੀ ਕਹਿ ਕੇ ਮਾਣ ਮਹਿਸੂਸ ਕਰਦੇ ਹਨ। ਜ਼ਿਆਦਾਤਰ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਸੰਸਕ੍ਰਿਤਕ ਵਿਰਾਸਤ ਲੱਗਭਗ ਇਕੋ ਹੈ। ਉਨ੍ਹਾਂ ਦੇ ਅਨੁਸਾਰ ਪਾਕਿਸਤਾਨ ਨੇ ਉਰਦੂ ਨੂੰ ਆਪਣੀ ਰਾਸ਼ਟਰੀ ਭਾਸ਼ਾ ਐਲਾਨਿਆ ਹੈ, ਜਿਸ ਦਾ ਇਸਤੇਮਾਲ ਭਾਰਤ ਵਿਚ ਵੀ ਵੱਡੇ ਪੱਧਰ ’ਤੇ ਕੀਤਾ ਜਾਂਦਾ ਹੈ। ਹੁਣ ਇਹ ਪੂਰੀ ਤਰ੍ਹਾਂ ਝੂਠ ਤਾਂ ਨਹੀਂ ਹੈ ਪਰ ਇਹ ਪੂਰਾ ਸੱਚ ਵੀ ਨਹੀਂ ਹੈ।

ਇਹ ਸੱਚ ਹੈ ਕਿ ਪਾਕਿਸਤਾਨ ਦੀ ਅਧਿਕਾਰਿਤ ਰਾਸ਼ਟਰ ਭਾਸ਼ਾ ਉਰਦੂ ਹੈ ਪਰ ਉਸਦੇ ਦੇਸ਼ ਵਿਚ ਸਿਰਫ 8 ਫੀਸਦੀ ਲੋਕ ਹੀ ਇਸ ਭਾਸ਼ਾ ਨੂੰ ਬੋਲਦੇ ਹਨ, ਜਦਕਿ ਲਗਭਗ ਅੱਧੀ ਜਨਸੰਖਿਆ ਪੰਜਾਬੀ ਬੋਲਦੀ ਹੈ। ਫਿਰ ਵੀ ਪਾਕਿਸਤਾਨ ਦਾ ਰਾਸ਼ਟਰਗਾਣ ਉਰਦੂ ਜਾਂ ਪੰਜਾਬੀ ਦੀ ਬਜਾਏ ਸ਼ੁੱਧ ਫ਼ਾਰਸੀ ਭਾਸ਼ਾ ਵਿਚ ਲਿਖਿਆ ਗਿਆ ਹੈ। ਹੁਣ ਇਸ ਦੇ ਪਿੱਛੇ ਦੀ ਕਹਾਣੀ ਨਾ ਸਿਰਫ ਮਜ਼ੇਦਾਰ ਹੈ, ਨਾਲ ਹੀ ਉਹ ਭਾਰਤ-ਪਾਕਿ ਸਬੰਧਾਂ ਦੀ ਵਿਆਖਿਆ ਕਰਨ ਵਿਚ ਵੀ ਮਦਦ ਕਰਦੀ ਹੈ।

ਸਾਲ 1947 ਵਿਚ ਧਰਮ ਦੇ ਨਾਂ ’ਤੇ ਖੂਨੀ ਬਟਵਾਰੇ ਤੋਂ ਬਾਅਦ ਬਾਕੀ ਦੁਨੀਆ ਦੇ ਸਾਹਮਣੇ ਪਾਕਿਸਤਾਨ ਦਾ ਕਥਿਤ ਧਰਮ ਨਿਰਪੱਖ ਅਕਸ ਸਥਾਪਿਤ ਕਰਨ ਲਈ ਮੁਹੰਮਦ ਅਲੀ ਜਿੱਨਾਹ ਨੇ ਹਿੰਦੂ ਮੂਲ ਦੇ ਉਰਦੂ ਸ਼ਾਇਰ ਜਗਨਨਾਥ ਆਜ਼ਾਦ ਵਲੋਂ ਲਿਖੇ ਇਕ ਉਰਦੂ ਗੀਤ ਨੂੰ ਰਾਸ਼ਟਰਗਾਣ ਬਣਾਇਆ। ਹੁਣ ਕਿਉਂਕਿ ਇਸ ਨੂੰ ਇਕ ਹਿੰਦੂ ਨੇ ਲਿਖਿਆ ਸੀ, ਇਸ ਲਈ ਇਸ ਦਾ ਪਾਕਿਸਤਾਨੀ ਲੀਡਰਸ਼ਿਪ ਤੋਂ ਲੈ ਕੇ ਆਮ ਲੋਕਾਂ ਤਕ ਨੇ ਭਾਰੀ ਵਿਰੋਧ ਕੀਤਾ। ਨਤੀਜੇ ਵਜੋਂ ਕੁਝ ਸਮੇਂ ਦੇ ਅੰਦਰ ਇਸ ’ਤੇ ਪਾਬੰਦੀ ਲਾ ਦਿੱਤੀ ਗਈ। 30 ਜਨਵਰੀ 1950 ਨੂੰ ਜਦੋਂ ਇੰਡੋਨੇਸ਼ੀਆ ਦੇ ਤੱਤਕਾਲੀ ਰਾਸ਼ਟਰਪਤੀ ਸੁਕਰਨੋ ਬਤੌਰ ਪਾਕਿਸਤਾਨ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਰਾਸ਼ਟਰਪਤੀ ਦੇ ਰੂਪ ਵਿਚ ਪਹੁੰਚੇ, ਉਦੋਂ ਉਸ ਸਮੇਂ ਕੋਈ ਪਾਕਿਸਤਾਨੀ ਰਾਸ਼ਟਰਗਾਣ ਹੀ ਨਹੀਂ ਵਜਾਇਆ ਗਿਆ।

ਇਸ ਘਟਨਾ ਦੇ ਕੁਝ ਦਿਨ ਬਾਅਦ 1 ਮਾਰਚ 1950 ਨੂੰ ਜਦ ਈਰਾਨ ਦੇ ਤਤਕਾਲੀ ਸ਼ਾਹ ਪਾਕਿਸਤਾਨ ਦੇ ਦੂਜੇ ਵਿਦੇਸ਼ੀ ਮਹਿਮਾਨ ਬਣੇ, ਉਦੋਂ ਪਾਕਿਸਤਾਨੀ ਹਕੂਮਤ ਨੇ ਅਹਿਮਦ ਚਾਗਲਾ ਵਲੋਂ ਤਿਆਰ ਇਕ ਬਿਨਾਂ ਗੀਤ ਵਾਲੀ ‘ਧੁਨ’ ਨੂੰ ਪਾਕਿਸਤਾਨੀ ਰਾਸ਼ਟਰਗਾਣ ਦੇ ਰੂਪ ਵਿਚ ਪੇਸ਼ ਕੀਤਾ। ਇਹੋ ਨਹੀਂ, ਜਦੋਂ ਉਸੇ ਸਾਲ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਸਰਕਾਰੀ ਯਾਤਰਾ ’ਤੇ ਅਮਰੀਕਾ ਪਹੁੰਚੇ, ਉਦੋਂ ਵੀ ਉਸੇ ਬਿਨਾਂ ਗੀਤ ਵਾਲੀ ਧੁਨ ਨੂੰ ਵਜਾਇਆ ਗਿਆ। ਉਸ ਤੋਂ ਬਾਅਦ 1952 ਵਿਚ ਇਕ ਪ੍ਰਤੀਯੋਗਿਤਾ ਰਾਹੀਂ ਸਾਹਮਣੇ ਆਏ 723 ਗੀਤਾਂ ’ਚੋਂ ਹਾਫਿਜ਼ ਜਲੰਧਰੀ ਵਲੋਂ ਲਿਖੇ ਫ਼ਾਰਸੀ ਗਾਣੇ ਨੂੰ ਰਾਸ਼ਟਰਗਾਣ ਬਣਾਉਣਾ ਤੈਅ ਹੋਇਆ, ਜਿਸ ਵਿਚ ਉਰਦੂ ਭਾਸ਼ਾ ਦੇ ਨਾਂ ’ਤੇ ਸਿਰਫ ‘ਕਾ’ ਸ਼ਬਦ ਦਾ ਇਸਤੇਮਾਲ ਹੋਇਆ ਹੈ, ਜਦਕਿ ਬਾਕੀ ਸ਼ੁੱਧ ਫ਼ਾਰਸੀ ਕਾਵਿ ਸ਼ਬਦਾਵਲੀ ਹੈ।

ਤ੍ਰਾਸਦੀ ਦੇਖੋ ਕਿ ਭਾਰਤੀ ਉਪ-ਮਹਾਦੀਪ ਵਿਚ 3 ਦਰਜਨ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਉਸ ਸਮੇਂ ਦੇ ਪਾਕਿਸਤਾਨ ਵਿਚ ਉਰਦੂ ਸਮੇਤ ਬਾਂਗਲਾ, ਪੰਜਾਬੀ, ਸਿੰਧੀ, ਪਸਤੋ, ਬਲੂਚੀ, ਸਰਾਇਕੀ ਆਦਿ ਅਮੀਰ ਭਾਸ਼ਾਵਾਂ ਹੁੰਦੇ ਹੋਏ ਵੀ ਵਿਦੇਸ਼ੀ ਫ਼ਾਰਸੀ, ਜਿਸ ਨੂੰ ਬੋਲਣ, ਸਮਝਣ ਵਾਲਿਆਂ ਦੀ ਗਿਣਤੀ ਬੇਹੱਦ ਘੱਟ ਹੈ। ਫਿਰ ਵੀ ਉਸ ਵਿਚ ਲਿਖੇ ਗੀਤ ਨੂੰ ਰਾਸ਼ਟਰਗਾਣ ਸਵੀਕਾਰ ਕੀਤਾ।

ਹੁਣ ਗੁਰੂਦੇਵ ਰਬਿੰਦਰਨਾਥ ਟੈਗੌਰ ਵਲੋਂ ਰਚਿਤ ਭਾਰਤੀ ਰਾਸ਼ਟਰਗਾਣ ਸੰਸਕ੍ਰਿਤ ਭਾਸ਼ਾ ਨਾਲ ਸਜਿਆ ਹੈ, ਜਿਸ ਦੀਆਂ ਜੜ੍ਹਾਂ ਵੈਦਿਕ ਕਾਲ ਖੰਡ ਤੋਂ ਵਿਸ਼ਵ ਦੀ ਇਸ ਜ਼ਮੀਨ ਨਾਲ ਜੁੜੀਆਂ ਹਨ ਪਰ ਪਾਕਿਸਤਾਨ ਵਲੋਂ ਮਨਜ਼ੂਰਸ਼ੁਦਾ ਫ਼ਾਰਸੀ ਰਾਸ਼ਟਰਗਾਣ ਉਸ ਚਿੰਤਨ ਦਾ ਅਸਲ ਰੂਪ ਹੈ, ਜੋ ਖੰਡਿਤ ਭਾਰਤ ਦੀ ਸਨਾਤਨ ਅਤੇ ਬਹੁਲਤਾਵਾਦੀ ਸੰਸਕ੍ਰਿਤੀ ਤੋਂ ਵੱਖਰੀ ਪਛਾਣ ਬਣਾਉਣ ਲਈ ਕੋਸ਼ਿਸ਼ ਕਰ ਰਿਹਾ ਹੈ, ਜਿਸ ਦੀ ਕੋਸ਼ਿਸ਼ 7ਵੀਂ ਸਦੀ ਤੋਂ ‘ਗਜ਼ਵਾ-ਏ-ਹਿੰਦ’ ਦੇ ਨਾਂ ’ਤੇ ਕੀਤਾ ਜਾ ਰਿਹਾ ਹੈ।

ਮੇਰਾ ਮੰਨਣਾ ਹੈ ਕਿ ਭਾਰਤੀ ਉਪ-ਮਹਾਦੀਪ ਵਿਚ ਅੱਜ ਜਿੰਨੇ ਵੀ ਮੁਸਲਮਾਨ ਹਨ, ਉਨ੍ਹਾਂ ’ਚੋਂ 90 ਫੀਸਦੀ ਤੋਂ ਵੱਧ ਮੁਸਲਮਾਨਾਂ ਦੇ ਪੂਰਵਜ ਹਿੰਦੂ, ਜੈਨ, ਸਿੱਖ, ਬੁੱਧ ਧਰਮ ਨੂੰ ਮੰਨਣ ਵਾਲੇ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਨੇ ਤਲਵਾਰ ਦੇ ਡਰੋਂ ਇਸਲਾਮ ਨੂੰ ਅਪਣਾਇਆ ਅਤੇ ਫਿਰ ਸਮੇਂ ਦੇ ਨਾਲ ‘ਕਾਫਿਰ-ਕੁਫਰ’ ਦਰਸ਼ਨ ਵਾਲੇ ਮਨੁੱਖਤਾ ਵਿਰੋਧੀ ਚਿੰਤਨ ਨੇ ਧਰਮ ਤਬਦੀਲ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀਆਂ ਮੂਲ ਸੰਸਕ੍ਰਿਤਕ ਜੜ੍ਹਾਂ ਅਤੇ ਵਿਰਾਸਤ ਨਾਲੋਂ ਕੱਟ ਦਿੱਤਾ। ਸਾਲ 1947 ਤੋਂ ਬਾਅਦ ਬਣੇ ਪਾਕਿਸਤਾਨ ਵਿਚ ਬਣੀਆਂ ਇਮਾਰਤਾਂ ਜਿਵੇਂ ਲਾਹੌਰ ਸਥਿਤ ਮੀਨਾਰ-ਏ-ਪਾਕਿਸਤਾਨ, ਗ੍ਰੈਂਡ ਜਾਮੀਆ ਮਸਜਿਦ, ਇਸਲਾਮਾਬਾਦ ਦੀ ਫੈਜ਼ਲ ਮਸਜਿਦ, ਮਜਲਿਸ-ਏ-ਸ਼ੂਰਾ (ਸੰਸਦ), ਸੁਪਰੀਮ ਕੋਰਟ ਆਦਿ ਦੀ ਵਾਸਤੂਕਲਾ ’ਚ ਕਿਤੇ ਵੀ ਨਾ ਸਿਰਫ ਭਾਰਤੀ ਸੰਸਕ੍ਰਿਤੀ, ਸਗੋਂ ਮੁਗਲਕਾਲ ਦੇ ਤਾਜ ਮਹੱਲ, ਲਾਲ ਕਿਲੇ ਵਰਗੀ ਬਨਾਵਟ ਦੀ ਵੀ ਕੋਈ ਝਲਕ ਨਹੀਂ ਹੈ। ਸਾਰਿਆਂ ’ਤੇ ਅਰਬ ਅਤੇ ਮੱਧ ਪੂਰਬੀ ਦੇਸ਼ਾਂ ਦਾ ਅਸਰ ਜ਼ਿਆਦਾ ਹੈ।

ਇਹੋ ਕਾਰਣ ਹੈ ਕਿ ਬੀਤੇ ਸਮੇਂ ਵਿਚ ਪਾਕਿਸਤਾਨ ਸਥਿਤ ਸੈਂਕੜਿਆਂ ਦੀ ਗਿਣਤੀ ਵਿਚ ਮੰਦਰਾਂ, ਮੱਠਾਂ ਅਤੇ ਗੁਰਦੁਆਰਿਆਂ ਨੂੰ ਤੋੜ ਦਿੱਤਾ ਗਿਆ ਜਾਂ ਫਿਰ ਜੋ ਹੁਣ ਵੀ ਉਥੇ ਮੌਜੂਦ ਹਨ, ਉਹ ਖਸਤਾਹਾਲ ਵਿਚ ਹਨ। ਪ੍ਰਾਚੀਨ ਕਟਾਸਰਾਜ ਮੰਦਰ ਇਸ ਦੀ ਜਿਊਂਦੀ ਮਿਸਾਲ ਹੈ। ਲਾਹੌਰ ਸਥਿਤ ਲੱਗਭਗ 50 ਪੁਰਾਤਨ ਮੰਦਰਾਂ ਦੀ ਹੋਂਦ ਤਕ ਮਿਟਾਈ ਜਾ ਚੁੱਕੀ ਹੈ, ਓਧਰ ਰੀਅਲ ਅਸਟੇਟ ਦੇ ਲਾਲਚ ਅਤੇ ਗੈਰ-ਮੁਸਲਮਾਨਾਂ ਪ੍ਰਤੀ ਫੈਲੀ ਨਫਰਤ ਦੇ ਕਾਰਣ ਹਿੰਦੂਆਂ ਅਤੇ ਸਿੱਖਾਂ ਦੀ ਸ਼ਮਸ਼ਾਨ ਭੂਮੀ ਤਕ ਨੂੰ ਨਿਗਲ ਲਿਆ ਗਿਆ ਹੈ।

ਪਾਕਿਸਤਾਨ ਬਾਬਰ, ਗਜ਼ਨਵੀ, ਗੌਰੀ, ਖਿਲਜ਼ੀ, ਔਰੰਗਜ਼ੇਬ ਅਤੇ ਟੀਪੂ ਸੁਲਤਾਨ ਵਰਗੇ ਉਨ੍ਹਾਂ ਜ਼ਾਲਿਮ ਇਸਲਾਮੀ ਸ਼ਾਸਕਾਂ ਨੂੰ ਨਾਇਕ ਮੰਨਦਾ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਸਨਾਤਨ ਭਾਰਤ ਅਤੇ ਉਸ ਦੀ ਸੰਸਕ੍ਰਿਤੀ ਨੂੰ ਕਾਫਿਰ ਦੱਸ ਕੇ ਉਸ ਵਿਰੁੱਧ ਜੇਹਾਦ ਕੀਤਾ ਸੀ। ਇਸ ਲਈ ਕੋਈ ਹੈਰਾਨੀ ਨਹੀਂ ਕਿ ਪਾਕਿਸਤਾਨ ਦੇ ਹਥਿਆਰ (ਮਿਜ਼ਾਈਲਾਂ ਸਮੇਤ) ਇਨ੍ਹਾਂ ਹਮਲਾਵਰਾਂ ਦੇ ਨਾਵਾਂ ’ਤੇ ਰੱਖੇ ਗਏ ਹਨ। ਹੁਣ ਸਦੀਆਂ ਪੁਰਾਣੀ ਉਸੇ ਅਧੂਰੇ ‘ਗਜ਼ਵਾ-ਏ-ਹਿੰਦ’ ਮਜ਼੍ਹਬੀ ਮੁਹਿੰਮ ਨੂੰ ਪੂਰਾ ਕਰਨ ਲਈ ਅੱਜ ਚੁਣੇ ਹੋਏ ਵਿਅਕਤੀਆਂ ਦਾ ਗਰੁੱਪ ਜਾਂ ਕੋਈ ਅੱਤਵਾਦੀ ਸੰਗਠਨ ਹੀ ਨਹੀਂ, ਨਾਲ ਹੀ ਇਕ ਪੂਰਾ ਇਸਲਾਮੀ ਦੇਸ਼ (ਪਾਕਿਸਤਾਨ)-ਭਾਰਤ ਵਿਰੁੱਧ ਜੇਹਾਦ ਦੀ ਹਾਲਤ ਵਿਚ ਹੈ। 27 ਸਤੰਬਰ ਨੂੂੰ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਭਾਸ਼ਣ ਇਸ ਦਾ ਸਾਫ ਸਬੂਤ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ, ‘‘ਜੇ ਕੋਈ ਦੇਸ਼ ਆਪਣੇ ਗੁਆਂਢੀ ਤੋਂ 7 ਗੁਣਾ ਛੋਟਾ ਹੋਵੇ ਅਤੇ ਉਸਦੇ ਸਾਹਮਣੇ ਸਵਾਲ ਹੋਵੇ ਕਿ ਉਹ ਜਾਂ ਤਾਂ ਆਤਮ-ਸਮਰਪਣ ਕਰ ਦੇਵੇ ਜਾਂ ਫਿਰ ਆਖਰੀ ਸਾਹ ਤਕ ਲੜੇ। ਮੈਂ ਖ਼ੁਦ ਤੋਂ ਵੀ ਇਹ ਸਵਾਲ ਪੁੱਛਦਾ ਹਾਂ...ਅਤੇ ਮੇਰਾ ਭਰੋਸਾ ਹੈ ਕਿ ਲਾ ਇਲਾਹਾ ਇਲ ਲੱਲਾਹ (ਅੱਲ੍ਹਾ ਨੂੰ ਛੱਡ ਕੇ ਕੋਈ ਭਗਵਾਨ ਨਹੀਂ)...ਮੈਂ ਲੜਾਂਗਾ।’’

ਇਸ ਪਿੱਠਭੂਮੀ ’ਚ ਕੁਝ ਆਪੇ ਬਣੇ ਸੈਕੁਲਰਿਸਟ ਬੁੱਧੀਜੀਵੀਆਂ (ਜ਼ਿਆਦਾਤਰ ਖੱਬੇਪੱਖੀ ਵਿਚਾਰਕਾਂ) ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਲੀਡਰਸ਼ਿਪ ਦੀਆਂ ਨੀਤੀਆਂ ਕਾਰਣ ਦੋਹਾਂ ਦੇਸ਼ਾਂ ਦੇ ਸਬੰਧ ਖਰਾਬ ਹਨ। ਕੀ 2014 ਤੋਂ ਪਹਿਲਾਂ ਦੋਹਾਂ ਦੇਸ਼ਾਂ ਵਿਚਾਲੇ ਹਾਲਾਤ ਕਦੇ ਤਣਾਅਪੂਰਨ ਨਹੀਂ ਰਹੇ? ਜੇ ਇਸ ਤਰਕ ਨੂੰ ਆਧਾਰ ਵੀ ਬਣਾਇਆ ਜਾਵੇ ਤਾਂ ਕੀ 1947, 1965, 1971 ਅਤੇ 1999 ਦੀਆਂ ਸਿੱਧੀਆਂ ਜੰਗਾਂ ਤੋਂ ਇਲਾਵਾ 1980 ਦੇ ਦਹਾਕੇ ਵਿਚ ਪੰਜਾਬ ’ਚ ਵੱਖਵਾਦ ਨੂੰ ਹੱਲਾਸ਼ੇਰੀ ਦੇਣ, ਕਸ਼ਮੀਰ ’ਚ ਆਏ ਦਿਨ ਹੁੰਦੇ ਅੱਤਵਾਦੀ ਹਮਲਿਆਂ, 2001 ਦਾ ਸੰਸਦ ’ਤੇ ਹਮਲਾ ਅਤੇ 2008 ਦਾ 26/11 ਵਰਗੇ ਜੇਹਾਦੀ ਘਟਨਾਕ੍ਰਮ ਲਈ ਕੀ ਤੱਤਕਾਲੀ ਭਾਰਤੀ ਲੀਡਰਸ਼ਿਪ ਅਤੇ ਉਸ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ? ਸੱਚ ਇਹ ਹੈ ਕਿ ਪਾਕਿਸਤਾਨ ਦਾ ਡੀ. ਐੱਨ. ਏ. ਹੀ ਅਜਿਹਾ ਹੈ, ਜੋ ਉਸ ਨੂੰ ਗੈਰ-ਇਸਲਾਮੀ ਭਾਰਤ ਦੇ ਨਾਲ ਸ਼ਾਂਤੀ ਨਾਲ ਨਹੀਂ ਰਹਿਣ ਦਿੰਦਾ ਹੈ।

(punjbalbir@gmail.com)ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

This news is Edited By Bharat Thapa