ਭਾਰਤ ਹੱਥ ’ਤੇ ਹੱਥ ਧਰ ਕੇ ਕਿਉਂ ਬੈਠਾ ਹੈ?

09/19/2021 3:52:51 AM

ਡਾ. ਵੇਦਪ੍ਰਤਾਪ ਵੈਦਿਕ 
ਸ਼ੰਘਾਈ ਸਹਿਯੋਗ ਸੰਗਠਨ ਦੀ ਸਿਖਰ ਸੰਮੇਲਨ ਬੈਠਕ ’ਚ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਅਫਗਾਨਿਸਤਾਨ ’ਤੇ ਆਪਣਾ ਮੂੰਹ ਖੋਲ੍ਹਿਆ। ਉਨ੍ਹਾਂ ਨੂੰ ਵਧਾਈ, ਉਨ੍ਹਾਂ ਦੇ ਜਨਮਦਿਨ ਦੀ! ਿਪਛਲੇ ਡੇਢ-ਦੋ ਮਹੀਨੇ ਤੋਂ ਇੰਝ ਲੱਗ ਰਿਹਾ ਸੀ ਕਿ ਭਾਰਤ ਦੀ ਵਿਦੇਸ਼ ਨੀਤੀ ਨਾਲ ਸਾਡੇ ਪ੍ਰਧਾਨ ਮੰਤਰੀ ਦਾ ਕੁਝ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਨੇ ਵਿਦੇਸ਼ ਨੀਤੀ ਬਣਾਉਣ ਅਤੇ ਚਲਾਉਣ ਦਾ ਸਾਰਾ ਠੇਕਾ ਨੌਕਰਸ਼ਾਹਾਂ ਨੂੰ ਦੇ ਦਿੱਤਾ ਹੈ ਪਰ ਹੁਣ ਉਹ ਬੋਲੇ ਅਤੇ ਚੰਗਾ ਬੋਲੇ। ਉਨ੍ਹਾਂ ਨੇ ਅਫਗਾਨਿਸਤਾਨ ’ਚ ਸਰਵ-ਸਮਾਵੇਸ਼ੀ ਸਰਕਾਰ ਅਤੇ ਅੱਤਵਾਦ-ਮੁਕਤੀ ਦੀ ਗੱਲ ’ਤੇ ਜ਼ੋਰ ਦਿੱਤਾ, ਜੋ ਬਿਲਕੁਲ ਠੀਕ ਸੀ ਪਰ ਉਸ ’ਚ ਨਵਾਂ ਕੀ ਸੀ? ਉਹ ਤਾਂ ਸੁਰੱਖਿਆ ਪ੍ਰੀਸ਼ਦ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਬੈਠਕ ’ਚ ਸਾਰੇ ਰਾਸ਼ਟਰ ਕਈ ਵਾਰ ਮਤਾ ਪਾਸ ਕਰ ਚੁੱਕੇ ਹਨ। ਸਭ ਤੋਂ ਵੱਧ ਅਫਸੋਸਨਾਕ ਗੱਲ ਇਹ ਹੋਈ ਕਿ ਇਸ ਸ਼ੰਘਾਈ ਸੰਗਠਨ ਦੀ ਬੈਠਕ ’ਚ ਹਿੱਸਾ ਲੈਣ ਵਾਲੇ ਰਾਸ਼ਟਰਾਂ ’ਚੋਂ ਚੀਨ, ਰੂਸ, ਪਾਕਿਸਤਾਨ ਅਤੇ ਈਰਾਨ ਨੇ ਆਪਣੀ ਇਕ ਵੱਖਰੀ ਬੈਠਕ ਕੀਤੀ। ਇਨ੍ਹਾਂ ਚਾਰਾਂ ਰਾਸ਼ਟਰਾਂ ਨੇ ਭਾਰਤ ਨੂੰ ਪੁੱਛਿਆ ਤੱਕ ਨਹੀਂ।

ਭਾਰਤ ਨੂੰ ਅਛੂਤ ਮੰਨ ਕੇ ਇਨ੍ਹਾਂ ਰਾਸ਼ਟਰਾਂ ਨੇ ਉਸ ਨੂੰ ਵੱਖਰਾ ਬਿਠਾਈ ਰੱਖਿਆ। ਉਹ ਇਹ ਦੱਸਣ ਕਿ ਭਾਰਤ ਦੀ ਗਲਤੀ ਕੀ ਹੈ? ਭਾਰਤ ਨੇ ਅੱਜ ਤੱਕ ਹਮੇਸ਼ਾ ਅਫਗਾਨਿਸਤਾਨ ਦਾ ਭਲਾ ਹੀ ਕੀਤਾ ਹੈ। ਉਸ ਨੇ ਕਦੀ ਆਪਣਾ ਕੋਈ ਸਵਾਰਥ ਸਿੱਧ ਨਹੀਂ ਕੀਤਾ। ਅਫਗਾਨਿਸਤਾਨ ਦੀ ਆਮ ਜਨਤਾ ’ਚ ਭਾਰਤ ਲਈ ਜੋ ਸ਼ਲਾਘਾ ਦਾ ਭਾਵ ਹੈ, ਉਹ ਦੁਨੀਆ ਦੇ ਕਿਸੇ ਰਾਸ਼ਟਰ ਲਈ ਨਹੀਂ ਹੈ। ਅੱਜ ਸਮੇਂ ਦੀ ਮਾਰ ਦੇ ਮਾਰੇ ਅਫਗਾਨਿਸਤਾਨ ਦੀ ਜਿਹੋ ਜਿਹੀ ਮਦਦ ਭਾਰਤ ਕਰ ਸਕਦਾ ਹੈ, ਦੁਨੀਆ ਦਾ ਕੋਈ ਰਾਸ਼ਟਰ ਨਹੀਂ ਕਰ ਸਕਦਾ ਹੈ।

ਪਰ ਮੈਨੂੰ ਜਾਪਦਾ ਹੈ ਕਿ ਸਾਰੇ ਗੁਆਂਢੀ ਰਾਸ਼ਟਰਾਂ ਦੇ ਦਿਲਾਂ ’ਚ ਇਹ ਗੱਲ ਘਰ ਕਰ ਗਈ ਹੈ ਕਿ ਭਾਰਤ ਸਰਕਾਰ ਦੀ ਕੋਈ ਅਫਗਾਨ ਨੀਤੀ ਨਹੀਂ ਹੈ। ਉਹ ਅਮਰੀਕਾ ਦਾ ਪਿਛਲੱਗੂ ਬਣ ਗਿਆ ਹੈ। ਇਸ ਧਾਰਨਾ ਨੂੰ ਗਲਤ ਸਾਬਤ ਕਰਦੇ ਹੋਏ ਸਾਡੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਡੇ ਫੌਜ ਮੁਖੀ ਬਿਪਿਨ ਰਾਵਤ ਦੇ ਚੀਨ-ਵਿਰੋਧੀ ਬਿਆਨ ਨਾਲ ਵੀ ਅਸਹਿਮਤ ਹਨ ਅਤੇ ਭਾਰਤ ਕਿਸੇ ਤੀਸਰੇ ਦੇਸ਼ (ਅਮਰੀਕਾ) ਦੇ ਕਾਰਨ ਚੀਨ ਨਾਲ ਭਾਰਤ ਦੇ ਆਪਸੀ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਹੋਣ ਦੇਵੇਗਾ।

ਇਹ ਤਾਂ ਬਹੁਤ ਚੰਗਾ ਹੈ ਪਰ ਅਫਗਾਨਿਸਤਾਨ ਦੇ ਮੁੱਦੇ ’ਤੇ ਵੀ ਅਸੀਂ ਇਹ ਗੱਲ ਕਿਉਂ ਨਹੀਂ ਲਾਗੂ ਕਰ ਰਹੇ ਹਾਂ। ਨਰਿੰਦਰ ਮੋਦੀ ਦਾ ਇਹ ਕਹਿਣਾ ਠੀਕ ਹੈ ਕਿ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ’ਚ ਕਾਹਲੀ ਨਾ ਕੀਤੀ ਜਾਵੇ ਪਰ ਅਫਗਾਨ ਜਨਤਾ ਦੀ ਮਦਦ ’ਚ ਕੁਤਾਹੀ ਵੀ ਨਾ ਕੀਤੀ ਜਾਵੇ। ਤਾਲਿਬਾਨ ਨਾਲ ਸੰਪਰਕ ਕੀਤੇ ਬਿਨਾਂ ਇਸ ਨੀਤੀ ’ਤੇ ਅਸੀਂ ਅਮਲ ਕਿਵੇਂ ਕਰਾਂਗੇ? ਹੁਣ ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੇ ਚੀਨ ਨੂੰ ਘੇਰਨ ਲਈ ਜੰਗੀ ਸਮਝੌਤਾ, ਨਾਟੋ ਵਾਂਗ ਕਰ ਲਿਆ ਹੈ ਪਰ ਅਮਰੀਕਾ ਦਾ ਸਾਰਾ ਜ਼ੋਰ ਚੀਨ ਵਿਰੁੱਧ ਲੱਗ ਰਿਹਾ ਹੈ।

ਉਸ ਨੂੰ ਦੱਖਣੀ ਅਤੇ ਮੱਧ ਏਸ਼ੀਆ ਦੀ ਕੋਈ ਚਿੰਤਾ ਨਹੀਂ ਹੈ, ਜੋ ਭਾਰਤ ਦਾ ਸਦੀਆਂ ਤੋਂ ਪੁਰਾਣਾ ਪਰਿਵਾਰ (ਆਰੀਆਵਰਤ) ਹੈ। ਅਮਰੀਕਾ ਨਾਲ ਭਾਰਤ ਦੇ ਸਬੰਧ ਬੜੇ ਵਧੀਆ ਰਹਿਣ, ਇਹ ਮੈਂ ਚਾਹੁੰਦਾ ਹਾਂ ਪਰ ਅਸੀਂ ਆਪਣੇ ਰਾਸ਼ਟਰਹਿੱਤ ਨੂੰ ਵੀ ਦੇਖਣਾ ਹੈ ਜਾਂ ਨਹੀਂ? ਜੇਕਰ ਚੀਨ, ਪਾਕਿਸਤਾਨ, ਰੂਸ ਅਤੇ ਈਰਾਨ ਵਰਗੇ ਰਾਸ਼ਟਰ ਤਾਲਿਬਾਨ ਦੀ ਮੌਜੂਦਾ ਸਰਕਾਰ ਤੋਂ ਖਤਰਾ ਮਹਿਸੂਸ ਕਰ ਰਹੇ ਹਨ ਅਤੇ ਉਸ ਨਾਲ ਨਜਿੱਠਣ ਦਾ ਪ੍ਰਬੰਧ ਕਰ ਰਹੇ ਹਨ ਤਾਂ ਅਸੀਂ ਹੱਥ ’ਤੇ ਹੱਥ ਧਰ ਕੇ ਕਿਉਂ ਬੈਠੇ ਹੋਏ ਹਾਂ?


Bharat Thapa

Content Editor

Related News